5.7 C
New York

ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਸਮਾਪਤੀ ਉੱਤੇ ਜਾਰੀ ਹੋਏ ਐਗਜ਼ਿੱਟ ਪੋਲ : ਭਾਜਪਾ ਨੂੰ ਬਹੁਮਤ ਦੀ ਹੋਈ ਭਵਿੱਖਬਾਣੀ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦਾ ਮਤਦਾਨ ਸਮਾਪਤ ਹੋਣ ਤੋਂ ਬਾਅਦ ਆਏ ਕਈ ਐਗਜ਼ਿਟ ਪੋਲ ਭਾਵ ਚੋਣਾਂ ਤੋਂ ਬਾਅਦ ਦੇ ਜਾਰੀ ਹੋਏ ਸਰਵੇਖਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਨੂੰ ਭਾਰੀ ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਇਨ੍ਹਾਂ ਐਗਜ਼ਿਟ ਪੋਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਐਗਜ਼ਿਟ ਪੋਲ ਮੁਤਾਬਕ ਸੱਤਾਧਾਰੀ ਗੱਠਜੋੜ ਐੱਨ ਡੀ ਏ ਇਸ ਵਾਰ ਤਾਮਿਲਨਾਡੂ ਅਤੇ ਕੇਰਲ ਵਿੱਚ ਖਾਤਾ ਖੋਲ੍ਹ ਸਕਦਾ ਹੈ ਅਤੇ ਕਰਨਾਟਕ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ, ਪਰ ਬਿਹਾਰ, ਰਾਜਸਥਾਨ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਇਸ ਦੀਆਂ ਸੀਟਾਂ ਦੀ ਗਿਣਤੀ ਘਟ ਸਕਦੀ ਹੈ।
‘ਏ ਬੀ ਪੀ-ਸੀ ਵੋਟਰ’ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਨੂੰ 353 ਤੋਂ 383 ਤੱਕ ਸੀਟਾਂ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 152 ਤੋਂ 182 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ‘ਟੂਡੇਜ਼ ਚਾਣਕਿਆ’ ਨੇ ਭਾਜਪਾ ਨੂੰ 335 ਸੀਟਾਂ ਅਤੇ ਐੱਨ ਡੀ ਏ ਨੂੰ 400 ਸੀਟਾਂ ਦਿੱਤੀਆਂ ਹਨ। ਇਸ ਗਿਣਤੀ ਵਿੱਚ 15 ਸੀਟਾਂ ਘਟਣ ਜਾਂ ਵਧਣ ਦੀ ਗੱਲ ਵੀ ਆਖੀ ਗਈ ਹੈ। ਇਸ ਤੋਂ ਇਲਾਵਾ ‘ਇੰਡੀਆ’ ਗੱਠਜੋੜ ਨੂੰ 107 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਇਹ ਗਿਣਤੀ 11 ਸੀਟਾਂ ਤੱਕ ਉੱਪਰ-ਥੱਲੇ ਹੋ ਸਕਦੀ ਹੈ। ਰਿਪਬਲਿਕ ਟੀਵੀ-ਪੀ ਮਾਰਕ ਦੇ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਸਭਾ ਦੀਆਂ ਕੁੱਲ 543 ਸੀਟਾਂ ’ਚੋਂ ਸੱਤਾਧਾਰੀ ਗੱਠਜੋੜ ਐੱਨ ਡੀ ਏ 359 ਸੀਟਾਂ ’ਤੇ ਜਿੱਤ ਹਾਸਲ ਕਰੇਗਾ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ 154 ਸੀਟਾਂ ਮਿਲਣਗੀਆਂ। ਰਿਪਬਲਿਕ ਟੀਵੀ-ਮੈਟਿ੍ਰਜ਼ ਦੇ ਐਗਜ਼ਿਟ ਪੋਲ ਵਿੱਚ ਐੱਨ ਡੀ ਏ ਨੂੰ 353-368 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 118-133 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ‘ਜਨ ਕੀ ਬਾਤ’ ਦੇ ਸਰਵੇਖਣ ਵਿੱਚ ਐੱਨ ਡੀ ਏ ਨੂੰ 362-392 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 141-161 ਸੀਟਾਂ ਦਿੱਤੀਆਂ ਗਈਆਂ ਹਨ। ਇੰਡੀਆ ਟੀਵੀ-ਸੀ ਐੱਨ ਐਕਸ ਨੇ ਆਪਣੇ ਅਨੁਮਾਨ ਵਿੱਚ ਐੱਨ ਡੀ ਏ ਨੂੰ 371-401 ਅਤੇ ‘ਇੰਡੀਆ’ ਗੱਠਜੋੜ ਨੂੰ 109-139 ਸੀਟਾਂ ਦਿੱਤੀਆਂ ਹਨ ਹਾਲਾਂਕਿ, ‘ਨਿਊਜ਼ ਨੇਸ਼ਨ’ ਵੱਲੋਂ ਅਨੁਮਾਨ ਲਾਇਆ ਗਿਆ ਹੈ ਕਿ ਐੱਨ ਡੀ ਏ ਨੂੰ 342-378 ਅਤੇ ‘ਇੰਡੀਆ’ ਗੱਠਜੋੜ ਨੂੰ 153-169 ਸੀਟਾਂ ਮਿਲ ਸਕਦੀਆਂ ਹਨ। ਸਾਲ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਐੱਨ ਡੀ ਏ ਦੀਆਂ ਸੀਟਾਂ ਦੀ ਗਿਣਤੀ 353 ਸੀ। ਕਾਂਗਰਸ ਨੂੰ 53 ਸੀਟਾਂ ਅਤੇ ਉਸ ਦੇ ਸਹਿਯੋਗੀਆਂ ਨੂੰ 38 ਸੀਟਾਂ ਮਿਲੀਆਂ ਸਨ। ਨਾਲ ਦੀ ਨਾਲ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਇਹ ਅੰਕੜੇ ਮਹਿਜ਼ ਇੱਕ ਸਰਵੇਖਣ ਦੇ ਅਧਾਰ ਉੱਤੇ ਤਿਆਰ ਕੀਤੇ ਜਾਂਦੇ ਹਨ ਜਦਕਿ ਅਸਲ ਨਤੀਜੇ ਇਸ ਤੋਂ ਅੱਗੇ ਪਿੱਛੇ ਵੀ ਹੋ ਸਕਦੇ ਹਨ ਜੋ ਆਉਂਦੀ 4 ਜੂਨ ਨੂੰ ਐਲਾਨੇ ਜਾਣਗੇ।

Read News Paper

Related articles

spot_img

Recent articles

spot_img