ਆਸਾਮ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਨੇ ‘ਲੁੱਟ ਈਸਟ’ ਨੀਤੀ ਅਪਣਾਈ ਰੱਖੀ ਜਦਕਿ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ‘ਐਕਟ ਈਸਟ’ ਨੀਤੀ ’ਚ ਬਦਲ ਦਿੱਤਾ।
ਸਥਾਨਕ ਬੋਰਕੁਡਾ ਮੈਦਾਨ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ’ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਤਿ੍ਰਪੁਰਾ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਸੂਬੇ ’ਚ ਹਾਈਵੇਅ ਨੂੰ ਅਪਗ੍ਰੇਡ ਕਰਨ ਲਈ 3,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਉਹ 2014 ’ਚ ਲੋਕਾਂ ’ਚ ਉਮੀਦ ਲੈ ਕੇ ਆਏ ਸਨ। 2019 ’ਚ ਭਰੋਸਾ ਲਿਆਏ ਅਤੇ ਗੁਣ 2024 ’ਚ ਗਾਰੰਟੀ ਲੈ ਕੇ ਆਏ ਹਨ। ਮੋਦੀ ਕੋਲ ਪੂਰੇ ਦੇਸ਼ ਲਈ ਗਾਰੰਟੀ ਹੈ ਅਤੇ ਮੈਂ ਇਨ੍ਹਾਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ ਦੇ ਰਿਹਾ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਮੋਦੀ ਦੀ ਗਾਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਇਸ ਖੇਤਰ ਨੂੰ ਸਿਰਫ਼ ਸਮੱਸਿਆਵਾਂ ਦਿੱਤੀਆਂ ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸੋਮਾ ਬਣਾ ਦਿੱਤਾ।ਕਾਂਗਰਸ ਨੇ ਬਗਾਵਤ ਨੂੰ ਉਤਸ਼ਾਹਿਤ ਕੀਤਾ ਪਰ ਮੋਦੀ ਨੇ ਲੋਕਾਂ ਨੂੰ ਗਲੇ ਲਾ ਲਿਆ। ਖੇਤਰ ’ਚ ਸ਼ਾਂਤੀ ਲਿਆਂਦੀ। ਕਾਂਗਰਸ ਦੇ 60 ਸਾਲਾਂ ਦੇ ਰਾਜ ’ਚ ਜੋ ਨਹੀਂ ਹੋ ਸਕਿਆ, ਮੋਦੀ ਨੇ 10 ਸਾਲਾਂ ’ਚ ਹਾਸਲ ਕਰ ਲਿਆ।