ਮਿੰਡੀ ਕੇਲਿੰਗ ਨੇ ਬਤੌਰ ਅਦਾਕਾਰਾ, ਕਾਮੇਡੀਅਨ, ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਵਜੋਂ ਸਿਰਫ ਅਮਰੀਕਾ ਵਿੱਚ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਉੱਤੇ ਆਪਣਾ ਨਾਂਅ ਬਣਾਇਆ ਹੈ ਅਤੇ ਉਨ੍ਹਾਂ ਦੀ ਕਲਾ ਨੂੰ ਵੀ ਆਲਮੀ ਮੁਕਾਮ ਉੱਤੇ ਪਛਾਣ ਮਿਲੀ ਹੋਈ ਹੈ। ਅਮਰੀਕਾ ਵਰਗੇ ਦੇਸ਼ ਵਿੱਚ ਕਲਾਕਾਰੀ ਦੇ ਖੇਤਰ ਵਿੱਚ ਇਸ ਪ੍ਰਕਾਰ ਦਾ ਮੁਕਾਮ ਬਣਾਉਣਾ ਵਾਕਈ ਮਾਇਨੇ ਰੱਖਦਾ ਹੈ। ਕੈਂਬਰਿਜ, ਮੈਸੇਚਿਉਸੇਟਸ ਨਾਲ ਸਬੰਧਤ ਮਿੰਡੀ ਕੇਲਿੰਗ ਨੇ ‘ਦ ਆਫਿਸ’ ਵਿੱਚ ਕੈਲੀ ਕਪੂਰ ਦੀ ਭੂਮਿਕਾ ਨਿਭਾਉਣ ਸਦਕਾ ਲੋਕਪਿ੍ਰਅਤਾ ਹਾਸਲ ਕੀਤੀ। ਉਨਾਂ ਦੇ ਨਾਂਅ ਦੇ ਨਾਲ ਕਈ ਹੋਰ ਮਾਮਲੇ ਵੀ ਜੁੜਦੇ ਰਹੇ ਹਨ ਅਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਿੰਡੀ ਕੇਲਿੰਗ ਦਾ ਨਾਂਅ ਸੁਰਖੀਆਂ ਦਾ ਹਿੱਸਾ ਵੀ ਬਣਦਾ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਮਿੰਡੀ ਕੇਲਿੰਗ ਦੇ ਪੇਸ਼ੇਵਰ ਜੀਵਨ ਅਤੇ ਹੁਣ ਤੱਕ ਦੇ ਉਨਾਂ ਦੇ ਕਲਾਕਾਰੀ ਦੇ ਸਫਰ ਬਾਰੇ ਕਾਫੀ ਸਾਰੇ ਪਹਿਲੂ ਜਾਣਨਯੋਗ ਹਨ।
ਮਿੰਡੀ ਕੇਲਿੰਗ ਦਾ ਜਨਮ 24 ਜੂਨ 1979 ਨੂੰ ਅਮਰੀਕਾ ਦੇ ਕੈਂਬਰਿਜ, ਮੈਸੇਚਿਉਸੇਟਸ ਵਿੱਚ ਪਿਤਾ ਅਵੁਦੈਪਨ ਚੋਕੇਲਿੰਗਮ ਅਤੇ ਮਾਂ ਸਵਾਤੀ ਚੋਕੇਲਿੰਗਮ ਦੇ ਘਰ ਹੋਇਆ। ਉਨਾਂ ਦਾ ਪਰਿਵਾਰ ਸੰਨ 1979 ਵਿੱਚ ਸੰਯੁਕਤ ਰਾਜ ਅਮਰੀਕਾ ਵੱਲ ਆਵਾਸ ਕਰ ਗਿਆ ਸੀ ਅਤੇ ਉਸੇ ਸਾਲ ਕੇਲਿੰਗ ਦਾ ਜਨਮ ਹੋਇਆ। ਕੇਲਿੰਗ ਦੇ ਪਿਤਾ, ਇੱਕ ਆਰਕੀਟੈਕਟ ਸਨ ਅਤੇ ਮਾਂ, ਇੱਕ ਪ੍ਰਸੂਤੀ-ਗਾਇਨੀਕੋਲੋਜਿਸਟ ਵਜੋਂ ਕੰਮ ਕਰਦੇ ਸਨ ਅਤੇ ਅਫਰੀਕਨ ਦੇਸ਼ ਨਾਈਜੀਰੀਆ ਦੇ ਇੱਕ ਹਸਪਤਾਲ ਵਿੱਚ ਉਨਾਂ ਦੀ ਮੁਲਾਕਾਤ ਹੋਈ, ਜਿੱਥੇ ਦੋਵੇਂ ਕੰਮ ਕਰ ਰਹੇ ਸਨ। ਇੱਕ ਬੱਚੇ ਦੇ ਰੂਪ ਵਿੱਚ, ਮਿੰਡੀ ਕੇਲਿੰਗ ਨੇ ‘ਇਨ ਲਿਵਿੰਗ ਕਲਰ’ ਅਤੇ ‘ਸੈਟਰਡੇਅ ਨਾਈਟ ਲਾਈਵ’ ਵਰਗੀਆਂ ਓਸ ਸਮੇਂ ਦੀਆਂ ਚਰਚਿਤ ਟੈਲੀਵਿਜ਼ਨ ਕਾਮੇਡੀਜ਼ ਵੱਲ ਬਹੁਤ ਦਿਲਚਸਪੀ ਵਿਖਾਈ। ਮਿੰਡੀ ਕੇਲਿੰਗ ਨੇ ਡਾਰਟਮਾਊਥ ਕਾਲਜ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਨੇ ਥੀਏਟਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਲੜਕਿਆਂ ਉੱਤੇ ਅਧਾਰਤ ‘ਰੌਕਾਪੇਲਸ’ ਅਤੇ ਕੈਂਪਸ ਇੰਪਰੂਵ ਟਰੂਪ ‘ਡੌਗ ਡੇ ਪਲੇਅਰਸ’ ਦੋਵਾਂ ਵਿੱਚ ਸ਼ਾਮਲ ਹੋਈ। ਇਸ ਤੋਂ ਇਲਾਵਾ, ਉਸ ਨੇ ਯੂਨੀਵਰਸਿਟੀ ਦੇ ਅਖਬਾਰ ਲਈ ਬੇਹੱਦ ਲੋਕਪਿ੍ਰਆ ਕਾਮਿਕ ‘ਬੈਡਲੀ ਡਰੌਨ ਗਰਲ’ ਨੂੰ ਉੱਕਰਿਆ। ਆਪਣੇ ਨਾਂਅ ਬਾਰੇ ਦੱਸਦੇ ਹੋਏ ਮਿੰਡੀ ਕੇਲਿੰਗ ਨੇ ਕਿਹਾ ਹੈ ਕਿ ਉਸ ਨੂੰ ਕਦੇ ਉਸ ਦੇ ਅਸਲ ਨਾਂਅ ‘ਵੇਰਾ’ ਤੋਂ ਨਹੀਂ ਪੁਕਾਰਿਆ ਗਿਆ ਬਲਕਿ ਉਸ ਨੂੰ ‘ਮਿੰਡੀ’ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਉਸ ਦੇ ਮਾਂ ਦੀ ਗਰਭ ਵਿੱਚ ਹੋਣ ਸਮੇਂ ਉਸ ਦੇ ਮਾਪੇ ਬੰਗਾਲ ਵਿੱਚ ਰਹਿ ਰਹੇ ਸਨ ਅਤੇ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ ਅਤੇ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਲਈ ਇੱਕ ਪਿਆਰਾ ਜਿਹਾ ਅਮਰੀਕੀ ਨਾਂਅ ਵੀ ਹੋਵੇ ਅਤੇ ‘ਮੋਰਕ ਐਂਡ ਮਿੰਡੀ ਸ਼ੋਅ’ ਤੋਂ ‘ਮਿੰਡੀ’ ਨਾਂਅ ਨੂੰ ਪਸੰਦ ਕੀਤਾ ਗਿਆ।
ਗ੍ਰੈਜੂਏਸ਼ਨ ਤੋਂ ਬਾਅਦ, ਕੇਲਿੰਗ ਨੇ ਆਪਣੀ ਕਾਲਜ ਦੋਸਤ ਬ੍ਰੈਂਡਾ ਵਿਦਰਜ਼ ਨਾਲ ਬਰੁੱਕਲਿਨ ਵਿੱਚ ਇੱਕ ਅਪਾਰਟਮੈਂਟ ਸਾਂਝਾ ਕੀਤਾ। ਕੇਲਿੰਗ ਅਤੇ ਵਿਦਰਜ਼ ਨੇ ਇੱਕ ਪ੍ਰਚਲਿੱਤ ਚੁਟਕਲੇ ਨੂੰ ਇੱਕ ਇਨਫੋਟੇਨਮੈਂਟ ਵਿਅੰਗ, ‘ਮੈਟ ਐਂਡ ਬੈਨ’ ਵਿੱਚ ਬਦਲ ਦਿੱਤਾ, ਜਿਸ ਵਿੱਚ ਔਰਤਾਂ ਨੇ ਅਦਾਕਾਰ ਮੈਟ ਡੈਮਨ ਅਤੇ ਬੈਨ ਐਫਲੇਕ ਵਾਲੇ ਪਾਤਰਾਂ ਨੂੰ ਦਰਸਾਇਆ। ਇਸ ਨਾਟਕ ਨੂੰ 2002 ਵਿੱਚ ਨਿਊਯਾਰਕ ਇੰਟਰਨੈਸ਼ਨਲ ਫਰਿੰਜ ਫੈਸਟੀਵਲ ਵਿੱਚ ਦਾਖਲ ਕੀਤਾ ਗਿਆ ਸੀ, ਜਿੱਥੇ ਇਸ ਨੇ ਸਰਵੋਤਮ ‘ਸਮੁੱਚੀ ਨਿਰਮਾਣ ਕਲਾ’ ਦਾ ਪੁਰਸਕਾਰ ਜਿੱਤਿਆ ਸੀ। ਇਸ ਕਾਮੇਡੀ ਨੇ ‘ਔਫ-ਬ੍ਰਾਡਵੇਅ’ ਵਿੱਚ ਦੋ ਸਾਲਾਂ ਦਾ ਸਫਲ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਲਾਸ ਏਂਜਲਸ ਵੱਲ ਇਸ ਦਾ ਰੁਖ ਹੋਇਆ। ਮਕਬੂਲ ਲੇਖਕ ਅਤੇ ਨਿਰਮਾਤਾ ਗ੍ਰੇਗ ਡੈਨੀਅਲਜ਼ ਨੇ ‘ਮੈਟ ਐਂਡ ਬੇਨ’ ਨੂੰ ਵੇਖਣ ਤੋਂ ਬਾਅਦ, ਸਾਲ 2004 ਵਿੱਚ ਪ੍ਰਸਿੱਧ ਬਿ੍ਰਟਿਸ਼ ਮੌਕਯੂਮੈਂਟਰੀ-ਸਟਾਈਲ ਟੀਵੀ ਕਾਮੇਡੀ ‘ਦ ਆਫਿਸ’ ਦੇ ਇੱਕ ਅਮਰੀਕੀ ਸੰਸਕਰਣ ਨੂੰ ਲਿਖਣ ਲਈ ਕੇਲਿੰਗ ਨੂੰ ਇਸ ਕਾਰਜ ਵਿੱਚ ਸ਼ਾਮਲ ਕੀਤਾ। ਕੇਲਿੰਗ ਨੇ ਕੈਲੀ ਕਪੂਰ ਦੇ ਕਿਰਦਾਰ ਨੂੰ ਵੀ ਦਰਸਾਇਆ, ਜੋ ਕਿ ਇਸ ਕਾਲਪਨਿਕ ਦਫਤਰ ਦੇ ‘ਸਭ ਤੋਂ ਵੱਧ ਚਰਚਿਤ ਸਹਿ-ਕਰਮਚਾਰੀਆਂ’ ਵਿੱਚੋਂ ਇੱਕ ਹੁੰਦੀ ਹੈ। ਕੇਲਿੰਗ ਨੇ 2008 ਤੋਂ ਇਸ ਲੜੀ ਲਈ ਕਾਰਜਕਾਰੀ ਨਿਰਮਾਤਾ ਵਜੋਂ ਵੀ ਕੰਮ ਕੀਤਾ ਅਤੇ ਉਸ ਨੇ ਕਈ ਐਪੀਸੋਡਾਂ ਦਾ ਨਿਰਦੇਸ਼ਨ ਵੀ ਕੀਤਾ।
ਕੇਲਿੰਗ ਨੇ ਇਸ ਤੋਂ ਬਾਅਦ ਨਵੀਨਤਾਕਾਰੀ ਟੀਵੀ ਸ਼ੋਅ ‘ਦ ਮਿੰਡੀ ਪ੍ਰੋਜੈਕਟ’ ਵਿਕਸਿਤ ਕੀਤਾ, ਜੋ ਕਿ ਇੱਕ ਪ੍ਰਸੂਤੀ-ਗਾਇਨੀਕੋਲੋਜਿਸਟ, ਮਿੰਡੀ ਲਹਿਰੀ ਦੇ ਜੀਵਨ ’ਤੇ ਕੇਂਦਰਿਤ ਸੀ, ਜੋ ਇੱਕ ਰੋਮਾਂਟਿਕ ਸਾਥੀ ਲੱਭਣ ’ਤੇ ਲੱਗੀ ਹੁੰਦੀ ਹੈ। ਇਸ ਵਿਚਲਾ ਮਿੰਡੀ ਦਾ ਪਾਤਰ, ਸਵੈ-ਸ਼ਾਮਲਤਾ, ਭਾਵੁਕ, ਅਤੇ ਰੋਮਾਂਟਿਕ ਭਰਮਾਂ ਦਾ ਸ਼ਿਕਾਰ ਹੈ ਅਤੇ ਡਿਜ਼ਾਈਨਰ ਕੱਪੜਿਆਂ ਲਈ ਬਹੁਤ ਸ਼ੌਕ ਰੱਖਦੀ ਹੈ। ਅੱਧੇ ਘੰਟੇ ਦੇ ਇਸ ਸ਼ੋਅ ਦਾ ਪ੍ਰੀਮੀਅਰ ਸਾਲ 2012 ਵਿੱਚ ਹੋਇਆ ਸੀ ਅਤੇ ਇਹ ਆਪਣੇ ਬੇਬਾਕ ਸੰਵਾਦ ਲਈ ਜਾਣਿਆ ਗਿਆ ਸੀ। ਸ਼ੋਅ ਵਿੱਚ ਅਭਿਨੈ ਤੋਂ ਇਲਾਵਾ, ਕੇਲਿੰਗ ਨੇ ਕਾਰਜਕਾਰੀ ਨਿਰਮਾਤਾ ਵਜੋਂ ਇਸ ਨੂੰ ਲਿਖਿਆ ਵੀ ਅਤੇ ਬਖੂਬੀ ਨਿਭਾਇਆ ਵੀ। ਮਿੰਡੀ ਪ੍ਰੋਜੈਕਟ ਆਪਣੇ ਚੌਥੇ ਸੀਜ਼ਨ ਲਈ ਇੰਟਰਨੈਟ ਵੀਡੀਓ ਸਟਰੀਮਿੰਗ ਸੇਵਾ ‘ਹੂਲੂ’ ਨਾਲ ਜੁੜੀ ਅਤੇ ਇਹ ਲੜੀ ਸਾਲ 2017 ਵਿੱਚ ਸਮਾਪਤ ਹੋਈ। ਉਸ ਨੇ ਫਿਰ ਇੱਕ ਥੀਏਟਰ ਨਾਲ ਜੁੜੇ ਬੱਚੇ ਬਾਰੇ ਟੀਵੀ ਲੜੀ ‘ਚੈਂਪੀਅਨਜ਼’ (2018) ਦੀ ਰਚਨਾ ਕੀਤੀ। ਕੇਲਿੰਗ ਨੇ ਕਈ ਐਪੀਸੋਡ ਲਿਖੇ ਅਤੇ ਲੜਕੇ ਦੀ ਮਾਂ ਦੀ ਭੂਮਿਕਾ ਨਿਭਾਈ। ਸਾਲ 2019 ਵਿੱਚ ਉਸ ਨੇ 1994 ਦੀ ਰੋਮਾਂਟਿਕ ਕਾਮੇਡੀ ‘ਫੋਰ ਵੈਡਿੰਗਸ ਐਂਡ ਏ ਫਿਊਨਰਲ’ ਨੂੰ ਇੱਕ ਸੀਮਤ ਲੜੀ ਦੇ ਰੂਪ ਵਿੱਚ ਇੱਕ ਰੂਪਾਂਤਰ ਵਾਂਗ ਲਿਖਿਆ, ਜਿਸ ਦੇ ‘ਹੁਲੂ’ ’ਤੇ ਪ੍ਰਸਾਰਣ ਦੌਰਾਨ ਵਿਭਿੰਨ ਕਲਾਕਾਰਾਂ ਦੀ ਵਿਸ਼ੇਸ਼ਤਾ ਨਜ਼ਰ ਆਈ। ਆਪਣੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ, ਕੇਲਿੰਗ ਨੇ ਫਿਰ ਪਹਿਲੀ ਪੀੜ੍ਹੀ ਦੇ ਇੱਕ ਭਾਰਤੀ ਅਮਰੀਕੀ ਅੱਲੜ ਬਾਰੇ ਨੈੱਟਫਲਿਕਸ ਦੇ ਸ਼ੋਅ ‘ਨੇਵਰ ਹੈਵ ਆਈ ਏਵਰ’ ਦੀ ਰਚਨਾ ਕੀਤੀ। ਉਸ ਨੇ ਬਾਅਦ ਵਿੱਚ ਚਾਰ ਕਾਲਜ ਵਿਦਿਆਰਥਣਾਂ ਦੇ ਸਮੂਹ ਬਾਰੇ ਇੱਕ ਕਾਮੇਡੀ ਲੜੀ ਬਣਾਈ ਜੋ ਐਚਬੀਓ ਮੈਕਸ ’ਤੇ ਪ੍ਰਸਾਰਿਤ ਕੀਤੀ ਗਈ।
ਕੇਲਿੰਗ ਨੇ ‘ਦ 40-ਯੀਅਰ-ਓਲਡ ਵਰਜਿਨ’ (2005), ‘ਲਾਈਸੈਂਸ ਟੂ ਵੇਡ’ (2007), ਅਤੇ ‘ਨਾਈਟ ਐਟ ਦ ਮਿਊਜ਼ੀਅਮ: ਬੈਟਲ ਆਫ਼ ਦ ਸਮਿਥਸੋਨਿਅਨ’ (2009) ਵਰਗੀਆਂ ਫਿਲਮਾਂ ਦੀਆਂ ਹਾਸ ਭੂਮਿਕਾਵਾਂ ਵਿੱਚ ਆਪਣੀ ਅਦਾਕਾਰੀ ਦੀ ਪ੍ਰਤਿਭਾ ਵਿਖਾਈ ਅਤੇ ਕਈ ਐਨੀਮੇਟਿਡ ਫਿਲਮਾਂ ਲਈ ਪਾਤਰਾਂ ਨੂੰ ਆਵਾਜ਼ ਵੀ ਦਿੱਤੀ। ਮੈਡੇਲੀਨ ਲ’ ਐਂਗਲ ਦੇ 1962 ਦੇ ਪ੍ਰਸਿੱਧ ਵਿਗਿਆਨਕ ਨਾਵਲ, ‘ਏ ਰਿੰਕਲ ਇਨ ਟਾਈਮ’ ਦੇ 2018 ਫਿਲਮ ਰੂਪਾਂਤਰਣ ਵਿੱਚ ‘ਮਿਸੀਜ਼ ਹੂ’ ਦੇ ਕਿਰਦਾਰ ਵਿੱਚ ਦਿਖਾਈ ਦਿੱਤੀ। ‘ਓਸ਼ੀਅਨਜ਼ 8’ (2018) ਦੀ ਮਹਿਲਾ ਕਾਸਟ ਵਿੱਚ ਵੀ ਓਹ ਸ਼ਾਮਲ ਸੀ, ਜੋ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਓਸ਼ੀਅਨਜ਼ ਇਲੈਵਨ ਫਰੈਂਚਾਈਜ਼ੀ ਦਾ ਅਗਲਾ ਗੇੜ ਸੀ। ਮਿੰਡੀ ਨੇ ਐਨੀਮੇਟਿਡ ਟੀਵੀ ਸੀਰੀਜ਼ ‘ਵੇਲਮਾ’ ਵਿੱਚ ਮੁੱਖ ਕਿਰਦਾਰ ਨੂੰ ਆਵਾਜ਼ ਦਿੱਤੀ, ਜੋ ਕਿ ਟੀਨ ਮਿਸਟਰੀ ਸ਼ੋਅ ‘ਸਕੂਬੀ-ਡੂ, ਵੇਅਰ ਆਰ ਯੂ!’ ਤੋਂ ਪ੍ਰੇਰਿਤ ਸੀ।
ਇਸ ਸਮੁੱਚੇ ਸਫਰ ਦੌਰਾਨ ਮਿੰਡੀ ਕੇਲਿੰਗ ਨੂੰ ਕਈ ਵੱਡੇ ਮਾਣ ਸਨਮਾਨ ਹਾਸਲ ਹੋਏ ਹਨ। ਸਾਲ 2013 ਵਿੱਚ, ਟਾਈਮ ਮੈਗਜ਼ੀਨ ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਵਿੱਚ ਉਸ ਦਾ ਵੀ ਨਾਂਅ ਦਿੱਤਾ ਸੀ। ਆਪਣੇ ਕਰੀਅਰ ਦੌਰਾਨ ਉਸ ਨੇ ਦੋ ਸਕ੍ਰੀਨ ਐਕਟਰਜ਼ ਗਿਲਡ ਅਵਾਰਡ ਅਤੇ ਟੋਨੀ ਅਵਾਰਡ, ਅਤੇ ਛੇ ਪ੍ਰਾਈਮਟਾਈਮ ਐਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ। ਸਾਲ 2013 ਵਿੱਚ, ‘ਐਂਟਰਟੇਨਮੈਂਟ ਵੀਕਲੀ’ ਨੇ ਕੇਲਿੰਗ ਨੂੰ ਹਾਲੀਵੁੱਡ ਵਿੱਚ ‘50 ਸਭ ਤੋਂ ਵਧੀਆ ਅਤੇ ਸਭ ਤੋਂ ਵੱਧ ਰਚਨਾਤਮਕ ਮਨੋਰੰਜਨ ਕਰਨ ਵਾਲਿਆਂ’ ਵਿੱਚੋਂ ਇੱਕ ਵਜੋਂ ਸਨਮਾਨਿਤ ਕੀਤਾ। ਪਿਛਲੇ ਸਾਲ, ਮਾਰਚ 2023 ਵਿੱਚ, ਕਾਲਿੰਗ ਨੂੰ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵੱਕਾਰੀ ‘ਨੈਸ਼ਨਲ ਮੈਡਲ ਆਫ਼ ਆਰਟਸ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਉਣ ਵਾਲੇ ਸਮੇਂ ਦੌਰਾਨ ਵੀ ਮਿੰਡੀ ਕੇਲਿੰਗ ਦੇ ਮਿਆਰੀ ਕਾਰਜ ਜਾਰੀ ਰਹਿਣਗੇ ਅਤੇ ਹੁਣ ਓਹ ਡੈਨ ਗੋਰ ਦੇ ਨਾਲ ‘ਬਲੌਂਡ ਸੀਰੀਜ਼’ ਦੀ ਤੀਜੀ ਕਿਸ਼ਤ ਲਿਖਣ ਲਈ ਤਿਆਰ ਹੈ। ਇਹ ਫਿਲਮ ਮਈ 2022 ਵਿੱਚ ਰਿਲੀਜ਼ ਹੋਣੀ ਸੀ, ਪਰ ਸਕਿ੍ਰਪਟ ਦੇ ਕਾਰਨ ਅਣਮਿੱਥੇ ਸਮੇਂ ਲਈ ਦੇਰੀ ਹੋ ਗਈ ਸੀ। ਉਹ ‘ਯੂਨੀਵਰਸਲ’ ਸਿਰਲੇਖ ਦੇ ਤਹਿਤ ਇੱਕ ਭਾਰਤੀ-ਅਮਰੀਕੀ ਵਿਆਹ ਉੱਤੇ ਅਧਾਰਤ ਇੱਕ ਕਾਮੇਡੀ ਵਿੱਚ ਪਿ੍ਰਯੰਕਾ ਚੋਪੜਾ ਦੇ ਨਾਲ ਲਿਖਣ ਅਤੇ ਅਭਿਨੈ ਕਰਨ ਲਈ ਡੈਨ ਗੋਰ ਨਾਲ ਦੁਬਾਰਾ ਟੀਮ ਬਣਾਉਣ ਲਈ ਵੀ ਵਚਨਬੱਧ ਹੈ। ਉਸ ਦੀ ‘ਔਫਬੀਟ’ ਸਮਝਦਾਰੀ, ਉਸ ਦੀ ਟਵਿੱਟਰ ਅਤੇ ਉਸ ਦੇ ਪ੍ਰਸਿੱਧ ਇੰਸਟਾਗ੍ਰਾਮ ਅਕਾਉਂਟ ਦੀ ਫੀਡ, ਜਿਸ ਨੂੰ ਉਹ ਲਗਾਤਾਰ ਅੱਪਡੇਟ ਕਰਦੀ ਰਹਿੰਦੀ ਹੈ, ਉਸ ਦੇ ਲੱਖਾਂ ਪ੍ਰਸੰਸਕਾਂ ਦੇ ਰੋਜ਼ਾਨਾ ਮਨੋਰੰਜਨ ਦਾ ਪ੍ਰਮੁੱਖ ਸਾਧਨ ਬਣਦੀ ਹੈ।
-ਪੰਜਾਬ ਪੋਸਟ
ਅਮਰੀਕਾ ਦੇ ਕਲਾ ਜਗਤ ਉੱਤੇ ਚਮਕ ਕੇ ਆਲਮੀ ਸਟਾਰ ਬਣੀ : ਮਿੰਡੀ ਕੇਲਿੰਗ
Published: