ਮੀਰੀ ਪੀਰੀ ਦੇ ਸ਼ਬਦ ਕਿਸ ਭਾਸ਼ਾ ਨਾਲ ਸਬੰਧ ਰੱਖਦੇ ਹਨ ਜਾਂ ਉਨ੍ਹਾਂ ਭਾਸ਼ਾਵਾਂ ਅਨੁਸਾਰ ਇਨ੍ਹਾਂ ਦੇ ਕੀ-ਕੀ ਅਰਥ ਨਿਕਲਦੇ ਹਨ। ਇਸ ਪਿਛੋਕੜ ਵਿੱਚ ਨਾਂ ਜਾਂਦੇ ਹੋਏ ਇੱਥੇ ਸਿਰਫ ਇਤਨਾ ਦੱਸ ਦੇਣਾ ਹੀ ਕਾਫੀ ਹੈ ਕਿ ਗੁਰਬਾਣੀ ਦੇ ਸੰਦਰਭ ਵਿੱਚ ਇਨ੍ਹਾਂ ਦੇ ਅਰਥ ਧਾਰਮਿਕ ਤੌਰ ਤੇ ਅਤੇ ਰਾਜਨੀਤੀਕ ਤੌਰ ਤੇ ਪੂਰਨ ਸੁਤੰਤਰਤਾ ਵਾਲੇ ਹਨ, ਪਰ ਇਤਿਹਾਸਕ ਘਟਨਾਵਾਂ ਨੂੰ ਸਾਹਮਣੇ ਰੱਖਦਿਆਂ ਜਾਂ ਸਿੱਖ ਪ੍ਰੰਪਰਾਵਾਂ ਦੇ ਸੰਦਰਭ ਵਿੱਚ ਦੇਖਿਆਂ ਸਿੱਖ ਸਮਾਜ ਦੇ ਆਤਮ ਨਿਰਣੈ ਜਾਂ ਅੰਦਰੂਨੀ ਖੁਦਮੁਖ਼ਤਿਆਰੀ ਦੇ ਨਿਕਲਦੇ ਹਨ।
ਗੁਰਬਾਣੀ ਵਿੱਚ ਜਿੱਥੇ-ਜਿੱਥੇ ਵੀ ਮੀਰ ਸ਼ਬਦ ਦੀ ਵਰਤੋਂ ਹੋਈ ਹੈ ਉਹ ਰਾਜਨੀਤਕ ਸਰਦਾਰੀ ਨੂੰ ਦਰਸਾਉਣ ਵਾਲੀ ਭਾਵਨਾ ਨਾਲ ਹੋਈ ਹੈ। ਜਿਵੇਂ ਕਿ : ‘ਕੋਟੀ ਹੂ ਪੀਰ ਵਰਜਿ’ ਵਰਤਿਆ ਗਿਆ ਹੈ ਉਸ ਦਾ ਭਾਵ ਹੈ ਵੀ ਧਾਰਮਿਕ ਸਰਬ-ਉਚਤਾ ਜਾਂ ਧਾਰਮਿਕ ਤੌਰ ਤੇ ਸੁਤੰਤਰ ਹੋਂਦ ਨੂੰ ਦਰਸਾਉਣ ਦਾ ਹੈ। ਪਰ ਜਦੋਂ ਅਸੀਂ ਇਨ੍ਹਾਂ ਹੀ ਸ਼ਬਦਾਂ ਨੂੰ ਗੁਰੂ ਸਾਹਿਬਾਨ ਦੇ ਅਸਲੀ ਜੀਵਨ ਵਾਕਿਆਤ ਦੌਰਾਨ ਤੁਲਨਾ ਕੇ ਦੇਖਦੇ ਹਾਂ ਤਾਂ ਪੀਰੀ ਦੀ ਪਰਿਭਾਸ਼ਾ ਤਾਂ ਬਿਲਕੁਲ ਗੁਰਬਾਣੀ ਵਿੱਚ ਦਿੱਤੇ ਗਏ ਹਵਾਲਿਆਂ ਮੁਤਾਬਕ ਹੀ ਸਾਡੇ ਸਾਹਮਣੇ ਆਉਂਦੀ ਹੈ, ਪਰ ਮੀਰੀ ਜਾਂ ਮੀਰ ਸ਼ਬਦ ਦੇ ਅਰਥ ਉਸ ਤਰ੍ਹਾਂ ਨਹੀਂ ਨਿਕਲਦੇ। ਕਿਉਂਕਿ ਮੀਰ ਜਾਂ ਮੀਰੀ ਦੇ ਸ਼ਬਦਾਂ ਦੇ ਸਿੱਧੇ ਅਰਥ ਤਾਂ ਇੱਕ ਦਮ ਪੂਰਨ ਪ੍ਰਭੂਸਤਾਸ਼ਾਲੀ ਹਾਕਮ ਤੋਂ ਲਏ ਜਾਂਦੇ ਹਨ, ਪਰ ਜਿਵੇਂ ਕਿ ਗੁਰੂ ਸਾਹਿਬਾਨ ਬਿਲਕੁਲ ਰਾਜਨੀਤਿਕ ਸੱਤਾ ਤੋਂ ਨਿਰਲੇਪ ਰਹੇ ਸਨ, ਉਸ ਸੰਦਰਭ ਵਿੱਚ ਦੇਖਿਆਂ ਅਸੀਂ ਪੂਰਨ ਸੁਤੰਤਰਤਾ ਵਾਲੇ ਹਾਕਮ ਦੇ ਅਰਥ ਨਹੀਂ ਲੈ ਸਕਦੇ। ਇਨ੍ਹਾਂ ਸ਼ਬਦਾਂ ਦੀ ਸਹੀ ਵਿਆਖਿਆ ਤਦ ਹੀ ਹੋ ਸਕੇਗੀ ਜੇ ਅਸੀਂ ਇਹਨਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੋਹਾਂ ਦੇ ਸੰਦਰਭ ਵਿੱਚ ਰੱਖ ਕੇ ਦੇਖਾਗੇ।

ਗੁਰੂ ਸਾਹਿਬਾਨ ਨੇ ਨਾ ਹੀ ਸਿਰਫ ਆਪਣੇ ਆਪ ਨੂੰ ਰਾਜਨੀਤਿਕ ਮਾਮਲਿਆਂ ਤੋਂ ਨਿਰਲੇਪ ਹੀ ਰੱਖਿਆ ਸੀ, ਸਗੋਂ ਆਪਣੇ ਸਮਕਾਲੀ ਬਾਦਸ਼ਾਹਾਂ ਨੂੰ ਪੂਰੀ-ਪੂਰੀ ਮਾਣਤਾ ਵੀ ਦਿੱਤੀ ਹੋਈ ਸੀ। ਅਜਿਹੀਆਂ ਘਟਾਨਾਵਾਂ ਜਾਂ ਅਜਿਹੇ ਵੇਰਵਿਆਂ ਦੇ ਵਿਸਥਾਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਸਿਰਫ ਇਤਨਾ ਕਹਿ ਦੇਣਾ ਕਾਫੀ ਹੈ ਕਿ ਗੁਰੂ ਅਰਜਨ ਦੇਵ ਜੀ ਤੱਕ ਮੁਗਲ ਬਾਦਸ਼ਾਹਾਂ (ਬਾਬਰ, ਹਮਾਯੂੰ ਅਤੇ ਅਕਬਰ) ਦਾ ਸਿੱਖ ਗੁਰੂ ਸਾਹਿਬਾਨ ਨਾਲ ਬਹੁਤ ਅੱਛਾ ਸਬੰਧ ਰਿਹਾ ਸੀ। ਇਨ੍ਹਾਂ ਬਾਦਸ਼ਾਹਾਂ ਦੀ ਧਰਮ ਨਿਰਪੱਖਤਾ ਵਾਲ਼ੀ ਨੀਤੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਸਹਾਈ ਹੋਈ ਸੀ। ਜੇ ਜਹਾਂਗੀਰ ਦੇ ਮੁੱਢਲੇ ਸਾਲਾਂ ਦੀ ਸੌੜੀ ਸੋਚ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਸੀ ਤਾਂ ਪਿਛਲਾ ਸਾਰਾ ਸਮਾਂ ਉਸ ਦਾ ਗੁਰੂ ਹਰਿ ਗੋਬਿੰਦ ਸਾਹਿਬ ਪ੍ਰਤੀ ਬਹੁਤ ਹੀ ਅੱਛੀ ਮਿੱਤਰਤਾ ਵਾਲਾ ਰਿਹਾ ਸੀ।
ਇਸ ਤਰ੍ਹਾਂ ਜੇ ਅਸੀਂ ਦਸ ਗੁਰੂ ਸਾਹਿਬਾਨ ਦੇ ਸਮੁੱਚੇ ਸਮੇਂ ਨੂੰ ਉਨ੍ਹਾਂ ਦੇ ਸਮਕਾਲੀ ਸਾਰੇ ਬਾਦਸ਼ਾਹਾਂ ਨਾਲ ਸਬੰਧਾਂ ਨੂੰ ਵਾਚੀਏ ਤਾਂ ਪਤਾ ਲਗਦਾ ਹੈ ਕਿ ਸਿਰਫ ਥੋੜੇ ਜਿਹੇ ਨੂੰ ਹੀ ਛੱਡ ਕੇ ਬਾਕੀ ਸਾਰਾ ਸਮਾਂ ਅੱਛੇ ਸਬੰਧਾਂ ਵਾਲਾ ਹੀ ਸੀ। ਹਾਂ ਗੁਰੂ ਸਾਹਿਬਾਨ ਦੇ ਵਿਚਰਨ ਦੇ ਢੰਗ-ਤਰੀਕਿਆਂ ਤੋਂ, ਸਿਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੋਂ ਅਤੇ ਖਾਲਸਾ ਪੰਥ ਦੀ ਸਾਜਨਾਂ ਤੋਂ ਇਹ ਵਿਚਾਰਧਾਰਾ ਜ਼ਰੂਰ ਪ੍ਰਗਟ ਹੰਦੀ ਹੈ ਕਿ ਗੁਰੂ ਸਾਹਿਬਾਨ ਆਪਣੇ ਸਮਾਜ ਦੀ ਸੁਤੰਤਰਤਾ ਨੂੰ ਬਰਕਰਾਰ ਰੱਖ ਕੇ ਹੀ ਮੁਗਲ ਬਾਦਸ਼ਾਹਾਂ ਨਾਲ ਵਰਤਦੇ ਸਨ। ਇਸ ਨੂੰ ਅਸੀਂ ਆਧੁਨਿਕ ਬੋਲੀ ਵਿੱਚ ਆਤਮ_ਨਿਰਣੈ ਦੇ ਅਧਿਕਾਰਾਂ ਦੀ ਸੁਰੱਖਿਆ ਜਾਂ ਸਿੱਖ ਸਮਾਜ ਦੀ ਅੰਦਰੂਨੀ ਖੁਦ-ਮੁਖਤਿਆਰੀ ਕਹਿ ਸਕਦੇ ਹਾਂ।
ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਮਾਜ ਦੀ ਸੁਤੰਤਰਤਾ ਦਾ ਪ੍ਰਤੀਕ ਹੈ ਅਤੇ ਸਿੱਖ ਭਾਈਚਾਰੇ ਦੀ ਸੁਤੰਤਰਤਾ ਭਾਰਤੀ ਮਹਾਂ-ਸਾਮਰਾਜ ਜਾਂ ਭਾਰਤੀ ਰਾਜਨੀਤਕ ਪ੍ਰਣਾਲੀ ਅੰਦਰ ਅੰਦਰੂਨੀ ਖੁਦ-ਮੁਖ਼ਤਿਆਰੀ ਦਾ ਦਰਜਾ ਧਾਰਨ ਕਰ ਲੈਂਦੀ ਹੈ। ਜਦੋਂ ਤਕ ਮੁਗਲ ਬਾਦਸ਼ਾਹਾਂ ਨੇ ਸਿੱਖ ਸਮਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ, ਉਦੋਂ ਤੱਕ ਗੁਰੂ ਸਾਹਿਬਾਨ ਨੇ ਵੀ ਮੁਗਲ ਬਾਦਸ਼ਾਹਾਂ ਨਾਲ ਪੂਰਾ ਸਹਿਯੋਗ ਰੱਖਿਆ ਹੈ, ਪਰ ਜਦੋਂ ਮੁਗਲ ਬਾਦਸ਼ਾਹਾਂ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਕੀਤੀ ਤਾਂ ਗੁਰੂ ਸਾਹਿਬਾਨ ਨੇ ਵੀ ਬਾਦਸ਼ਾਹਾਂ ਨਾਲੋਂ ਆਪਣੇ ਸਬੰਧ ਤੋੜ ਲਏ ਸਨ ਅਤੇ ਹਥਿਆਰਬੰਦ ਬਗਾਵਤ ਦੀ ਹੱਦ ਤੀਕ ਚਲੇ ਗਏ ਸਨ। ਇਹ ਹਥਿਆਰਬੰਦ ਬਗਾਵਤ ਉਸ ਸਮੇਂ ਤੱਕ ਚਲਦੀ ਰਹਿੰਦੀ ਸੀ ਜਦੋਂ ਤਕ ਬਾਦਸ਼ਾਹਾਂ ਵਲੋਂ ਇਹ ਨਹੀਂ ਵਿਸ਼ਵਾਸ ਦਿਵਾ ਦਿੱਤਾ ਜਾਂਦਾ ਸੀ ਕਿ ਅੱਗੇ ਤੋਂ ਸਿੱਖ ਸਮਾਜ ਦੇ ਕਿਸੇ ਵੀ ਕਿਸਮ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਅਪਣਾਈ ਗਈ ਨੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਪਣਾਈ ਗਈ ਨੀਤੀ ਇਸੇ ਹੀ ਵਿਚਾਰਧਾਰਾ ਨੂੰ ਪ੍ਰਪੱਕ ਕਰਦੀ ਹੈ।
ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਅਕਾਲ ਤਖ਼ਤ ਦੀ ਸਥਾਪਨਾ ਅਤੇ ਹਥਿਆਰਬੰਦ ਫੌਜ ਖੜ੍ਹੀ ਕਰਨਾ, ਬਗਾਵਤ ਸੀ ਪਰ ਜਹਾਂਗੀਰ ਨੇ ਕੁਝ ਸਮੇਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਹਥਿਆਰਬੰਦ ਬਗਾਵਤ ਵੀ ਸ਼ਾਂਤ ਹੋ ਗਈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਅਤੇ ਹਥਿਆਰਬੰਦ ਲੜਾਈਆਂ ਇੱਕ ਖੁਲੀ ਬਗਾਵਤ ਦਾ ਪ੍ਰਤੀਕ ਸਨ, ਪਰ ਜਦੋਂ ਜਫ਼ਰਨਾਮੇ ਦੇ ਮਿਲਣ ਪਿੱਛੋਂ ਔਰੰਗਜ਼ੇਬ ਨੂੰ ਅਸਲੀਅਤ ਦਾ ਗਿਆਨ ਅਤੇ ਉਸ ਨੇ ਗੁਰੂ ਸਾਹਿਬ ਨੂੰ ਅਦਬ ਸਹਿਤ ਅਤੇ ਸਤਿਕਾਰ ਸਹਿਤ ਬੁਲਾਵਾ ਭੇਜਿਆ ਤਾਂ ਗੁਰੂ ਸਾਹਿਬ ਵੀ ਸਭ ਭੁਲਾ ਕੇ ਦੱਖਣ ਵਲ ਨੂੰ ਚੱਲ ਪਏ ਸਨ। ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ ਨਾਲ ਆਗਰੇ ਦੇ ਸਥਾਨ ਤੇ ਗੁਰੂ ਸਾਹਿਬ ਦੀ ਮੁਲਾਕਾਤ ਆਪਸੀ ਸਹਿਯੋਗ ਅਤੇ ਸਮਝੌਤੇ ਨੂੰ ਦਰਸਾਉਂਦੀ ਹੈ। ‘ਬਾਬੇ ਕੇ ਬਾਬਰ ਕੇ ਦੋਊ’ ਵਾਲਾ ਸ਼ਬਦ ਗੁਰੂ ਸਾਹਿਬਾਨ ਅਤੇ ਮੁਗਲ ਬਾਦਸ਼ਾਹਾਂ ਦੇ ਆਪਸੀ ਅੱਛੇ ਸਬੰਧਾਂ ਨੂੰ ਦਰਸਾਉਣ ਵਾਲਾ ਇੱਕ ਅਤੀ ਅਹਿਮ ਦਸਤਾਵੇਜ਼ ਹੈ। ਮੀਰੀ-ਪੀਰੀ ਦੇ ਸਿਧਾਂਤ ਦੀ ਵੀ ਇਨ੍ਹਾਂ ਗੱਲਾਂ ਦੀ ਰੌਸ਼ਨੀ ਵਿੱਚ ਰੱਖ ਕੇ ਹੀ ਵਿਆਖਿਆ ਕਰਨੀ ਚਾਹੀਦੀ ਹੈ।
ਪੀਰੀ ਸ਼ਬਦ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਨਹੀਂ ਹੈ ਕਿਉਂਕਿ ਪੀਰੀ ਜਿਸ ਧਾਰਮਿਕ ਸੁਤੰਤਰਤਾ ਵਾਲ਼ੀ ਸਥਿਤੀ ਨੂੰ ਦਰਸਾਉਂਦੀ ਹੈ, ਗੁਰੂ ਸਾਹਿਬਾਨ ਨੇ ਧਾਰਮਿਕ ਖੇਤਰ ਵਿੱਚ ਬਿਲਕੁਲ ਉਸੇ ਤਰ੍ਹਾਂ ਕਰਕੇ ਦਿਖਾਇਆ ਹੈ। ਇਸ ਦਾ ਦੂਜਾ ਭਾਵ ਇਹ ਵੀ ਹੈ ਕਿ ਗੁਰਬਾਣੀ ਦੀ ਸਿੱਖਿਆ ਅੰਤਮ ਅਥਾਰਟੀ ਹੈ। ਇਹ ਕਿਸੇ ਹੋਰ ਫਿਲਾਸਫੀ ਜਾਂ ਧਾਰਮਿਕ ਵਿਚਾਰਧਾਰਾ ਦੀ ਪਦਾਇਸ਼ ਨਹੀਂ ਹੈ। ਕਈ ਲੇਖਕਾਂ ਦੀ ਆਦਤ ਹੁੰਦੀ ਹੈ ਕਿ ਉਹ ਗੁਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਹੋਏ ਦੂਸਰੇ ਧਰਮਾਂ ਦੇ ਗ੍ਰੰਥਾਂ ਵਾਲੀ ਵਿਆਖਿਆ ਨੂੰ ਵਿੱਚ ਰਲਗਡ ਕਰਕੇ ਉਨ੍ਹਾਂ ਦੀ ਸਹਾਇਤਾ ਲੈਂਦੇ ਹਨ। ਅਜਿਹੀ ਪਹੁੰਚ ਪੀਰੀ ਦੇ ਸਿਧਾਂਤ ਦੇ ਪ੍ਰਤੀਕੂਲ ਹੈ। ਕਈ ਸਿੱਖ ਧਰਮ ਨੂੰ ਮੱਧ ਯੁੱਗ ਦੀ ਭਗਤੀ ਲਹਿਰ ਦਾ ਇੱਕ ਹਿੱਸਾ ਦੱਸਦੇ ਹਨ ਜਾਂ ਸਿੱਖ ਧਰਮ ਨੂੰ ਇਸਲਾਮ ਅਤੇ ਹਿੰਦੂ ਧਰਮ ਦਾ ਸੁਮੇਲ ਦੱਸਦੇ ਹਨ, ਪਰ ਪੀਰੀ ਦਾ ਸਿਧਾਂਤ ਇਸ ਤਰ੍ਹਾਂ ਦੀ ਦਲੀਲ ਨੂੰ ਇੱਕ ਦਮ ਰੱਦ ਕਰਦਾ ਹੈ। ਇਹ ਸਿਧਾਂਤ ਦੱਸਦਾ ਹੈ ਕਿ ਸਿੱਖ ਧਰਮ ਦੇ ਸਿਧਾਂਤ, ਆਸ਼ੇ ਅਤੇ ਉਦੇਸ਼, ਆਪਣੇ ਆਪ ਵਿੱਚ ਰੱਖਿਆ ਸਹੀ ਸਾਬਤ ਹੋ ਸਕਣ।
ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮਕਾਲੀ ਸਮੇਂ ਦੀ ਰਾਜਨੀਤਿਕ ਅਤੇ ਧਾਰਮਿਕ ਸੋਚ ਤੋਂ ਬਿਲਕੁਲ ਪਰੇ ਰਹਿ ਕੇ ਜਾਂ ਇਸ ਦੇ ਵਿਰੋਧ ਵਿੱਚ ਖੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਇਹ ਪੀਰੀ ਦੇ ਸਿਧਾਂਤ ਨੂੰ ਹੀ ਦਰਸਾਉਣ ਵਾਲੀ ਗੱਲ ਹੈ। ਜੇਕਰ ਇਹੀ ਸਭ ਕੁਝ ਸਮਕਾਲੀ ਹਾਲਾਤ ਅਨੁਸਾਰ ਲਿਖਿਆ ਜਾਂਦਾ ਫਿਰ ਇੱਥੇ ਪੀਰੀ ਸ਼ਬਦ ਦੀ ਪਰਿਭਾਸ਼ਾ ਲਾਗੂ ਨਹੀਂ ਸੀ ਹੋ ਸਕਣੀ।
ਆਸਾ ਜੀ ਦੀ ਵਾਰ ਵਿੱਚ ਵੈਸੇ ਤਾਂ ਸਾਰੀ ਰਚਨਾ ਵਿੱਚ ਹੀ ਸਮਕਾਲੀ ਸਮਾਂ, ਸਮਕਾਲੀ ਧਾਰਮਿਕ ਨੇੁਤਾਵਾਂ ਅਤੇ ਸਮਕਾਲੀ ਹਾਕਮਾਂ ਦਾ ਖੱੁਲ ਕੇ ਅਤੇ ਭੈ-ਰਹਿਤ ਹੋ ਕੇ ਨੰਗਾ ਚਿਤਰਣ ਪੇਸ਼ ਕੀਤਾ ਗਿਆ ਹੈ, ਪਰ ਇਸ ਵਿੱਚ ਵੀ ‘‘ਮਿਟੀ ਮੁਸਲਮਾਨ ਕੀ’’, ‘‘ਕੂੜ ਰਾਜਾ ਕੂੜ ਪਰਜਾ’’, ‘‘ਪੜਿ ਪੁਸਤਕ ਸੰਧਿਆ ਬਾਦੰ’’, ਅਤੇ ‘‘ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੂ ਨ ਜਾਈ’’ ਵਾਲੇ ਸ਼ਬਦ ਤਾਂ ਸਿੱਧੇ ਹੀ ਚੁਣੌਤੀ ਭਰੇ ਹਨ। ਅਜਿਹੇ ਚਿਤਰਣ ਸਿਰਫ ਧਾਰਮਿਕ ਤੌਰ ਤੇ ਇੱਕ ਸਤੰਤਰ ਨੇਤਾ ਹੀ ਪੇਸ਼ ਕਰ ਸਕਦਾ ਹੈ। ਇਹੀ ਸੁਤੰਤਰਤਾ ਜਾਂ ਨਿਡਰਤਾ ਹੀ ਪੀਰੀ ਦੇ ਸਿਧਾਂਤ ਨੂੰ ਸਿਰਜਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਸ਼ਿਕਾਇਤ ਅਕਬਰ ਪਾਸ ਵੀ ਕੀਤੀ ਗਈ ਸੀ ਅਤੇ ਔਰੰਗਜ਼ੇਬ ਪਾਸ ਵੀ। ਪਰ ਗੁਰੂ ਸਾਹਿਬਾਨ ਹਰ ਸਮੇਂ ਆਪਣੇ ਗ੍ਰੰਥ ਵਿੱਚ ਦਰਜ ਗੁਰਬਾਣੀ ਦੇ ਇੱਕ ਇੱਕ ਅੱਖਰ ਅਤੇ ਸ਼ਬਦ ਤੇ ਵੀ ਅੜੇ ਰਹੇ ਸਨ ਇੱਥੋਂ ਤੱਕ ਕਿ ਕੰਨਾ ਬਿਹਾਰੀ ਦੀ ਅਦਲਾ-ਬਦਲੀ ਵੀ ਕਰਨ ਨੂੰ ਤਿਆਰ ਨਹੀਂ ਹੋਏ।
ਬਾਬਾ ਰਾਮ ਰਾਇ ਨੇ ਔਰੰਹਜ਼ੇਬ ਦੇ ਦਰਬਾਰ ਵਿੱਚ ਸਿਰਫ ਹਾਲਾਤ ਨੂੰ ਮੁੱਖ ਰੱਖ ਕੇ ਹੀ ਮੁਸਲਮਾਨ ਸ਼ਬਦ ਦੀ ਥਾਂ ਬੇਈਮਾਨ ਸ਼ਬਦ ਦੱਸਿਆ ਸੀ, ਪਰ ਇਸ ਇੱਕ ਸ਼ਬਦ ਦੀ ਮਾਮੂਲੀ ਜਿਹੀ ਤਬਦੀਲੀ ਉਸ ਨੂੰ ਆਪਣੇ ਪਿਤਾ ਗੁਰੂ ਦਾ ਉੱਤਰਾ-ਅਧਿਕਾਰੀ ਬਣਨ ਦੇ ਅਧਿਕਾਰ ਤੋਂ ਵਾਂਝਿਆਂ ਕਰ ਬੈਠੀ। ਕਿਉਂਕਿ ਅਜਿਹੀ ਮੌਕਾ ਪ੍ਰਸਤੀ ਪੀਰੀ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ। ਬਾਬਾ ਰਾਮ ਰਾਇ ਦਾ ਕੰਮ ਇੱਕ ਵਧੀਆ ਡਿਪਲੋਮੈਟਕ ਪੱਧਰ ਦਾ ਤਾਂ ਹੋ ਸਕਦਾ ਹੈ, ਜਿਸ ਨੇ ਸਮੇਂ ਅਨੁਸਾਰ ਬਾਦਸ਼ਾਹ ਨੂੰ ਖੁਸ਼ ਵੀ ਕਰ ਦਿੱਤਾ ਸੀ ਅਤੇ ਆਪਣੇ ਗ੍ਰੰਥ ਨੂੰ ਵੀ ਬਚਾ ਲਿਆ ਸੀ, ਪਰ ਇਹ ਇੱਕ ਪੀਰ ਦਾ ਕੰਮ ਨਹੀਂ ਸੀ ਹੋ ਸਕਦਾ। ਪੀਰ ਨੇ ਇੱਕ ਮਾਡਲ ਬਣਨਾ ਹੁੰਦਾ ਹੈ ਜਿਸ ਨੂੰ ਲੋਕਾਂ ਨੇ ਅਪਣਾਉਣਾ ਹੁੰਦਾ ਹੈ।
ਮੀਰੀ ਸ਼ਬਦ ਦੀ ਵਿਆਖਿਆ ਜਿਸ ਤਰ੍ਹਾਂ ਪਿੱਛੇ ਕੀਤੀ ਗਈ ਹੈ ਉਸ ਅਨੁਸਾਰ ਸਿੱਖ ਸੰਦਰਭ ਵਿੱਚ ਇਸ ਨੂੰ ਆਤਮ-ਨਿਰਣੈ ਦੇ ਅਧਿਕਾਰਾਂ ਦਾ ਐਲਾਨਨਾਮਾ ਕਹਿ ਸਕਦੇ ਹਾਂ। ਵੈਸੇ ਐਸੇ ਐਲਾਨ ਦੀ ਨੌਬਤ ਸਿਰਫ ਉਸ ਸਮੇਂ ਹੀ ਆਉਂਦੀ ਹੈ ਜਦੋਂ ਕੋਈ ਹਕੂਮਤ ਕਿਸੇ ਫਿਰਕੇ ਜਾਂ ਸਮਾਜ ਦੇ ਅਧਿਕਾਰਾਂ ਨੂੰ ਕੁਚਲਣਾ ਚਾਹੁੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਕਿਸੇ ਵੀ ਗੁਰੂ ਸਾਹਿਬ ਨੂੰ ਅਜਿਹੇ ਐਲਾਨਨਾਮੇ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਕਿਸੇ ਵੀ ਮੁਗਲ ਬਾਦਸ਼ਾਹ ਨੇ ਕਦੇ ਸਿੱਖ ਸਮਾਜ ਦੇ ਅਧਿਕਾਰਾਂ ਨੂੰ ਹੜੱਪ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਗੁਰੂ ਅਮਰ ਦਾਸ ਜੀ ਨੇ ਸਿੱਖ ਸੰਗਤਾਂ ਨੂੰ ਮੰਜੀ ਸਿਸਟਮ ਰਾਹੀ ਜਥੇਬੰਦ ਕੀਤਾ।
ਕਈਆਂ ਨੂੰ ਇਹ ਪ੍ਰਬੰਧ ਵੱਡੇ ਰਾਜ ਵਿੱਚ ਛੋਟੇ ਰਾਜ ਦੇ ਬਰਾਬਰ ਨਜ਼ਰ ਆਉਂਦਾ ਸੀ ਅਤੇ ਕਈਆਂ ਨੂੰ ਇਹ ਅਕਬਰ ਦੇ ਬਾਈ ਸੂਬਿਆਂ ਨਾਲ ਮਿਲਦਾ ਜੁਲਦਾ ਦਿਸਦਾ ਸੀ ਪਰ ਕਿਸੇ ਬਾਦਸ਼ਾਹ ਨੇ ਇਸ ਵਿੱਚ ਕੋਈ ਦਖ਼ਲ ਨਹੀਂ ਦਿੱਤਾ। ਫਿਰ ਗੁਰੂ ਰਾਮ ਦਾਸ ਜੀ ਨੇ ਮੰਜੀ ਸਿਸਟਮ ਦੀ ਥਾਂ ਮਸੰਦ ਸਿਸਟਮ ਚਾਲੂ ਕੀਤਾ। ਕਈਆਂ ਨੂੰ ਇਹ ਸਿਸਟਮ ਵੀ ਇੱਕ ਬਾਬਰ ਦੀ ਹਕੂਮਤ ਨਜ਼ਰ ਆਉਂਦਾ ਸੀ, ਪਰ ਇਸ ਵਿੱਚ ਵੀ ਕਿਸੇ ਬਾਦਸ਼ਾਹ ਨੇ ਕੋਈ ਦਖ਼ਲ-ਅੰਦਾਜ਼ੀ ਨਹੀਂ ਕੀਤੀ।
ਇਸੇ ਕਰਕੇ ਕਿਸੇ ਗੁਰੂ ਸਾਹਿਬ ਨੇ ਵੀ ਮੀਰ ਬਣਨ ਦੇ ਐਲਾਨ ਨਹੀਂ ਕੀਤੇ। ਪਰ ਜਦੋਂ ਜਹਾਂਗੀਰ ਨੇ ਬਿਨਾ ਵਜ੍ਹਾ, ਸਿਰਫ ਇੱਕ ਧਾਰਮਿਕ ਸਾੜੇ ਕਾਰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਇੱਕ ਘੱਟ ਗਿਣਤੀ ਦੇ ਭਾਈਚਾਰੇ ਦੇ ਮੁਢਲੇ ਅਧਿਕਾਰਾਂ ਨੂੰ ਖੋਹਣ ਦੀ ਸਭ ਤੋਂ ਵੱਡੀ ਚੁਣੌਤੀ ਸੀ। ਇਹੀ ਕਾਰਨ ਸੀ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਪੀਰ ਦੇ ਨਾਲ ਮੀਰ ਬਣਨ ਦਾ ਵੀ ਐਲਾਨ ਕਰਨਾ ਪਿਆ। ਇਸ ਮਕਸਦ ਲਈ ਹੀ ਅਕਾਲ ਤਖ਼ਤ ਕਾਇਮ ਕੀਤਾ ਅਤੇ ਹਥਿਆਰਬੰਦ ਫ਼ੌਜਾਂ ਖ਼ੜ੍ਹੀਆਂ ਕੀਤੀਆਂ। ਭਾਵੇਂ ਜਹਾਂਗੀਰ ਛੇਤੀ ਹੀ ਹਾਲਾਤ ਨੂੰ ਤਾੜ ਗਿਆ ਸੀ ਇਉਂ ਉਸ ਨੇ ਗੁਰੂ ਹਰਿ ਗੋਬਿੰਦ ਸਾਹਿਬ ਨਾਲ ਮਿੱਤਰਤਾ ਕਾਇਮ ਕਰ ਲਈ ਸੀ। ਮਿਤਰਤਾ ਕਾਇਮ ਕਰਨ ਦਾ ਦੂਸਰਾ ਮਤਲਬ ਸਿੱਖਾਂ ਦੇ ਮੁਢਲੇ ਅਧਿਕਾਰਾਂ ਦੀ ਸੁਰੱਖਿਆ ਦੀ ਗਰੰਟੀ ਸੀ ਇਸ ਕਰਕੇ ਗੁਰੂ ਹਰਿ ਗੋਬਿੰਦ ਸਾਹਿਬ ਵੀ ਸ਼ਾਂਤ ਹੋ ਗਏ ਅਤੇ ਦੋਵੇਂ ਧਿਰਾਂ ਦਾ ਟਕਰਾਅ ਨਹੀਂ ਹੋਇਆ।
ਇਹੀ ਟਕਰਾਅ ਬਾਦਸ਼ਾਹ ਸ਼ਾਹ ਜਹਾਨ ਵੇਲੇ ਹੋ ਗਿਆ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਵੀ ਆਪਣੇ ਅਧਿਕਾਰਾਂ ਦੀ ਰਾਖੀ ਲਈ ਜੰਗ ਦੇ ਮੈਦਾਨ ਵਿੱਚ ਆ ਖੜੇ ਹੋ ਗਏ। ਇਹੀ ਨੀਤੀ ਪਿਛਲੇ ਗੁਰੂ ਸਾਹਿਬਾਨ ਸਮੇਂ ਵੀ ਅਪਣਾਈ ਗਈ ਸੀ। ਗੁਰੂ ਹਰਿ ਰਾਇ ਜੀ ਅਤੇ ਗੁਰੂ ਹਰਿ ਕਿ੍ਰਸ਼ਨ ਜੀ ਸਮੇਂ ਐਸਾ ਕੋਈ ਟਕਰਾਅ ਨਹੀਂ ਹੋਇਆ। ਸਿੱਟੇ ਵਜੋਂ ਗੁਰੂ ਸਾਹਿਬਾਨ ਵੀ ਮੁਗਲ ਹਕੂਮਤ ਨੂੰ ਮਾਣਤਾ ਦਿੰਦੇ ਰਹੇ ਅਤੇ ਆਪਣੇ ਨਵ_ਸਿਰਜੇ ਸਮਾਜ ਦੀ ਸੁਤੰਤਰਤਾ ਵੀ ਬਰਕਰਾਰ ਰੱਖਦੇ ਰਹੇ ਸਨ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਬਿਨਾ ਵਜ਼ਾਹ ਸ਼ਹੀਦ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਥਿਆਰਬੰਦ ਹੋ ਕੇ ਜੰਗ ਦੇ ਮੈਦਾਨ ਵਿੱਚ ਆ ਕੇ ਖੜ੍ਹ ਗਏ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਹਥਿਆਰਬੰਦ ਨੀਤੀ ਦੀ ਸਿੱਧੀ ਟੱਕਰ ਔਰੰਗਜ਼ੇਬ ਨਾਲ ਨਹੀਂ ਹੋਈ, ਸਗੋਂ ਸਥਾਨਕ ਪਹਾੜੀ ਰਾਜਿਆਂ ਨਾਲ ਹੀ ਹੋ ਗਈ ਸੀ। ਇਸ ਦਾ ਵੀ ਭਾਵ ਇਹੀ ਸੀ ਕਿ ਉਨ੍ਹਾਂ ਨੇ ਗੁਰੂ ਜੀ ਦੀਆਂ ਜੰਗੀ ਤਿਆਰੀਆਂ ਨੂੰ ਔਰੰਗਜ਼ੇਬ ਦੀ ਹਕੂਮਤ ਨਾਲੋਂ ਪਹਿਲਾਂ ਆਪਣੀ ਹਕੂਮਤ ਲਈ ਖ਼ਤਰਾ ਮੰਨ ਲਿਆ ਸੀ ਇਸ ਲਈ ਔਰੰਗਜ਼ੇਬ ਨਾਲ ਹੋਣ ਵਾਲਾ ਟਾਕਰਾ ਪਹਾੜੀ ਰਾਜਿਆਂ ਨਾਲ ਹੋ ਗਿਆ। ਗੁਰੂ ਜੀ ਆਨੰਦਪੁਰ ਸਾਹਿਬ ਵਿਖੇ ਆਪਣੇ ਖਾਲਸੇ ਦੀ ਸੁਤੰਤਰਤਾ ਨੂੰ ਕਾਇਮ ਰੱਖ ਕੇ ਵਿਚਰਦੇ ਸਨ ਜਦੋਂ ਕਿ ਬਿਲਾਸਪੁਰ (ਕਹਿਲੂਰ) ਦਾ ਰਾਜਾ ਆਨੰਦਪੁਰ ਸਾਹਿਬ ਨੂੰ ਆਪਣੀ ਧਰਤੀ ਸਮਝਦਾ ਸੀ। ਉਹ ਚਾਹੰੁਦਾ ਸੀ ਕਿ ਜਾਂ ਤਾਂ ਗੁਰੂ ਜੀ ਆਨੰਦਪੁਰ ਸਾਹਿਬ ਨੂੰ ਛੱਡ ਜਾਣ ਤੇ ਜਾਂ ਫਿਰ ਇਸ ਥਾਂ ਦਾ ਇੱਕ ਪਰਜਾ ਦੇ ਤੌਰ ਤੇ ਟੈਕਸ ਅਦਾ ਕਰਨ। ਇਹ ਗੱਲ ਖਾਲਸੇ ਦੀ ਸੁਤੰਤਰ ਹਸਤੀ ਦੇ ਵਿਰੁੱਧ ਸੀ ਇਸ ਲਈ ਗੁਰੂ ਇਸ ਲਈ ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਟਾ ਆਪਸੀ ਹਥਿਆਰਬੰਦ ਟਕਰਾਅ ਵਿੱਚ ਨਿਕਲਿਆ। ਪਿੱਛੋਂ ਇਹ ਟਕਰਾਅ ਮੁਗਲ ਹਕੂਮਤ ਦੇ ਅਧਿਕਾਰੀਆਂ ਨਾਲ ਵੀ ਹੋਇਆ, ਪਰ ਜਾਪਦਾ ਹੈ ਕਿ ਮੁਗਲ ਅਧਿਕਾਰੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਰਹਿੰਦ ਦਾ ਗਵਰਨਰ ਅਤੇ ਜੰਮੂ ਦੇ ਫੌਜਦਾਰ ਸਨ, ਨਾਲ ਟਕਰਾਅ ਔਰੰਗਜ਼ੇਬ ਦੀ ਨੀਤੀ ਤੋਂ ਓਹਲੇ ਹੋ ਕੇ ਜਾਂ ਉਸ ਦੀ ਜਾਣਕਾਰੀ ਤੋਂ ਬਗੈਰ ਹੀ ਹੋਇਆ ਸੀ, ਇਹੀ ਕਾਰਨ ਸੀ ਕਿ ਜਦੋਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਰਾਹੀਂ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਸੀ ਕਿ ਜਦੋਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਰਾਹੀਂ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਸੀ ਤਾਂ ਉਸ ਨੇ ਜਿਸ ਤਰ੍ਹਾਂ ਗੁਰੂ ਜੀ ਦੀਆਂ ਗੱਲਾਂ ਤੋਂ ਕਾਇਲ ਹੋ ਕੇ, ਦੱਖਣ ਆਉਣ ਦਾ ਸੱਦਾ ਦਿੱਤਾ ਸੀ ਉਸ ਤੋਂ ਇਹੀ ਭਾਵਨਾ ਪ੍ਰਗਟ ਹੁੰਦੀ ਹੈ। ਜਿਵੇਂ ਕਿ ਪਿੱਛੇ ਵੀ ਦੱਸਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਔਰੰਗਜ਼ੇਬ ਦੇ ਸਬੰਧਾਂ ਨੂੰ ਦਰਸਾਉਣ ਲਈ ਜ਼ਫ਼ਰਨਾਮਾ ਅਤੇ ਬਾਬੇ ਕੇ ਬਾਬਰ ਦੋਊ, ਵਾਲਾ ਸ਼ਬਦ ਅਹਿਮ ਦਸਤਾਵੇਜ਼ ਹਨ। ਇਨ੍ਹਾਂ ਤੋਂ ਘੱਟੋ ਘੱਟ ਇਹ ਗੱਲ ਜਰੂਰ ਸਾਬਤ ਹੁੰਦੀ ਹੈ ਕਿ ਗੁਰੂ ਜੀ ਅਤੇ ਔਰੰਗਜ਼ੇਬ ਵਿਚਕਾਰ ਇੱਕ ਖ਼ਾਸ ਕਿਸਮ ਦਾ ਆਪਸੀ ਵਿਸ਼ਵਾਸ ਕਾਇਮ ਹੋ ਚੁੱਕਿਆ ਸੀ। ਮੁਗਲ ਅਧਿਕਾਰੀਆਂ ਦੇ ਹਮਲਿਆਂ ਕਾਰਨ ਜਦੋਂ ਇਸ ਵਿਸ਼ਵਾਸ ਨੂੰ ਸੱਟ ਵੱਜੀ ਤਾਂ ਗੁਰੂ ਜੀ ਨੇ ਜ਼ਫ਼ਰਨਾਮੇ ਰਾਹੀਂ ਔਰੰਗਜ਼ੇਬ ਨੂੰ ਇਸ ਵਿਸ਼ਵਾਸ-ਸ਼ਿਕਨੀ ਬਾਰੇ ਜਾਣੂ ਕਰਵਾਇਆ। ਇਸ ਸਭ ਕੁਝ ਦੇ ਪਿੱਛੇ ਪੀਰੀ ਅਤੇ ਮੀਰੀ ਦਾ ਸਿਧਾਂਤ ਹੀ ਕੰਮ ਕਰ ਰਿਹਾ ਸੀ। ਮੀਰੀ ਦੇ ਧਾਰਨ ਕਰਨ ਦੀ ਨੌਬਤ ਉਦੋਂ ਹੀ ਆਉਂਦੀ ਹੈ ਜਦੋਂ ਹਕੂਮਤ ਮੁੱਢਲੇ ਅਧਿਕਾਰਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ। ਅਧਿਕਾਰ ਸਹੀ ਸਲਾਮਤ ਰਹਿਣ ਤਾਂ ਮੀਰੀ ਧਾਰਨ ਕਰਨ ਦੀ ਵੀ ਲੋੜ ਨਹੀਂ ਰਹਿੰਦੀ। ਗੁਰੂ ਹਰਿ ਗੋਬਿੰਦ ਸਾਹਿਬ ਵਲੋਂ ਪੀਰੀ ਨਾਲ ਮੀਰੀ ਧਾਰਨ ਕਰਨ ਦਾ ਐਲਾਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਸੀ।
-ਸੁਖਦਿਆਲ ਸਿੰਘ