9.9 C
New York

ਵਿਸ਼ਵ ਵਿਆਪੀ ਫ਼ਿਜ਼ਾ ’ਚ ਹੁਣ ਵੀ ਗੂੰਜਦਾ ਨਾਂਅ ਸਿੱਧੂ ਮੂਸੇਵਾਲੇ ਦਾ!

Published:

Rate this post

ਆਮ ਤੌਰ ਉੱਤੇ ਜਹਾਨੋਂ ਤੁਰ ਗਏ ਲੋਕਾਂ ਨੂੰ ਉਨਾਂ ਦੀ ਬਰਸੀ ਮੌਕੇ ਜਾਂ ਜਨਮਦਿਨ ਮੌਕੇ ਚੇਤੇ ਕੀਤਾ ਜਾਂਦਾ ਹੈ ਪਰ ਸਿੱਧੂ ਮੂਸੇਵਾਲਾ ਨੂੰ ਉਸ ਦਾ ਪਰਿਵਾਰ ਅਤੇ ਉਸ ਦੇ ਪ੍ਰਸ਼ੰਸਕ ਹਰੇਕ ਦਿਨ, ਹਰੇਕ ਪਲ ਚੇਤੇ ਕਰਦੇ ਹਨ। ਮਾਤਾ ਚਰਨ ਕੌਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇੱਕ ਮਾਂ, ਜਿਸ ਨੇ ਸਫਲਤਾ ਦੀ ਟੀਸੀ ਉੱਤੇ ਪਹੁੰਚਾ ਗੱਭਰੂ ਜਵਾਨ ਪੁੱਤ ਗੁਆ ਦਿੱਤਾ ਉਹ ਕਿਵੇਂ ਹਰੇਕ ਦਿਨ, ਹਰੇਕ ਘੰਟੇ, ਹਰੇਕ ਮਿੰਟ ਅਤੇ ਹਰੇਕ ਸਕਿੰਟ ਉਸ ਦਰਦਨਾਕ ਪੀੜ ਵਿੱਚੋਂ ਹੁਣ ਵੀ ਲੰਘ ਰਹੀ ਹੈ। ਬਾਪੂ ਬਲਕੌਰ ਸਿੰਘ ਵੀ ਇਸੇ ਅਵਸਥਾ ਵਿੱਚੋਂ ਲੰਘ ਰਹੇ ਲਗਦੇ ਹਨ ਅਤੇ ਨਾਲ ਹੀ ਮੂਸੇਵਾਲਾ ਦੇ ਪ੍ਰਸ਼ੰਸਕ ਵੀ। ਉਸ ਨੂੰ ਦੁਨੀਆਂ ਤੋਂ ਗਏ ਨੂੰ ਦੋ ਸਾਲ ਹੋਣ ਵਾਲੇ ਹਨ ਪਰ ਹੁਣ ਵੀ ਉਸ ਦੀ ਇੰਨੀ ਚਰਚਾ ਹੁੰਦੀ ਹੈ ਜਿੰਨੀ ਜੀਵਤ ਅਤੇ ਸਰੀਰਕ ਤੌਰ ਉੱਤੇ ਮੌਜੂਦ ਕਈ ਮਸ਼ਹੂਰ ਹਸਤੀਆਂ ਦੀ ਵੀ ਸ਼ਾਇਦ ਨਹੀਂ ਹੁੰਦੀ ਹੋਵੇਗੀ।
ਮੂਸੇਵਾਲਾ ਦਾ ਨਾਂਅ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਇੱਕ ਵਿਸ਼ਵ ਵਿਆਪੀ ਫਿਜ਼ਾ ਵਾਂਗ ਇਸ ਸਮੁੱਚੇ ਸੌਰ ਮੰਡਲ ਵਿੱਚ ਹੁਣ ਵੀ ਗੂੰਜਦਾ ਵਿਖਾਈ ਦਿੰਦਾ ਹੈ। ਸ਼ਾਇਦ ਇਸੇ ਕਰਕੇ ਮਰਹੂਮ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਅਕਸਰ ਇਸ ਪੰਕਤੀ ਨੂੰ ਗਾਇਆ ਕਰਦਾ ਸੀ ….‘ਅਜੇ ਮੁੱਕਿਆ ਨਹੀਂ’। ਵਾਕਈ ਸਿੱਧੂ ਮੂਸੇਵਾਲਾ ਸਰੀਰਕ ਤੌਰ ਉੱਤੇ ਇਸ ਦੁਨੀਆ ਉੱਤੇ ਨਾ ਹੋਣ ਦੇ ਬਾਵਜੂਦ ਹਾਲੇ ਵੀ ਮੁੱਕਿਆ ਨਹੀਂ ਅਤੇ ਉਸ ਦੀ ਚਰਚਾ ਅਤੇ ਉਸ ਦੀ ਹੋਂਦ ਹੁਣ ਵੀ ਵੱਡੇ ਪੱਧਰ ਉੱਤੇ ਮਹਿਸੂਸ ਹੁੰਦੀ ਹੈ। ਇਹਨਾਂ ਦੋ ਸਾਲਾਂ ਦੇ ਵਕਫੇ ਦੌਰਾਨ ਉਸ ਤੇ ਕਈ ਗੀਤ ਜਾਰੀ ਹੋਏ ਹਨ ਅਤੇ ਇਨਾਂ ਗੀਤਾਂ ਨੂੰ ਇਨੀ ਮਕਬੂਲੀਅਤ ਹਾਸਿਲ ਹੋਈ ਕਿ ਨਵੇਂ ਰਿਕਾਰਡ ਬਣਦੇ ਗਏ। ਮੂਸੇਵਾਲਾ ਦੇ ਸਰੀਰਕ ਤੌਰ ਉੱਤੇ ਮੌਜੂਦ ਹੁੰਦਿਆਂ ਜਿੰਨੇ ਰਿਕਾਰਡ ਬਣਦੇ ਸਨ ਉਸ ਤੋਂ ਵੀ ਜ਼ਿਆਦਾ ਹੁਣ ਬਣਦੇ ਹੋਏ ਨਜ਼ਰ ਆਉਂਦੇ ਹਨ। ਜਦੋਂ ਜਦੋਂ ਵੀ ਉਸ ਦਾ ਕੋਈ ਨਵਾਂ ਗੀਤ ਆਇਆ, ਸੁਣਦਿਆਂ ਸਾਰ ਪ੍ਰਸ਼ੰਸਕਾਂ ਨੂੰ ਇੰਝ ਲੱਗਿਆ ਜਿਵੇਂ ਉਨਾਂ ਦਾ ਹਰਮਨ ਪਿਆਰਾ ਗਾਇਕ ਉਹਨਾਂ ਦੇ ਵਿੱਚ ਹੀ ਮੌਜੂਦ ਹੈ ਅਤੇ ਇਸ ਤੋਂ ਵੀ ਅਗਲਾ ਗਾਣਾ ਲਿਖਣ ਲਈ ਅਤੇ ਗਾਉਣ ਲਈ ਤਿਆਰ ਲਗਦਾ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ਉੱਤੇ ਕਈ ਲੋਕਾਂ ਨੂੰ ਇਤਰਾਜ਼ ਹੋ ਸਕਦੇ ਹਨ, ਕਈਆਂ ਨੂੰ ਉਸ ਵੱਲੋਂ ਵਰਤੇ ਗਏ ਅਲਫਾਜ਼ ਅਤੇ ਅੰਦਾਜ਼ ਉੱਤੇ ਵੀ ਇਤਰਾਜ਼ ਹੋ ਸਕਦੇ ਹਨ, ਪਰ ਹਰ ਕੋਈ ਇਸ ਗੱਲ ਉੱਤੇ ਕਾਫੀ ਸਹਿਮਤ ਨਜ਼ਰ ਆਇਆ ਕਿ ਇਸ ਗਾਇਕ ਦੇ ਵਿੱਚ ਕੋਈ ਗੱਲ ਤਾਂ ਸੀ ਜਿਹੜਾ ਉਸ ਦਾ ਹਰ ਗੀਤ ਇੰਨਾ ਚਰਚਿਤ ਹੋਇਆ, ਉਸਦੇ ਹਰ ਬੋਲ ਦੀ ਇੰਨੀ ਚਰਚਾ ਹੋਈ ਕਿਉਂਕਿ ਆਮ ਤੌਰ ਉੱਤੇ ਹਰੇਕ ਗਾਇਕ ਦਾ ਕੋਈ ਗੀਤ ਚੱਲਦਾ ਹੈ ਅਤੇ ਕੋਈ ਗੀਤ ਨਹੀਂ ਵੀ ਚੱਲਦਾ ਪਰ ਸਿੱਧੂ ਮੂਸੇਵਾਲਾ ਸ਼ਾਇਦ ਇਕਲੌਤਾ ਅਜਿਹਾ ਗਾਇਕ ਸੀ ਜਿਸ ਦਾ ਹਰ ਇਕ ਗੀਤ ਅਤੇ ਉਸ ਦਾ ਹਰ ਅੰਦਾਜ਼ ਵੀ ਹਿੱਟ ਹੀ ਮੰਨਿਆ ਗਿਆ।
ਸਿੱਧੂ ਮੂਸੇਵਾਲਾ ਜਿਸ ਦਾ ਮੁਕੰਮਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਸੀ, ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਹੋਇਆ। ਚੜ੍ਹਦੀ ਉਮਰ ਵਿੱਚ ਹੀ ਆਪਣੀ ਦਮਦਾਰ ਆਵਾਜ਼ ਅਤੇ ਅੰਦਾਜ਼ ਸਦਕਾ ਸਿੱਧੂ ਮੂਸੇਵਾਲਾ ਸਟੇਜ ਤੋਂ ਸਟੇਜ ਤੱਕ ਆਪਣੀ ਗਾਇਕੀ ਨਾਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਸੀ। ਜਾਣਕਾਰੀ ਮਿਲਦੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। ਮੂਸੇਵਾਲਾ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਵੀ ਗੀਤ ਗਾ ਕੇ ਤਾੜੀਆਂ ਅਤੇ ਸ਼ਾਬਾਸ਼ੀ ਪ੍ਰਾਪਤ ਕਰਦਾ ਸੀ। ਆਪਣੀ ਗਾਇਕੀ ਦੇ ਦਮ ’ਤੇ ‘ਟਿੱਬਿਆਂ ਦੇ ਪੁੱਤ’ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਦਾ ਨਾਂਅ ਵੀ ਦੁਨੀਆਂ ਭਰ ’ਚ ਮਸ਼ਹੂਰ ਕੀਤਾ। ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੀਤ ਲਿਖ ਕੇ ਕੀਤੀ ਸੀ, ਪਰ ਉਸ ਦਾ ਸਫ਼ਰ ਹੌਲੀ-ਹੌਲੀ ਉਸ ਨੂੰ ਗਾਇਕੀ ਤੋਂ ਸਿਆਸਤ ਵੱਲ ਲੈ ਗਿਆ ਸੀ। ਭਾਵੇਂ ਬਚਪਨ ਤੋਂ ਹੀ ਗਾਇਕੀ ਵੱਲ ਖਿੱਚੇ ਜਾਣ ਵਾਲੇ ਨੌਜਵਾਨ ਨੂੰ ਜਦੋਂ ਸ਼ੁਰੂ ਵਿੱਚ ਉਸ ਨੂੰ ਕੋਈ ਰਾਹ ਨਾ ਦਿਸਿਆ ਤਾਂ ਉਸ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਪਹਿਲਾ ਗੀਤ ‘ਲਾਈਸੈਂਸ’ ਲਿਖਿਆ, ਜਿਸ ਨੂੰ ਮਸ਼ਹੂਰ ਗਾਇਕ ਨਿੰਜਾ ਨੇ ਆਪਣੀ ਆਵਾਜ਼ ਦਿੱਤੀ। ਇਹ ਗੀਤ ਇੰਨਾ ਮਕਬੂਲ ਹੋਇਆ ਸੀ ਕਿ ਇਸ ਨੇ ਸਿੱਧੂ ਮੂਸੇਵਾਲਾ ਨੂੰ ਲੇਖਕ ਵਜੋਂ ਵੀ ਚੰਗੀ ਪਛਾਣ ਦਿੱਤੀ। ਇਸ ਤੋਂ ਬਾਅਦ ਉਹ ਵੱਡੇ ਮਿਊਜ਼ਿਕ ਡਾਇਰੈਕਟਰਾਂ ਅਤੇ ਗਾਇਕਾਂ ਨਾਲ ਗੱਲਬਾਤ ਕਰਨ ਲੱਗਾ ਅਤੇ ਹੌਲੀ-ਹੌਲੀ ਸੰਗੀਤ ਜਗਤ ਉਸ ਨਾਲ ਗੱਲਬਾਤ ਕਰਨ ਦੇ ਰਾਹ ਲੱਭਣ ਲੱਗਿਆ।
ਇੱਕ ਸਮਾਂ ਓਹ ਵੀ ਆਇਆ ਜਦੋਂ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਮੂਸੇਵਾਲਾ ਵੀ ਕੈਨੇਡਾ ਚਲਾ ਗਿਆ, ਪਰ ਓਥੇ ਵੀ ਓਸ ਦੀ ਜੀਵਨ ਰੇਖਾ ਗਾਇਕੀ ਨਾਲ ਜੁੜੀ ਰਹੀ ਅਤੇ ਉਹ ਇੱਕ ਸੰਗੀਤ ਨਿਰਦੇਸ਼ਕ ਦੇ ਸੰਪਰਕ ਵਿੱਚ ਆਇਆ ਅਤੇ ਉਸ ਨਾਲ ਚੰਗੀ ਜਾਣ-ਪਛਾਣ ਹੋ ਗਈ। ਸਾਲ 2017 ’ਚ ‘ਸੋ ਹਾਈ’ ਸਿਰਲੇਖ ਵਾਲਾ ਗੀਤ ਆਇਆ ਹਾਲਾਂਕਿ ਇਸ ਤੋਂ ਪਹਿਲਾਂ ਸਿੱਧੂ ਇੱਕ-ਦੋ ਗੀਤ ਗਾ ਚੁੱਕੇ ਸਨ ਪਰ ਇਸ ਗੀਤ ਨੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਬਾਅਦ ਸਿੱਧੂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਗਲੇ ਸਾਲ, 2018 ਵਿੱਚ ਉਸ ਦੀ ਐਲਬਮ ‘ਪੀ ਬੀ ਐਕਸ ਵਨ’ ਰਿਲੀਜ਼ ਕੀਤੀ ਗਈ, ਜੋ ਬਹੁਤ ਹਿੱਟ ਰਹੀ। ਇਸ ਐਲਬਮ ਨੂੰ ਕਈ ਐਵਾਰਡ ਵੀ ਮਿਲੇ ਸਨ। ਸਿੱਧੂ ਮੂਸੇਵਾਲਾ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕੀਤਾ।
ਥੋੜੇ ਜਿਹੇ ਸਮੇਂ ਵਿੱਚ ਇਸ ਨੌਜਵਾਨ ਗਾਇਕ ਨੇ ਸੰਗੀਤ ਦੀ ਏਸ ਵੱਡ ਅਕਾਰੀ ਦੁਨੀਆਂ ’ਚ ਇੱਕ ਵਿਸ਼ੇਸ਼ ਥਾਂ ਬਣਾਈ। ਸਮੇਂ ਦੇ ਨਾਲ-ਨਾਲ ਉਸ ਨੇ ਆਪਣੇ ਆਲੋਚਕਾਂ ਨੂੰ ਵੀ ਆਪਣੇ ਨਾਲ ਤੋਰਨਾ ਸ਼ੁਰੂ ਕਰ ਲਿਆ ਸੀ। ਉਸ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਦਸਤਾਰ ਨੂੰ ਇੱਕ ਨਵੀਂ ਪਛਾਣ ਵੀ ਦੁਆਈ ਅਤੇ ਉਸ ਨੇ ਆਪਣੇ ਦਸਤਾਰ ਵਾਲੇ ਸਰੂਪ ਨੂੰ ਸਫਲਤਾ ਦੀ ਸ਼ੋਹਰਤ ਉੱਤੇ ਨਾ ਸਿਰਫ ਬਰਕਰਾਰ ਰੱਖਿਆ ਬਲਕਿ ਨੌਜਵਾਨਾਂ ਨੂੰ ਵੀ ਦਸਤਾਰ ਬੰਨਣ ਵੱਲ ਪ੍ਰੇਰਿਤ ਕੀਤਾ। ਭਾਵੇਂ ਉਸ ਦੀ ਗਾਇਨ ਸ਼ੈਲੀ ਪੱਛਮੀ ਅੰਦਾਜ਼ ਵਾਲੀ ‘ਰੈਪਰ’ ਸ਼ੈਲੀ ਵੀ ਨਾਲ ਲੈ ਕੇ ਚੱਲਦੀ ਸੀ, ਪਰ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਵੀ ਉਸ ਨੇ ਖੂਬ ਪ੍ਰਫੁੱਲਤ ਕੀਤਾ। ਅੰਤਰ-ਰਾਸ਼ਟਰੀ ਪੱਧਰ ਉੱਤੇ ਜਾਣੇ ਪਛਾਣੇ ਕਲਾਕਾਰਾਂ ਦੇ ਨਾਲ ਗਾਉਣਾ ਅਤੇ ਅੰਤਰ-ਰਾਸ਼ਟਰੀ ਪੱਧਰ ਦੀ ਦਰਜਾਬੰਦੀ ਵਿੱਚ ਆਪਣੇ ਗੀਤਾਂ ਨੂੰ ਉੱਪਰਲੇ ਮੁਕਾਮ ਤੱਕ ਲੈ ਕੇ ਜਾਣਾ ਵੀ ਸਿੱਧੂ ਮੂਸੇਵਾਲਾ ਦੇ ਹਿੱਸੇ ਹੀ ਆਇਆ। ਉਸ ਦੇ ਨਾਲ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਜੁੜੇ ਅਤੇ ਕਈ ਵਾਰ ਵਿਰੋਧ ਵੀ ਹੋਏ, ਪਰ ਹਰੇਕ ਵਾਰ ਉਸ ਨੇ ਠਰੰਮੇ ਨਾਲ ਇਹਨਾਂ ਚੀਜ਼ਾਂ ਦਾ ਸਾਹਮਣਾ ਕੀਤਾ। ਕਲਾਕਾਰਾਂ ਦੇ ਕਲੇਸ਼ ਦੀਆਂ ਖਬਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਸੁਣਾਈ ਦਿੰਦੀਆਂ ਨੇ ਪਰ ਮੂਸੇਵਾਲਾ ਨੇ ਕਦੀ ਵੀ ਇਹੋ ਜਿਹਾ ਕੋਈ ਕਲੇਸ਼ ਭਰਪੂਰ ਵਾਕਿਆਤ ਖੜਾ ਨਹੀਂ ਸੀ ਹੋਣ ਦਿੱਤਾ।
ਮੂਸੇਵਾਲਾ ਦੇ ਚਲੇ ਜਾਣ ਉਪਰੰਤ ਜੋ ਗਾਣੇ ਰਿਲੀਜ਼ ਹੋਏ ਉਹਨਾਂ ਨੇ ਇਸ ਨੌਜਵਾਨ ਗਾਇਕ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਵੀ ਉਜਾਗਰ ਕੀਤਾ। ‘ਐੱਸ. ਵਾਈ. ਐੱਲ’ ਅਤੇ ‘ਵਾਰ’ ਵਰਗੇ ਜੋ ਗੀਤ ਜਾਰੀ ਹੋਏ ਉਨ੍ਹਾਂ ਨੇ ਇਹ ਗੱਲ ਵੀ ਸਾਹਮਣੇ ਲਿਆਂਦੀ ਕਿ ਇਸ ਗਾਇਕ ਦੇ ਮਨ ਵਿੱਚ ਆਪਣੇ ਸੂਬੇ ਪੰਜਾਬ ਅਤੇ ਸਿੱਖ ਇਤਿਹਾਸ ਪ੍ਰਤੀ ਵੀ ਕਿੰਨੀ ਲਗਨ ਸੀ। ਕੌਣ ਜਾਣਦਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਸਿੱਧੂ ਮੂਸੇਵਾਲੇ ਨੇ ਪੰਜਾਬ ਅਤੇ ਸਿੱਖੀ ਲਈ ਵੀ ਕਿੰਨੇ ਗੀਤ ਤਿਆਰ ਕੀਤੇ ਹੋਣਗੇ ਜਾਂ ਇਸ ਬੰਨੇ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਹੋਣਗੀਆਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਦੇ ਲਿਖੇ ਹੋਏ ਅਤੇ ਤਿਆਰ ਕੀਤੇ ਹੋਏ ਗੀਤਾਂ ਦਾ ਇੱਕ ਵੱਡਾ ਖਰੜਾ ਉਹਨਾਂ ਵਿਸ਼ਿਆਂ ਨੂੰ ਛੰੂਹਦਾ ਹੈ ਜਿਨਾਂ ਬਾਰੇ ਪੰਜਾਬ ਦੇ ਲੋਕੀਂ ਸੁਣਨਾ ਵੀ ਚਾਹੁੰਦੇ ਹਨ ਅਤੇ ਉਨਾਂ ਦੇ ਜੀਵਨ ਨਾਲ ਵੀ ਸਰੋਕਾਰ ਵੀ ਰੱਖਦੇ ਹਨ। ਅਫਸੋਸ ਇਸ ਗੱਲ ਦਾ ਹੈ ਕਿ ਮੂਸੇਵਾਲਾ ਦੇ ਜਿਉਂਦਿਆਂ ਜੀਅ ਇਹ ਗੀਤ ਨਹੀਂ ਆ ਸਕੇ, ਪਰ ਨਾਲ ਹੀ ਆਸ ਇਸ ਗੱਲ ਦੀ ਵੀ ਹੈ ਕਿ ਇੱਕ ਨਾ ਇੱਕ ਦਿਨ ਇਹ ਸਾਰੇ ਗੀਤ ਪ੍ਰਸ਼ੰਸਕਾਂ ਦੇ ਮੂਹਰੇ ਜ਼ਰੂਰ ਆਉਣਗੇ।
ਸਿੱਧੂ ਮੂਸੇਵਾਲਾ ਸਬੰਧੀ ਇਹ ਗੱਲ ਵੀ ਖਾਸ ਧਿਆਨ ਦੇਣ ਵਾਲੀ ਹੁਣ ਤੱਕ ਸਾਬਤ ਹੁੰਦੀ ਹੈ ਕਿ ਸਫਲਤਾ ਦੇ ਵਿਸ਼ਵ ਪੱਧਰੀ ਮੁਕਾਮ ਉੱਤੇ ਪਹੁੰਚ ਜਾਣ ਦੇ ਬਾਵਜੂਦ ਉਸ ਦਾ ਆਪਣੇ ਮਾਤਾ ਪਿਤਾ ਦੇ ਨਾਲ ਖਾਸ ਲਗਾਅ ਰਿਹਾ। ਉਸ ਦੀ ਉਮਰ ਦੇ ਨੌਜਵਾਨ ਜਿੱਥੇ ਸਫਲਤਾ ਉਪਰੰਤ ਆਪਣੇ ਯਾਰਾਂ ਦੋਸਤਾਂ ਦੇ ਨਾਲ ਵਧੇਰੇ ਨਜ਼ਰ ਆਉਂਦੇ ਹਨ ਉੱਥੇ ਹੀ ਸਿੱਧੂ ਮੂਸੇਵਾਲਾ ਹਮੇਸ਼ਾ ਇੱਕ ਪਰਿਵਾਰਕ ਇਨਸਾਨ ਵਜੋਂ ਵਿਚਰਿਆ ਜਿਸ ਨੇ ਆਪਣੇ ਮਾਤਾ ਪਿਤਾ ਨੂੰ ਹਮੇਸ਼ਾ ਸਭ ਤੋਂ ਪਹਿਲਾਂ ਪੇਸ਼ ਕੀਤਾ ਅਤੇ ਇੱਕ ਲਾਇਕ ਪੁੱਤਰ ਵਜੋਂ ਬਣਦਾ ਮਾਣ ਸਤਿਕਾਰ ਦਿੱਤਾ। ਆਪਣੇ ਗੀਤ ਵਿੱਚ ਜਿੱਥੇ ਉਸ ਨੇ ਆਪਣੇ ਆਪ ਨੂੰ ਬਿਲਕੁਲ ਆਪਣੀ ‘ਮਾਂ ਵਰਗਾ’ ਦੱਸਿਆ ਉੱਥੇ ਹੀ ਬੇਸ਼ੁਮਾਰ ਤਸਵੀਰਾਂ ਵਿੱਚ ਸਿੱਧੂ ਮੂਸੇਵਾਲਾ ਆਪਣੇ ਪਿਤਾ ਦੇ ਨਾਲ ਇੱਕ ਮੋਹ ਭਰੇ ਅੰਦਾਜ਼ ਵਿੱਚ ਹਮੇਸ਼ਾ ਨਜ਼ਰ ਆਇਆ। ਸਿੱਧੂ ਮੂਸੇਵਾਲਾ ਨੂੰ ਆਪਣਾ ਆਦਰਸ਼ ਮੰਨਣ ਵਾਲੀ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਇੱਕ ਵੱਡਾ ਹਿੱਸਾ ਇਹਨਾਂ ਗੱਲਾਂ ਤੋਂ ਪ੍ਰੇਰਨਾ ਲੈਂਦਾ ਵਿਖਾਈ ਦਿੰਦਾ ਸੀ ਉੱਥੇ ਹੀ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੰਜਾਬੀ ਪੀੜ੍ਹੀ ਜੋ ਉਥੋਂ ਦੇ ਜੀਵਨ ਸੱਭਿਆਚਾਰ ਮੁਤਾਬਕ ਮਾਤਾ ਪਿਤਾ ਤੋਂ ਅੱਡ ਆਪਣਾ ਆਜ਼ਾਦ ਰਹਿਣ ਦਾ ਸੋਚਦੀ ਸੀ ਉਹ ਵੀ ਸਿੱਧੂ ਮੂਸੇਵਾਲਾ ਜ਼ਰੀਏ ਆਪਣੇ ਮਾਤਾ ਪਿਤਾ ਦੀ ਅਹਿਮੀਅਤ ਨੂੰ ਪਛਾਣਨ ਲੱਗੇ ਸਨ ਅਤੇ ਇਸ ਤਰ੍ਹਾਂ ਮੂਸੇਵਾਲਾ ਨੇ ਇਸ ਰੁਝਾਨ ਨੂੰ ਵੀ ਇੱਕ ਸਹੀ ਦਿਸ਼ਾ ਵਿੱਚ ਗੇੜਾ ਦੇ ਦਿੱਤਾ ਸੀ।
ਹੁਣ ਜਦ ਸਿੱਧੂ ਮੂਸੇਵਾਲੇ ਦੇ ਘਰ ਇੱਕ ਨਵੇਂ ਜੀਅ ਦੀ ਆਮਦ ਹੋਈ ਹੈ ਅਤੇ ਬਾਲਕ ਨੇ ਜਨਮ ਲਿਆ ਹੈ ਤਾਂ ਮੂਸੇਵਾਲੇ ਦੇ ਮਾਤਾ ਪਿਤਾ ਨੇ ਉਸ ਨੂੰ ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਕਰਾਰ ਦਿੱਤਾ ਹੈ ਅਤੇ ਇਸ ਸਦਕਾ ਇੱਕ ਵਾਰ ਫਿਰ ਦੁਨੀਆ ਉੱਤੇ ਮੂਸੇਵਾਲਾ ਦੀ ਚਰਚਾ ਨਵੇਂ ਸਿਰਿਓਂ ਅਤੇ ਪਹਿਲਾਂ ਨਾਲੋਂ ਵੀ ਵੱਧ ਹੋਣ ਲੱਗੀ ਹੈ। ਬੇਸ਼ੱਕ ਸਿੱਧੂ ਮੂਸੇਵਾਲਾ ਵਰਗਾ ਕਿਰਦਾਰ ਅਤੇ ਗਾਇਕੀ ਦੀ ਕਲਾ ਦਾ ਬਦਲ ਲੱਭਣਾ ਨਾਮੁਮਕਿਨ ਜਿਹਾ ਕੰਮ ਲੱਗਦਾ ਹੈ ਅਤੇ ਨਾ ਹੀ ਉਸ ਵਾਂਗ ਨੌਜਵਾਨ ਵਰਗ ਦੇ ਦਿਲਾਂ ਵਿੱਚ ਥਾਂ ਬਣਾਉਣ ਦੀ ਜਾਦੂਈ ਕਲਾ ਸਹਿਜੇ ਹੀ ਕਿਤੇ ਹੋਰ ਲੱਭੇਗੀ ਪਰ ਇੱਕ ਆਸ ਜਰੂਰ ਬਣਦੀ ਹੈ, ਉਸ ਦੇ ਮਾਤਾ ਪਿਤਾ ਨੂੰ ਜੀਵਨ ਦਾ ਪੈਂਡਾ ਕੁੱਝ ਸੁਖਾਲਾ ਕਰਨ ਦਾ ਸਹਾਰਾ ਮਿਲਿਆ ਹੈ ਅਤੇ ਸਿੱਧੂ ਪਰਿਵਾਰ ਦੇ ਗ੍ਰਹਿ ਵਿਖੇ ਪੁੱਤਰ ਦੀ ਚਹਿਲ ਪਹਿਲ ਨੇ ਸਮੁੱਚੇ ਮਾਹੌਲ ਨੂੰ ਇੱਕ ਨਵਾਂ ਰੂਪ ਜ਼ਰੂਰ ਦਿੱਤਾ ਹੈ ਜਿਸ ਦਾ ਅਸਰ ਸਿਰਫ ਉਹੀ ਮਹਿਸੂਸ ਕਰ ਸਕਦੇ ਹਨ। ਇੰਜ ਲੱਗਦਾ ਹੈ ਜਿਵੇਂ ਮੂਸੇਵਾਲਾ ਦੇ ਬੋਲ ਸਹੀ ਜਾਪਦੇ ਨੇ ਕਿ ‘ਅਜੇ ਮੁੱਕਿਆ ਨਹੀਂ…’ !
-ਪੰਜਾਬ ਪੋਸਟ

Read News Paper

Related articles

spot_img

Recent articles

spot_img