ਪੈਰਿਸ/ਲੰਦਨ/ਪੰਜਾਬ ਪੋਸਟ
ਖੇਡਾਂ ਦੇ ਮਹਾਂਕੁੰਭ ਪੈਰਿਸ ਓਲੰਪਿਕ ਖੇਡਾਂ 2024 ਦੇ ਉਦਘਾਟਨੀ ਸਮਾਗਮ ਤੋਂ ਕੁੱਝ ਘੰਟੇ ਪਹਿਲਾਂ ਇੱਕ ਵੱਡਾ ਘਟਨਾਕ੍ਰਮ ਇਹ ਵੇਖਿਆ ਗਿਆ ਹੈ ਕਿ ਇੰਗਲੈਂਡ ਲੰਡਨ ਤੋਂ ਫਰਾਂਸ ਦੇ ਪੈਰਿਸ ਅਤੇ ਹੋਰ ਥਾਵਾਂ ’ਤੇ ਜਾਣ ਵਾਲੀ ਹਾਈ-ਸਪੀਡ ਰੇਲ ਗੱਡੀ ਦੀਆਂ ਪਟੜੀਆਂ ਨੂੰ ਤਿੰਨ ਥਾਈਂ ਪੁੱਟ ਦਿੱਤਾ ਗਿਆ ਹੈ। ਇਸ ਕਾਰਨ ਅੱਜ ਦੇ ਦਿਨ ਇਸ ਬਹੁਤ ਹੀ ਰੁਝੇਵਿਆਂ ਭਰੇ ਰੂਟ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਦਕਿ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕੰਮ ਕਿਸ ਨੇ ਕੀਤਾ ਅਤੇ ਕਿਓਂ ਕੀਤਾ ਹੈ। ਟਰਾਂਸਪੋਰਟ ਮੰਤਰੀ ਪੈਟਰਿਸ ਵੇਰਗਰੀਟ ਅਨੁਸਾਰ ਅਜਿਹੀਆਂ ਘਟਨਾਵਾਂ ਕਾਰਨ ਪੈਰਿਸ ਨੂੰ ਬਾਕੀ ਫਰਾਂਸ ਅਤੇ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਕਈ ਹਾਈ-ਸਪੀਡ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਫਰਾਂਸ ਵਿਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਗਟਾਇਆ ਅਤੇ ਅੱਗਾਂ ਲਾਈਆਂ। ਸਰਕਾਰੀ ਅਧਿਕਾਰੀਆਂ ਨੇ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਓਲੰਪਿਕ ਨਾਲ ਸਿੱਧੇ ਸਬੰਧ ਦੇ ਕੋਈ ਫੌਰੀ ਸੰਕੇਤ ਨਹੀਂ ਮਿਲੇ ਹਨ। ਤਾਜ਼ਾ ਜਾਣਕਾਰੀ ਮੁਤਾਬਕ, ਲੰਡਨ ਦੇ ਸੇਂਟ ਪੈਨਕ੍ਰਾਸ ਸਟੇਸ਼ਨ ’ਤੇ ਵੱਡੀ ਗਿਣਤੀ ਯਾਤਰੀਆਂ ਦੀ ਭੀੜ ਹੈ ਅਤੇ ਇਸ ਰੂਟ ’ਤੇ ਜਾਣ ਵਾਲੀ ਰੇਲ ਗੱਡੀ ਯੂਰੋਸਟਾਰ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਓੁਲੰਪਿਕ ਸਮਾਗਮ ਤੋਂ ਐਨ ਪਹਿਲਾਂ ਹੋਇਆ ਇੱਕ ਵੱਡਾ ਘਟਨਾਕ੍ਰਮ; ਲੰਡਨ-ਪੈਰਿਸ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ ਗਈਆਂ
Published: