ਮਨੀਪੁਰ/ਪੰਜਾਬ ਪੋਸਟ
ਸ਼ੱਕੀ ਦਹਿਸ਼ਤਗਰਦਨ ਨੇ ਮਨੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਦੇ ਅਗਲੇਰੇ ਸੁਰੱਖਿਆ ਕਾਫ਼ਲੇ ’ਤੇ ਕਾਂਗਪੋਕਪੀ ਜ਼ਿਲੇ ਵਿੱਚ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ੳੱੁਧਰ, ਮਨੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਨੇ ਹਮਲੇ ਦੀ ਆਲੋਚਨਾ ਕੀਤੀ ਹੈ। ਉਨਾਂ ਇਸ ਹਮਲੇ ਨੂੰ ਸਿੱਧੇ ਖ਼ੁਦ ’ਤੇ ਅਤੇ ਸੂਬੇ ਦੇ ਲੋਕਾਂ ’ਤੇ ਹਮਲਾ ਕਰਾਰ ਦਿੱਤਾ ਹੈ। ਉਨਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਕਾਫਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲੇ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕੌਮੀ ਮਾਰਗ ਨੰਬਰ-53 ’ਤੇ ਕੋਟਲੇਨ ਪਿੰਡ ਕੋਲ ਸਵੇਰੇ ਕਰੀਬ 10.30 ਵਜੇ ਉਸ ’ਤੇ ਹਮਲਾ ਹੋਇਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਵਾਹਨਾਂ ’ਤੇ ਕਈ ਗੋਲੀਆਂ ਦਾਗੀਆਂ ਗਈਆਂ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕਾਫ਼ਲੇ ਦੇ ਇੱਕ ਵਾਹਨ ਦੇ ਚਾਲਕ ਦੇ ਸੱਜੇ ਮੋਢੇ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਇੰਫਾਲ ਦੇ ਇਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਸ ਦਰਮਿਆਨ ਮਨੀਪੁਰ ਵਿੱਚ ਵਾਪਰੀਆਂ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਪ੍ਰਭਾਵਿਤ ਲੋਕ ਸੁਰੱਖਿਆ ਦੀ ਭਾਲ ਵਿੱਚ ਅਸਾਮ ਦੇ ਕੱਛਾਰ ਜ਼ਿਲੇ ਵਿੱਚ ਆ ਰਹੇ ਹਨ।
ਮਨੀਪੁਰ ਸੂਬੇ ’ਚ ਮੁੜ ਗੜਬੜ : ਮੁੱਖ ਮੰਤਰੀ ਦੇ ਕਾਫਲੇ ਉੱਤੇ ਹੋਇਆ ਦਹਿਸ਼ਤੀ ਹਮਲਾ

Published: