ਪੰਜਾਬ ਪੋਸਟ/ਬਿਓਰੋ
ਕਾਂਗਰਸੀ ਆਗੂ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਦੇ ਦੌਰੇ ਨੂੰ ਕਵਰ ਕਰਨ ਲਈ ਕਈ ਭਾਰਤੀ ਪੱਤਰਕਾਰ ਵੀ ਅਮਰੀਕਾ ‘ਚ ਹਨ। ਅਜਿਹੇ ‘ਚ ਇਕ ਪੱਤਰਕਾਰ ਨੇ ਅਮਰੀਕਾ ‘ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦਾ ਇੰਟਰਵਿਊ ਲਿਆ ਪਰ ਪੱਤਰਕਾਰ ਦਾ ਦੋਸ਼ ਹੈ ਕਿ ਇਸ ਦਰਮਿਆਨ ਉਸ ਨਾਲ ਬਦਸਲੂਕੀ ਹੋਈ ਅਤੇ ਨਾਲ ਹੀ ਉਸ ਨੇ ਰਾਹੁਲ ਗਾਂਧੀ ਦੀ ਟੀਮ ‘ਤੇ ਵੀ ਗੰਭੀਰ ਦੋਸ਼ ਲਾਏ। ਪੱਤਰਕਾਰ ਨੇ ਦੋਸ਼ ਲਾਇਆ ਕਿ ਰਾਹੁਲ ਦੀ ਟੀਮ ਦੇ ਇੱਕ ਮੈਂਬਰ ਨੇ ਉਸ ਦਾ ਫ਼ੋਨ ਖੋਹ ਲਿਆ ਅਤੇ ਫ਼ੋਨ ‘ਤੇ ਰਿਕਾਰਡ ਕੀਤਾ ਸੈਮ ਪਿਤਰੋਦਾ ਦਾ ਇੰਟਰਵਿਊ ਡਿਲੀਟ ਕਰ ਦਿੱਤਾ। ਪੱਤਰਕਾਰ ਵੱਲੋਂ ਕੀਤੇ ਇਸ ਖੁਲਾਸੇ ਨੇ ਨਵਾਂ ਸਿਆਸੀ ਖਲਬਲੀ ਮਚਾ ਦਿੱਤੀ ਹੈ। ਰਾਹੁਲ ਦੀ ਟੀਮ ‘ਤੇ ਅਮਰੀਕਾ ‘ਚ ਦੁਰਵਿਵਹਾਰ ਦਾ ਦੋਸ਼ ਲਗਾਉਣ ਵਾਲੇ ਪੱਤਰਕਾਰ ਨੇ ਇਹ ਵੀ ਦੱਸਿਆ ਕਿ ਉਸ ਨੇ ਸੈਮ ਪਿਤਰੋਦਾ ਨੂੰ ਪੁੱਛਿਆ ਸੀ ਕਿ ਕੀ ਰਾਹੁਲ ਗਾਂਧੀ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੀ ਹਿੰਸਾ ‘ਤੇ ਦੇਸ਼ ‘ਚ ਰਹਿੰਦਿਆਂ ਕਦੇ ਕੋਈ ਬਿਆਨ ਦੇਣਗੇ ਜਾਂ ਨਹੀਂ। ਇਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਵਾਪਰਿਆ ਦੱਸਿਆ ਜਾਂਦਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੱਤਰਕਾਰ ਨਾਲ ਹੋਈ ਇਸ ਘਟਨਾ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਨੇ ਰਾਏਬਰੇਲੀ ਦੇ ਸੰਸਦ ਮੈਂਬਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹ ਨਰਿੰਦਰ ਮੋਦੀ ਸਰਕਾਰ ਦੇ ਅਧੀਨ ਸੰਵਿਧਾਨ ਨੂੰ ਖਤਰੇ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੇ ਖੁਦ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਬੰਨੇ, ਪ੍ਰਵਾਸੀ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ। ਉਨਾਂ ਨੇ ਦੱਸਿਆ ਕਿ ਉਹ ਉਸ ਸਮੇਂ ਕਾਹਲੀ ਵਿੱਚ ਸੀ ਅਤੇ ਕਿਤੇ ਹੋਰ ਜਾਣਾ ਸੀ, ਇਸ ਲਈ ਉਹ ਰੋਹਿਤ ਸ਼ਰਮਾ ਨੂੰ ਮਿਲਣ ਤੋਂ ਬਾਅਦ ਚਲੇ ਗਏ। ਪਿਤਰੋਦਾ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਓਹ ਇਸ ਦੀ ਜਾਂਚ ਕਰਨਗੇ। ਅਦਾਰਾ ‘ਪੰਜਾਬ ਪੋਸਟ’ ਹਮੇਸ਼ਾ ਤੋਂ ਹੀ ਪ੍ਰੈੱਸ ਦੀ ਅਜ਼ਾਦਾਨਾ ਹਸਤੀ ਦਾ ਹਿਮਾਇਤੀ ਰਿਹਾ ਹੈ ਅਤੇ ਕਿਸੇ ਪੱਤਰਕਾਰ ਨਾਲ ਮਾੜੇ ਵਤੀਰੇ ਦੀ ਘਟਨਾ ਦੀ ਅਦਾਰੇ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ।