ਚੰਡੀਗੜ੍ਹ/ਪੰਜਾਬ ਪੋਸਟ
ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਤਹਿਤ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ 57 ਸੀਟਾਂ ’ਤੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਬੀਤੀ ਸ਼ਾਮ ਨੂੰ ਬੰਦ ਹੋ ਗਿਆ ਹੈ। ਇਸ ਅੰਤਿਮ ਗੇੜ ਤਹਿਤ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ ਅੱਠ, ਉੜੀਸਾ ਦੀਆਂ ਛੇ ਅਤੇ ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਨੇ। ਇਸ ਤੋਂ ਇਲਾਵਾ ਚੰਡੀਗੜ੍ਹ ਲੋਕ ਸਭਾ ਸੀਟ ’ਤੇ ਵੀ 1 ਜੂਨ ਨੂੰ ਹੀ ਵੋਟਾਂ ਪੈਣੀਆਂ ਨੇ। ਇਸ ਤਰ੍ਹਾਂ, ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਹੋ ਰਹੀ ਗਹਿਮਾ-ਗਹਿਮੀ ਰੁਕ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ਦੇ ਅਖੀਰਲੇ ਪਲ ਤੱਕ ਸਿਆਸੀ ਪਾਰਟੀਆਂ ਦਾ ਦਿਨ ਭਰ ਪੂਰਾ ਜ਼ੋਰ ਵੋਟਰਾਂ ਨੂੰ ਲੁਭਾਉਣ ਵਿੱਚ ਲੱਗਾ ਰਿਹਾ ਅਤੇ ਅਖੀਰਲੇ ਦਿਨ ਹਰੇਕ ਸੀਟ ਉੱਤੇ ਹਰੇਕ ਪਾਰਟੀ ਨੇ ਪੂਰਾ ਜ਼ੋਰ ਲਾਇਆ। ਇਸ ਉਪਰੰਤ ਹੁਣ ਕੋਈ ਵੀ ਸਿਆਸੀ ਪਾਰਟੀ ਰੈਲੀ, ਜਲਸਾ, ਲਾਊਡ ਸਪੀਕਰ, ਪ੍ਰਚਾਰ ਵਾਹਨ ਅਤੇ ਹੋਰ ਪ੍ਰਚਾਰ ਤਰੀਕਿਆਂ ਦੀ ਵਰਤੋਂ ਨਹੀਂ ਕਰ ਸਕੇਗੀ। ਸਿਆਸੀ ਆਗੂ ਸਿਰਫ਼ 4 ਲੋਕਾਂ ਨੂੰ ਨਾਲ ਲੈ ਕੇ ਡੋਰ-ਟੂ-ਡੋਰ ਪ੍ਰਚਾਰ ਕਰ ਸਕਣਗੇ। ਪ੍ਰਸ਼ਾਸਨ ਨੇ ਵੀ ਚੋਣ ਜ਼ਾਬਤੇ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਕਮਰ ਕੱਸ ਲਈ ਹੈ ਅਤੇ ਵੋਟਿੰਗ ਨੂੰ ਲੈ ਕੇ ਵੋਟਾਂ ਦੀ ਗਿਣਤੀ ਤੱਕ ਕਈ ਪਾਬੰਦੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਤਰੀਕੇ ਨਾਲ ਮੁਕੰਮਲ ਹੋ ਸਕੇ। ਇਸ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਬਣਦੀ ਸਖ਼ਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਪੰਜਾਬ ਚੋਣ ਕਮਿਸ਼ਨ ਵੱਲੋਂ ਵੋਟਾਂ ਪ੍ਰਤੀ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਲਈ ਸਨੈਪਚੈਟ ਦੇ ਵਿਸ਼ੇਸ਼ ਫਿਲਟਰ ਵੀ ਜਾਰੀ ਕੀਤੇ ਗਏ ਹਨ।
ਚੋਣ ਪ੍ਰਚਾਰ ਬੰਦ ਹੋਣ ਉਪਰੰਤ ਵੋਟ ਪ੍ਰਕਿਰਿਆ ਲਈ ਪੰਜਾਬ ਚੋਣ ਕਮਿਸ਼ਨ ਦੀਆਂ ਤਿਆਰੀਆਂ
Published: