ਜਲੰਧਰ/ਪੰਜਾਬ ਪੋਸਟ
ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਭਾਜਪਾ ਲੀਡਰ ਪਹੁੰਚੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ ਨੇ ਮਨੋਰੰਜਨ ਕਾਲੀਆ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ। ਸੁਨੀਲ ਜਾਖੜ ਨੇ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ 14 ਦੇ ਲਗਭਗ ਥਾਣਿਆਂ ’ਤੇ ਬੰਬ ਬਲਾਸਟ ਹੋ ਗਏ ਹਨ। ਅੰਮ੍ਰਿਤਸਰ ਵਿਖੇ ਮੰਦਰ ’ਚ ਬੰਬ ਧਮਾਕਾ ਹੋਇਆ ਤੇ ਪੁਲਿਸ ਕਮਿਸ਼ਨਰ ਕਹਿ ਰਹੇ ਹਨ ਕਿ ਬੰਬ ਬਲਾਸਟ ਜਿਹਾ ਕੁੱਝ ਹੋਇਆ ਹੈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹੋ ਜਿਹੇ ਧਮਾਕੇ ਤਾਂ ਅਕਸਰ ਟਾਇਰ ਫਟਣ, ਸਿਲੰਡਰ ਫਟਣ ਆਦਿ ਨਾਲ ਹੁੰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇਰ ਰਾਤ ਇਕ ਵਜੇ ਦੇ ਕਰੀਬ ਅਣਪਛਾਤਿਆਂ ਵਲੋਂ ਧਮਾਕਾਖੇਜ਼ ਸਮੱਗਰੀ ਸੁੱਟੀ ਗਈ, ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ ’ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਰਾਹਤ ਦੀ ਗੱਲ ਰਹੀ ਕਿ ਇਸ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਹੁਣ ਇਸ ਹਮਲੇ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ।