ਦਿੱਲੀ/ਪੰਜਾਬ ਪੋਸਟ
ਪਹਿਲਗਾਮ ਦਹਿਸ਼ਤੀ ਹਮਲੇ ਦੀ ਪ੍ਰਤੀਕਿਰਿਆ ਵਜੋਂ ਸਰਕਾਰ ਨੇ ਕਈ ਰਾਜਾਂ ਨੂੰ ਗੈਰ-ਫੌਜੀ ਰੱਖਿਆ ਸਮਰੱਥਾਵਾਂ ਅਤੇ ਇਸ ਦੀ ਕਾਰਗਰਤਾ ਦੀ ਜਾਂਚ ਲਈ ਅੱਜ 7 ਮਈ ਨੂੰ ਮੌਕ ਡਰਿੱਲ ਕਰਨ ਵਾਸਤੇ ਕਿਹਾ ਹੈ। ਕੇਂਦਰ ਸਰਕਾਰ ਨੇ ਜਿਨ੍ਹਾਂ ਬਹੁਤੇ ਰਾਜਾਂ ਨੂੰ ਆਪਣੀ ਤਿਆਰੀ ਦੀ ਅਜ਼ਮਾਇਸ਼ ਲਈ ਕਿਹਾ ਹੈ, ਉਹ ਜਾਂ ਤਾਂ ਸਰਹੱਦ ’ਤੇ ਨੇ ਜਾਂ ਸਰਹੱਦ ਨੇੜੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਨੇ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਦਾ ਮੁਲਾਂਕਣ ਕਰਨ ਲਈ ਅੱਜ 7 ਮਈ ਨੂੰ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤਹਿਤ, ਪੰਜਾਬ ਵਿੱਚ ਵੀ ਕੁੱਲ 20 ਥਾਵਾਂ ‘ਤੇ ਮੌਕ ਡ੍ਰਿਲ ਲਈ ਤਿਆਰੀਆਂ ਕੀਤੀਆਂ ਗਈਆਂ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ ਉਭਰ ਰਹੇ “ਨਵੇਂ ਅਤੇ ਗੁੰਝਲਦਾਰ ਖਤਰਿਆਂ” ਦੇ ਮੱਦੇਨਜ਼ਰ ਮੌਕ ਡ੍ਰਿਲ ਕਰਨ ਲਈ ਕਿਹਾ ਸੀ ਜਿਸ ਮੁਤਾਬਕ ਪੰਜਾਬ ਚ ਵੀ ਅਭਿਆਸ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ 20 ਥਾਵਾਂ ‘ਤੇ ਮੌਕ ਡ੍ਰਿਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਪਠਾਨਕੋਟ, ਬਰਨਾਲਾ ਅਤੇ ਮੁਹਾਲੀ ਜ਼ਿਲ੍ਹੇ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਮੌਕ ਡ੍ਰਿਲ ਦੀਆਂ ਤਿਆਰੀਆਂ ਮੁਕੰਮਲ ਹਨ। ਡ੍ਰਿਲ ਮਸ਼ਕਾਂ ਦੌਰਾਨ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਅਜਿਹੀ ਡ੍ਰਿਲ ਦਾ ਉਦੇਸ਼ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਲੋੜੀਂਦੀਆਂ ਚੌਕਸੀਆਂ ਵਰਤਣਾ ਏ। ਇਸ ਦਰਮਿਆਨ, ਭਾਰਤੀ ਹਵਾਈ ਸੈਨਾ ਅੱਜ ਤੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਦੋ ਰੋਜ਼ਾ ਮੈਗਾ ਫੌਜੀ ਮਸ਼ਕ ਕਰੇਗੀ ਜਿਸ ਵਿੱਚ ਰਾਫੇਲ, ਸੁਖੋਈ-30 ਅਤੇ ਜੈਗੁਆਰ ਜਹਾਜ਼ਾਂ ਸਮੇਤ ਮੂਹਰਲੀ ਕਤਾਰ ਦੇ ਸਾਰੇ ਲੜਾਕੂ ਜਹਾਜ਼ ਸ਼ਾਮਲ ਹੋਣਗੇ।