9.9 C
New York

ਬਰਸੀ ’ਤੇ ਵਿਸ਼ੇਸ਼: ਮਹਾਰਾਜਾ ਰਣਜੀਤ ਸਿੰਘ ਨਹੀਂ ਕਿਸੇ ਨੇ ਬਣ ਜਾਣਾ

Published:

Rate this post

ਪੰਜਾਬ, ਦੇਸ਼ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਜਦੋਂ ਵੀ ਮਹਾਨ ਅਤੇ ਮਿਸਾਲੀ ਰਾਜਿਆਂ ਅਤੇ ਸ਼ਾਸਕਾਂ ਦੀ ਗੱਲ ਹੋਵੇਗੀ ਤਾਂ ਉਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਜ਼ਰੂਰ ਆਵੇਗਾ। ਦੁਨੀਆਂ ਦੇ ਨਕਸ਼ੇ ਉੱਤੇ ਪੰਜਾਬ ਨੂੰ ਆਪਣੇ ਸ਼ਾਸਨਕਾਲ ਦੌਰਾਨ ਇੱਕ ਮਜ਼ਬੂਤ ਸ਼ਕਤੀ ਵਜੋਂ ਉਭਾਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਹਿਲੀ ਜੰਗ 10 ਸਾਲ ਦੀ ਉਮਰ ’ਚ ਲੜੀ ਅਤੇ 12 ਸਾਲ ਦੀ ਉਮਰ ’ਚ ਗੱਦੀ ਸੰਭਾਲੀ। ਮਹਿਜ਼ 18 ਸਾਲ ਦੀ ਉਮਰ ਵਿਚ ਉਨਾਂ ਲਾਹੌਰ ਫਤਿਹ ਕਰ ਲਿਆ ਗਿਆ ਸੀ ਅਤੇ ਆਪਣੇ 40 ਸਾਲਾਂ ਦੇ ਰਾਜ ਦੌਰਾਨ, ਉਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਮੰਨੇ ਜਾਂਦੇ ਅੰਗਰੇਜ਼ਾਂ ਨੂੰ ਵੀ ਆਪਣੇ ਸਾਮਰਾਜ ’ਤੇ ਵੀ ਹਮਲਾ ਨਹੀਂ ਸੀ ਕਰਨ ਦਿੱਤਾ। ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨਕਾਲ ਅਤੇ ਉਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਜਿਹੜੀਆਂ ਅੱਜ ਵੀ ਕਈ ਸਦੀਆਂ ਬਾਅਦ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ, ਪੰਜਾਬ (ਮੌਜੂਦਾ ਸਮੇਂ ਦੇ ਪਾਕਿਸਤਾਨ) ਵਿੱਚ ਪਿਤਾ ਮਹਾਂ ਸਿੰਘ ਅਤੇ ਮਾਤਾ ਰਾਜ ਕੌਰ ਦੇ ਪਰਿਵਾਰ ਵਿੱਚ ਹੋਇਆ ਸੀ ਹਾਲਾਂਕਿ ਇਤਿਹਾਸਕਾਰਾਂ ਵਿੱਚ ਜਨਮ ਦੀ ਤਰੀਕ ਅਤੇ ਸਥਾਨ ਨੂੰ ਲੈ ਕੇ ਕੁੱਝ ਮਤਭੇਦ ਵੀ ਮਿਲਦੇ ਹਨ। ਅਜਿਹੇ ਵੀ ਹਵਾਲੇ ਮਿਲਦੇ ਹਨ ਕਿ ਪੈਦਾ ਹੋਣ ਸਮੇਂ ਉਨਾਂ ਦਾ ਨਾਂਅ ਬੁੱਧ ਸਿੰਘ ਰੱਖਿਆ ਗਿਆ ਸੀ। ਜਦੋਂ ਬੱਚੇ ਦੇ ਪੈਦਾ ਹੋਣ ਦੀ ਖ਼ਬਰ ਉਨਾਂ ਦੇ ਪਿਤਾ ਮਹਾਂ ਸਿੰਘ ਨੂੰ ਗੁਜਰਾਂਵਾਲੇ ਪਹੁੰਚਾਈ ਗਈ ਤਾਂ ਉਹ ਉਸ ਸਮੇਂ ਆਪਣੇ ਘੋੜ-ਸੁਆਰਾਂ ਨਾਲ ਜਿਹਲਮ ਦਰਿਆ ਦੇ ਆਸਪਾਸ ਕਾਬਜ਼ ਚੱਠਿਆਂ ਦੇ ਖ਼ਿਲਾਫ਼ ਮੁਹਿੰਮ ’ਤੇ ਸਨ। ਦੋਹਾਂ ਸਰਦਾਰਾਂ ਵਿੱਚ ਜੰਮੂ ’ਤੇ ਕਾਬਜ਼ ਹੋਣ ਲਈ ਕਈ ਵਾਰੀ ਜ਼ੋਰਦਾਰ ਝੜਪਾਂ ਹੋ ਚੁੱਕੀਆਂ ਸਨ। ਮਹਾਂ ਸਿੰਘ ਨੂੰ ਆਪਣਾ ਉੱਜਲਾ ਭਵਿੱਖ ਨਜ਼ਰ ਆ ਰਿਹਾ ਸੀ, ਇਸ ਲਈ ਉਨਾਂ ਨੇ ਬਾਲਕ ਦੇ ਜਨਮ ਦੀ ਖ਼ਬਰ ਮਿਲਦਿਆਂ ਹੀ ਕਿਹਾ ਕਿ ਸ਼ਹਿਜ਼ਾਦੇ ਦਾ ਨਾਂਅ ਬੁੱਧ ਸਿੰਘ ਦੀ ਬਜਾਏ ਰਣਜੀਤ ਸਿੰਘ ਰੱਖਿਆ ਜਾਵੇ। ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਵਿੱਚ ਚੇਚਕ ਦੇ ਕਾਰਨ ਇੱਕ ਅੱਖ ਦੀ ਨਜ਼ਰ ਗੁਆ ਬੈਠੇ ਸਨ। ਜਦੋਂ ਉਹ 12 ਸਾਲਾਂ ਦੇ ਸਨ ਤਾਂ ਉਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਰਾਜ ਦਾ ਸਾਰਾ ਬੋਝ ਉਨ੍ਹਾਂ ਦੇ ਮੋਢਿਆਂ ਉੱਤੇ ਆ ਗਿਆ ਸੀ। ਉਸ ਸਮੇਂ ਪੰਜਾਬ ਪ੍ਰਸ਼ਾਸਨਿਕ ਤੌਰ ’ਤੇ ਟੁਕੜਿਆਂ ਵਿੱਚ ਵੰਡਿਆ ਹੋਇਆ ਸੀ। ਇਨਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ਅਤੇ ਇਨ੍ਹਾਂ ਮਿਸਲਾਂ ਉੱਤੇ ਸਿੱਖ ਸਰਦਾਰ ਰਾਜ ਕਰਦੇ ਸਨ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁਕਰਚਕੀਆ ਮਿਸਲ ਦੇ ਕਮਾਂਡਰ ਸਨ, ਜਿਸ ਦਾ ਮੁੱਖ ਦਫਤਰ ਗੁਜਰਾਂਵਾਲਾ ਵਿਖੇ ਸਥਿਤ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਹੋਰ ਮਿਸਲਾਂ ਦੇ ਆਗੂਆਂ ਨੂੰ ਹਰਾ ਕੇ ਆਪਣੀ ਫੌਜੀ ਮੁਹਿੰਮ ਸ਼ੁਰੂ ਕੀਤੀ। 7 ਜੁਲਾਈ 1799 ਨੂੰ ਉਨ੍ਹਾਂ ਨੇ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਚੇਤ ਸਿੰਘ ਦੀ ਫ਼ੌਜ ਨੂੰ ਹਰਾ ਕੇ ਲਾਹੌਰ ’ਤੇ ਕਬਜ਼ਾ ਕਰ ਲਿਆ, ਜਦੋਂ ਉਹ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੂੰ ਤੋਪਾਂ ਦੀ ਸ਼ਾਹੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਉਂਦੇ ਕੁਝ ਦਹਾਕਿਆਂ ਵਿੱਚ ਇੱਕ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਕੀਤਾ। ਇਸ ਤੋਂ ਬਾਅਦ 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ਼ 20 ਸਾਲ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ। ਇਸ ਤੋਂ ਬਾਅਦ, ਸੰਨ 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅੰਮਿ੍ਰਤਸਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਅਤੇ 1807 ਵਿੱਚ ਉਨ੍ਹਾਂ ਨੇ ਅਫਗਾਨ ਸ਼ਾਸਕ ਕੁਤੁਬੁੱਦੀਨ ਨੂੰ ਹਰਾ ਕੇ ਕਸੂਰ ਦੇ ਖੇਤਰ ’ਤੇ ਕਬਜ਼ਾ ਕਰ ਲਿਆ ਜੋ ਓਸ ਵੇਲੇ ਦੇਸ਼ ਦੇ ਇਤਿਹਾਸ ਵਿੱਚ ਇੱਕ ਵੱਡੀ ਜਿੱਤ ਮੰਨੀ ਗਈ ਸੀ। ਰਣਜੀਤ ਸਿੰਘ ਨੇ ਆਪਣੀ ਫੌਜ ਨਾਲ ਹਮਲਾ ਕਰਕੇ ਸੰਨ 1818 ਵਿੱਚ ਮੁਲਤਾਨ ਅਤੇ 1819 ਵਿੱਚ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਤਰ੍ਹਾਂ ਇਹ ਖੇਤਰ ਵੀ ਸਿੱਖ ਰਾਜ ਦਾ ਹਿੱਸਾ ਬਣ ਗਏ। ਮਹਾਰਾਜਾ ਰਣਜੀਤ ਨੇ ਅਫਗਾਨਾਂ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਉਨ੍ਹਾਂ ਨੂੰ ਪੱਛਮੀ ਪੰਜਾਬ ਵੱਲ ਭਜਾ ਦਿੱਤਾ। ਹੁਣ ਉਨ੍ਹਾਂ ਦਾ ਪਿਸ਼ਾਵਰ ਸਮੇਤ ਪਸ਼ਤੂਨ ਇਲਾਕੇ ’ਤੇ ਵੀ ਕਬਜ਼ਾ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗੈਰ-ਮੁਸਲਿਮ ਨੇ ਪਸ਼ਤੂਨਾਂ ਦੇ ਖੇਤਰ ’ਤੇ ਰਾਜ ਕੀਤਾ। ਅਫ਼ਗਾਨਾਂ ਅਤੇ ਸਿੱਖਾਂ ਵਿਚਕਾਰ 1813 ਤੋਂ 1837 ਤੱਕ ਕਈ ਜੰਗਾਂ ਹੋਈਆਂ। ਸੰਨ 1837 ਵਿੱਚ ਜਮਰੌਦ ਦੀ ਲੜਾਈ ਇਨ੍ਹਾਂ ਵਿਚਕਾਰ ਆਖਰੀ ਲੜਾਈ ਸੀ। ਇਸ ਝੜਪ ਵਿੱਚ ਹਰੀ ਸਿੰਘ ਨਲਵਾ ਜੋ ਕਿ ਰਣਜੀਤ ਸਿੰਘ ਦੇ ਸਭ ਤੋਂ ਵਧੀਆ ਸੈਨਾਪਤੀ ਸਨ, ਸ਼ਹੀਦ ਹੋਏ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ਕਈ ਵਿਲੱਖਣ ਪ੍ਰਾਪਤੀਆਂ ਅਤੇ ਪਹਿਲੂ ਜੁੜਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਆਧੁਨਿਕ ਭਾਰਤੀ ਫੌਜ ‘ਸਿੱਖ ਖਾਲਸਾ ਫੌਜ’ ਬਣਾਈ। ਉਸ ਦੀ ਸਰਪ੍ਰਸਤੀ ਹੇਠ ਪੰਜਾਬ ਇੱਕ ਬਹੁਤ ਸ਼ਕਤੀਸ਼ਾਲੀ ਸੂਬਾ ਬਣਿਆ ਅਤੇ ਇਸ ਤਾਕਤਵਰ ਫ਼ੌਜ ਨੇ ਬਰਤਾਨੀਆ ਨੂੰ ਲੰਮੇ ਸਮੇਂ ਤੱਕ ਪੰਜਾਬ ’ਤੇ ਕਬਜ਼ਾ ਕਰਨ ਤੋਂ ਰੋਕਿਆ ਅਤੇ ਅਗਰੇਜ਼ਾਂ ਦੀ ਹੂੰਝਾ ਫੇਰ ਮੁਹਿੰਮ ਉਨਾਂ ਦੇ ਜੀਵਤ ਹੁੰਦਿਆਂ ਨੇਪਰੇ ਚੜਨ ਤੋਂ ਰੁਕੀ ਰਹੀ ਸੀ। ਇਹ ਓਹੀ ਸਮਾਂ ਸੀ ਜਦੋਂ ਸਾਰੇ ਲਾਗਲੇ ਖੇਤਰ ਵਿੱਚੋਂ ਪੰਜਾਬ ਹੀ ਇੱਕ ਅਜਿਹਾ ਅਜ਼ਾਦ ਰਾਜ ਸੀ ਜੋ ਅੰਗਰੇਜ਼ਾਂ ਦੇ ਅਧੀਨ ਨਹੀਂ ਸੀ। ਬਿ੍ਰਟਿਸ਼ ਇਤਿਹਾਸਕਾਰ ਜੇ.ਟੀ. ਵਹੀਲਰ ਦੇ ਅਨੁਸਾਰ, ‘ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਇੱਕ ਪੀੜ੍ਹੀ ਹੋਰ ਵਧਿਆ ਹੁੰਦਾ, ਤਾਂ ਉਨ੍ਹਾਂ ਵਿੱਚ ਏਨੀ ਸਮਰੱਥਾ ਸੀ ਕਿ ਓਹ ਪੂਰੇ ਭਾਰਤ ਨੂੰ ਜਿੱਤ ਸਕਦੇ ਸਨ।’ ਬਚਪਨ ਦੇ ਹਾਲਾਤ ਕਰਕੇ ਮਹਾਰਾਜਾ ਰਣਜੀਤ ਖੁਦ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪਰ ਉਨ੍ਹਾਂ ਨੇ ਆਪਣੇ ਰਾਜ ਵਿੱਚ ਵਿੱਦਿਆ ਅਤੇ ਕਲਾ ਨੂੰ ਬਹੁਤ ਉਤਸ਼ਾਹਿਤ ਕੀਤਾ। ਆਪਣੀ ਖ਼ਲਕਤ ਨੂੰ ਲਿਖਣ-ਪੜਨ ਦੇ ਯੋਗ ਬਣਾਉਣ ਲਈ ਉਨਾਂ ਨੇ ਅਨੇਕਾਂ ਮਦਰਸੇ ਅਤੇ ਪਾਠਸ਼ਾਲਾਵਾਂ ਖੋਲੀਆਂ। ਇਤਿਹਾਸਕ ਵੇਰਵਿਆਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤਕਰੀਬਨ 4000 ਸਕੂਲ ਸਨ, ਜਿਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਪਾੜਿਆਂ ਨੂੰ ਗੁਰਮੁਖੀ, ਅਰਬੀ, ਫ਼ਾਰਸੀ, ਸੰਸਕਿ੍ਰਤ ਅਤੇ ਮਹਾਜਨੀ ਪੜ੍ਹਾਈ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੀ ਦੁਨੀਆਂ ਭਰ ਵਿੱਚ ਮਿਸਾਲ ਦਿੱਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਰੱਖਿਆ ਅਤੇ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸਹੀ ਮਾਇਨਿਆਂ ਵਿੱਚ ਧਰਮ ਨਿਰਪੱਖ ਸੀ ਕਿਉਂਕਿ ਉਨਾਂ ਨੇ ਹਿੰਦੂਆਂ ਅਤੇ ਸਿੱਖਾਂ ਤੋਂ ਇਕੱਠੇ ਕੀਤੇ ਜਜ਼ੀਆ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਕਦੇ ਕਿਸੇ ਨੂੰ ਸਿੱਖ ਧਰਮ ਕਬੂਲਣ ਲਈ ਮਜਬੂਰ ਨਹੀਂ ਕੀਤਾ। ਇਸ ਬਾਰੇ ਉਹ ਕਹਿੰਦੇ ਸਨ, ‘ਰੱਬ ਨੇ ਮੈਨੂੰ ਇੱਕ ਅੱਖ ਦਿੱਤੀ ਹੈ, ਇਸ ਲਈ ਮੈਂ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਅਮੀਰ-ਗਰੀਬ ਨੂੰ ਇੱਕ ਨਜ਼ਰ ਨਾਲ ਭਾਵ ਬਰਾਬਰ ਵੇਖਦਾ ਅਤੇ ਸਮਝਦਾ ਹਾਂ।’ ਉਨ੍ਹਾਂ ਨੇ ਤਖ਼ਤ ਸਿੰਘ ਪਟਨਾ ਸਾਹਿਬ ਅਤੇ ਤਖ਼ਤ ਸਿੰਘ ਹਜ਼ੂਰ ਸਾਹਿਬ ਵਿਖੇ ਵੀ ਸੇਵਾ ਕਾਰਜ ਕਰਵਾਏ। ਮਹਾਰਾਜਾ ਰਣਜੀਤ ਸਿੰਘ ਨੇ ਅੰਮਿ੍ਰਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਮਰਮਰ ਦੀ ਸਥਾਪਨਾ ਅਤੇ ਸੋਨੇ ਦੀ ਸਤ੍ਹਾ ਦੀ ਵੀ ਸੇਵਾ ਕਰਵਾਈ।
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਹਿੰਦੂ, ਮੁਸਲਮਾਨ ਅਤੇ ਯੂਰਪੀ ਯੋਧੇ ਅਤੇ ਜਰਨੈਲ ਸ਼ਾਮਲ ਸਨ। ਉਸ ਦੀ ਫੌਜ ਵਿੱਚ ਜਿੱਥੇ ਹਰੀ ਸਿੰਘ ਨਲਵਾ, ਪ੍ਰਾਣ ਸੁੱਖ ਯਾਦਵ, ਗੁਰਮੁਖ ਸਿੰਘ ਲਾਂਬਾ, ਦੀਵਾਨ ਮੋਖਮ ਚੰਦ ਅਤੇ ਵੀਰ ਸਿੰਘ ਢਿੱਲੋਂ ਵਰਗੇ ਭਾਰਤੀ ਜਰਨੈਲ ਸਨ, ਉੱਥੇ ਫਰਾਂਸ ਦੇ ਜੀਨ ਫਰੈਂਕੋਇਸ ਐਲਾਰਡ ਅਤੇ ਕਲੌਡ ਅਗਸਤ ਕੋਰਟ, ਇਟਲੀ ਦੇ ਜੀਨ ਬੈਪਟਿਸਟ ਵੈਨਤੂਰਾ ਅਤੇ ਪਾਓਲੋ ਡੀ’ ਅਵਿਤਾਬੀਲੇ, ਅਮਰੀਕਾ ਦੇ ਜੋਸੀਆਹ ਹਾਰਲਨ ਅਤੇ ਸਕਾਟਸ-ਆਇਰਿਸ਼ ਅਲੈਗਜ਼ੈਂਡਰ ਗਾਰਡਨਰ ਵਰਗੇ ਫੌਜੀ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਦੀ ਫ਼ੌਜ ਦੀ ਗਿਣਤੀ, ਸ਼ੁਰੂ ਵਿੱਚ 5 ਹਜ਼ਾਰ ਸੀ, ਪਰ ਅੱਗੇ ਜਾ ਕੇ ਇਹ ਇੱਕ ਲੱਖ ਦੇ ਕਰੀਬ ਪਹੁੰਚੀ। ਇੱਕ ਵਾਰ ਇੱਕ ਅਫਗਾਨ ਸ਼ਾਸਕ ਸ਼ਾਹ ਸ਼ੁਜਾ ਦੀ ਪਤਨੀ ਨੇ ਮਹਾਰਾਜੇ ਨੂੰ ਬੇਨਤੀ ਕੀਤੀ ਕਿ ਜੇਕਰ ਮਹਾਰਾਜਾ ਸ਼ਾਹ ਸ਼ੁਜਾ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਸੁਰੱਖਿਅਤ ਰੂਪ ਨਾਲ ਲਾਹੌਰ ਲੈ ਆਵੇਗਾ, ਤਾਂ ਉਹ ਸ਼ੁਕਰਾਨੇ ਵਜੋਂ ‘ਕੋਹ-ਏ-ਨੂਰ’ ਹੀਰਾ ਦੇਵੇਗੀ। ਮਹਾਰਾਜੇ ਨੇ ਸ਼ਾਹ ਸ਼ੁਜਾ ਨੂੰ ਛੁਡਵਾਇਆ ਅਤੇ 1 ਜੂਨ 1813 ਨੂੰ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਨੂੰ ‘ਕੋਹ-ਏ-ਨੂਰ’ ਹੀਰਾ ਦਿੱਤਾ ਗਿਆ, ਜੋ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਦਾ ਮਾਣ ਬਣਿਆ।
ਮਹਾਰਾਜਾ ਰਣਜੀਤ ਸਿੰਘ ਨੇ ਓਸ ਵੇਲੇ ਪੰਜਾਬ ਦੀ ਕਮਾਨ ਸੰਭਾਲੀ ਸੀ, ਜਦੋਂ ਹਾਲਾਤ ਚੁਣੌਤੀਆਂ ਨਾਲ ਭਰਪੂਰ ਸਨ। ਧਰਮੀ ਅਤੇ ਬਹਾਦਰ ਜਰਨੈਲ ਨਵਾਬ ਕਪੂਰ ਸਿੰਘ, ਜੱਸਾ ਸਿੰਘ ਤੇ ਬਘੇਲ ਸਿੰਘ ਚੜ੍ਹਾਈ ਕਰ ਚੁਕੇ ਸਨ, ਮਿਸਲਾਂ ਦੀ ਜਥੇਬੰਦੀ ਟੁੱਟ ਚੁਕੀ ਸੀ ਅਤੇ ਹਾਲਤ ਇੱਥੋਂ ਤੱਕ ਪਹੁੰਚ ਚੁੱਕੇ ਸਨ ਕਿ ਸਿੱਖ ਆਗੂ ਆਪਸ ਵਿੱਚ ਵੀ ਉਲਝ ਰਹੇ ਸਨ। ਓਹ ਇਲਾਕੇ, ਜਿਹੜੇ ਲਹੂ ਦੀਆਂ ਨਦੀਆਂ ਵਹਾ ਵਹਾ ਕੇ ਫਤਹਿ ਕੀਤੇ ਸਨ, ਇੱਕ ਇੱਕ ਕਰਕੇ ਖਾਲਸੇ ਦੇ ਕਬਜ਼ੇ ’ਚੋਂ ਨਿਕਲ ਰਹੇ ਸਨ। ਇਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸੂਝ ਬੂਝ ਅਤੇ ਬੀਰਤਾ ਨਾਲ ਹਾਲਤ ਨੂੰ ਵੇਖਦਿਆਂ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਸੰਗਠਿਤ ਅਤੇ ਮਜ਼ਬੂਤ ਖਾਲਸਾ ਰਾਜ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਮਹਾਰਾਜਾ ਰਣਜੀਤ ਸਿੰਘ ਇਹ ਸਮਝ ਗਏ ਸਨ ਕਿ ਇਸ ਖਿੰਡੀ ਹੋਈ ਕੌਮ ਨੂੰ ਇਕੱਠਾ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਸੀ ਅਤੇ ਇਸੇ ਤਹਿਤ ਉਨਾਂ ਨੇ ਸਿੱਖਾਂ ਨੂੰ ਜਥੇਬੰਦ ਕਰਕੇ ਇੱਕ ਸ਼ਕਤੀਸ਼ਾਲੀ ਅਤੇ ਰਾਜਨੀਤਕ ਕੌਮ ਵਿੱਚ ਬਦਲ ਦਿਤਾ।
ਦਹਾਕਿਆਂ ਤੱਕ ਰਾਜ ਕਰਨ ਤੋਂ ਬਾਅਦ 27 ਜੂਨ 1839 ਨੂੰ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਉਨ੍ਹਾਂ ਤੋਂ ਬਾਅਦ ਸਿੱਖ ਸਾਮਰਾਜ ਦੀ ਵਾਗਡੋਰ ਖੜਕ ਸਿੰਘ ਦੇ ਹੱਥਾਂ ਵਿੱਚ ਆ ਗਈ। ਖੜਕ ਸਿੰਘ ਰਣਜੀਤ ਸਿੰਘ ਦੇ ਮਜ਼ਬੂਤ ਸਿੱਖ ਰਾਜ ਨੂੰ ਸੰਭਾਲਣ ਵਿੱਚ ਅਸਫਲ ਰਿਹਾ। ਕਮਜ਼ੋਰ ਸ਼ਾਸਨ ਅਤੇ ਸਿੱਖਾਂ ਦੇ ਆਪਸੀ ਲੜਾਈ-ਝਗੜੇ ਕਾਰਨ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਕਿਸੇ ਵੇਲੇ ਮਹਾਰਾਜੇ ਨਾਲ ਅੰਮਿ੍ਰਤਸਰ ਦੀ ਸੰਧੀ ਕਰਨ ਵਾਲੇ ਗੋਰਿਆਂ ਲਈ ਮੈਦਾਨ ਖੁੱਲ ਗਿਆ ਅਤੇ ਇਸ ਉਪਰੰਤ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ 1845 ਦੀ ਲੜਾਈ ਤੋਂ ਬਾਅਦ, ਮਹਾਨ ਸਿੱਖ ਸਾਮਰਾਜ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪਰ ਜਿੰਨੀ ਦੇਰ ਮਹਾਰਾਜਾ ਰਣਜੀਤ ਸਿੰਘ ਜੀਵਤ ਰਹੇ ਓਨੀ ਦੇਰ ਅੰਗਰੇਜ਼ਾਂ ਲਈ ਇਹ ਸਿਰਫ ਇੱਕ ਸੁਫਨਾ ਹੀ ਸੀ। ਇਹੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸ਼ਾਸਨ ਕਾਲ ਦੀ ਸਭ ਤੋਂ ਵੱਡੀ ਵਡਿਆਈ ਕਹੀ ਜਾ ਸਕਦੀ ਹੈ ਕਿ ਉਨਾਂ ਦੇ ਆਉਣ ਤੋਂ ਪਹਿਲਾਂ ਅਤੇ ਉਨਾਂ ਦੇ ਚਲੇ ਜਾਣ ਤੋਂ ਬਾਅਦ ਪੰਜਾਬ ਕਦੇ ਵੀ ਉਹੋ ਜਿਹਾ ਨਹੀਂ ਹੋ ਸਕਿਆ ਜਿਹੋ ਜਿਹਾ ਉਨਾਂ ਦੇ ਰਾਜ ਦੌਰਾਨ ਨਜ਼ਰ ਆਉਂਦਾ ਸੀ। ਇਸੇ ਲਈ ਅੱਜ ਜਦੋਂ ਪੰਜਾਬ ਦੇ ਸੁਨਹਿਰੀ ਸਮੇਂ ਨੂੰ ਚੇਤੇ ਕੀਤਾ ਜਾਂਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੀ ਆਪ ਮੁਹਾਰੇ ਅੱਖਾਂ ਮੂਹਰੇ ਆ ਖੜ੍ਹਦਾ ਹੈ।

-ਪੰਜਾਬ ਪੋਸਟ

Read News Paper

Related articles

spot_img

Recent articles

spot_img