ਸਿੱਖ ਸੇਵਾ ਫਾਊਂਡੇਸ਼ਨ ਅਤੇ ਵਨ ਬੀਟ ਹਸਪਤਾਲ ਭੀਰਾ ਖੀਰੀ ਵੱਲੋਂ ਭਗਤਾਂ ਵਾਲਾ ਵਿਖੇ ਮੈਡੀਕਲ ਕੈਂਪ ਦਾ ਆਯੋਜਨ
ਸ. ਸੰਧੂ ਸਮੁੰਦਰੀ ਦੀ ਇਮਾਨਦਾਰ ਸਖਸ਼ੀਅਤ ਦੀ ਪ੍ਰੇਰਨਾ ਸਦਕਾ ਹੀ ਅਜਿਹੇ ਕੈਂਪਾਂ ਦਾ ਕਰ ਰਹੇ ਹਾਂ ਆਯੋਜਨ : ਅਮਰੀਕੀ ਭਾਈਚਾਰਾ
ਅੰਮਿ੍ਤਸਰ/ਪੰਜਾਬ ਪੋਸਟ
ਭਾਰਤ ਵਿੱਚ ਭਾਵੇਂ ਚੋਣ ਸਰਗਰਮੀਆਂ ਸਿਖਰਾਂ ਤੇ ਹਨ, ਪਰ ਪੰਜਾਬ ਵਿੱਚ ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬੀ ਡਾਇਸਪੋਰਾ ਕੋਈ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਿਹਾ। ਅੰਮਿ੍ਰਤਸਰ ਲੋਕ ਸਭਾ ਹਲਕੇ ਦੀ ਜੇ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਥਕ ਪਿਛੋਕੜ ਵਾਲੇ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਚੋਣ ਮੈਦਾਨ ਵਿੱਚ ਆ ਜਾਣ ਨਾਲ ਪੰਜਾਬ ਅਤੇ ਅੰਮਿ੍ਤਸਰ ਦਾ ਵਿਕਾਸ ਚਾਹੁਣ ਵਾਲੇ ਪੰਜਾਬੀ ਅਤੇ ਸਿੱਖ ਡਾਇਸਪੋਰਾ ਵੱਲੋਂ ਵੱਡਾ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ।
ਅੰਮਿ੍ਤਸਰ ਦੇ ਸਰਬਪੱਖੀ ਵਿਕਾਸ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਜੇ ਅਮਰੀਕਨ ਪੰਜਾਬੀ ਅਤੇ ਸਿੱਖ ਡਾਇਸਪੋਰਾ ਅੱਗੇ ਆ ਰਿਹਾ ਹੈ ਤਾਂ ਉਸਦਾ ਕਾਰਨ ਸਿਰਫ ਚੋਣਾਂ ਹੀ ਨਹੀਂ ਹਨ, ਬਲਕਿ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਅਤੇ ਡਿਪਟੀ ਰਾਜਦੂਤ ਵਜੋਂ ਸੇਵਾਵਾਂ ਦੌਰਾਨ ਭਾਰਤੀ ਭਾਈਚਾਰੇ ਸਣੇ ਪੰਜਾਬੀ ਭਾਈਚਾਰੇ ਨਾਲ ਆਪਣੇ ਆਪਣੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਦਿੱਤੀ ਗਈ ਪ੍ਰੇਰਨਾ ਦਾ ਸਦਕਾ ਹੀ ਸੰਭਵ ਹੋ ਰਿਹਾ ਹੈ।
ਬੀਤੇ ਦਿਨੀਂ ਅਮਰੀਕਾ ਦੀ ਹੀ ਇੱਕ ਸਿੱਖ ਸੰਸਥਾ ‘ਸਿੱਖ ਸੇਵਾ ਫਾਊਂਡੇਸ਼ਨ’ ਦੇ ਚੇਅਰਮੈਨ ਸ. ਬਹਾਦਰ ਸਿੰਘ ਅਤੇ ਇਸ ਸੰਸਥਾ ਦੇ ਪ੍ਰਧਾਨ ਡਾ. ਸੁਖਪਾਲ ਸਿੰਘ ਧਨੋਆ ਵਲੋਂ ‘ਵਨ ਬੀਟ ਦਸਮੇਸ਼ ਹਸਪਤਾਲ’ ਭੀਰਾ ਖੇਰੀ ਯੂ. ਪੀ. ਦੇ ਸਹਿਯੋਗ ਨਾਲ ਭਗਤਾਂ ਵਾਲਾ ਡੰਪ ਏਰੀਆ ਦੇ ਲੋਕਾਂ ਦੀ ਅਪੀਲ ਕਾਰਨ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਇਲਾਕਾ ਨਿਵਾਸੀਆਂ ਨੇ ਆਪਣੇ ਸਿਹਤ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਟੈਸਟ ਕਰਵਾਏ।
ਜ਼ਿਕਰਯੋਗ ਹੈ ਕਿ ਭਗਤਾਂਵਾਲਾ ਡੰਪ ਏਰੀਏ ਦੇ ਲੋਕ ਇੱਥੋਂ ਦੀ ਕੂੜਾ ਕਰਕਟ ਦੀ ਗੰਭੀਰ ਸਮੱਸਿਆ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ‘ਵਨ ਬੀਟ ਦਸਮੇਸ਼ ਹਸਪਤਾਲ’ ਦੇ ਪ੍ਰਬੰਧਕਾਂ ਨੇ ਇਸ ਮੈਡੀਕਲ ਕੈਂਪ ਵਿੱਚ ਆਏ ਲੋਕਾਂ ਦੇ ਜਿੱਥੇ ਟੈਸਟ ਕਰਵਾਏ ਉੱਥੇ ਫਰੀ ਦਵਾਈਆਂ ਦਿੱਤੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਉਂਦੇ ਦਿਨਾਂ ਵਿੱਚ ਅੱਖਾਂ ਦੇ ਅਪ੍ਰੇਸ਼ਨ ਲਈ ਇੱਕ ਹੋਰ ਕੈਂਪ ਲਾਇਆ ਜਾਵੇਗਾ। ਪ੍ਰਬੰਧਕਾਂ ਨੇ ਇਸ ਮੌਕੇ ਕਿਹਾ ਕਿ ਉਹ ਅੰਬੈਸਡਰ ਸੰਧੂ ਦੇ ਅਮਰੀਕਾ ਵਿੱਚ ਕਾਰਜਕਾਲ ਦੌਰਾਨ ਸ. ਸੰਧੂ ਸਮੁੰਧਰੀ ਵਲੋਂ ਅੰਮਿ੍ਤਸਰ ਦੇ ਸਰਬਪੱਖੀ ਵਿਕਾਸ ਬਾਰੇ ਉਨ੍ਹਾਂ ਦੇ ਵਿਚਾਰ ਸੁਣਦੇ ਰਹੇ ਸਨ ਅਤੇ ਹੁਣ ਉਹਨਾਂ ਦੀ ਇਮਾਨਦਾਰ ਸਖਸ਼ੀਅਤ ਦੀ ਪ੍ਰੇਰਨਾ ਸਦਕਾ ਹੀ ਅਜਿਹੇ ਕੈਂਪਾਂ ਦਾ ਆਯੋਜਨ ਕਰ ਰਹੇ ਹਨ। ਇਸ ਕੈਂਪ ਵਿੱਚ ਭਗਤਾਂ ਵਾਲਾ ਡੰਪ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦਾ ਵੀ ਵੱਡਾ ਯੋਗਦਾਨ ਰਿਹਾ ਅਤੇ ਅਮਰੀਕਾ ਤੋਂ ਆਏ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਵੀ ਇਸ ਮੈਡੀਕਲ ਕੈਂਪ ਵਿੱਚ ਸ਼ਿਰਕਤ ਕੀਤੀ।
ਮੈਡੀਕਲ ਕੈਂਪ ਦੇ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਦਾ ਇੱਥੋਂ ਦੀਆਂ ਚੋਣਾਂ ਨਾਲ ਭਾਵੇਂ ਕੋਈ ਸਰੋਕਾਰ ਨਹੀਂ, ਪਰ ਸ. ਸੰਧੂ ਸਮੁੰਦਰੀ ਦੀ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਨਿਭਾਈ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ ਅਤੇ ਉਹ ਅੰਮਿ੍ਰਤਸਰ ਦੇ ਸਰਬਪੱਖੀ ਵਿਕਾਸ ਲਈ ਆਪਣੇ ਯਤਨ ਨਿਰੰਤਰ ਜਾਰੀ ਰੱਖਣਗੇ।
