ਨਵੀਂ ਦਿੱਲੀ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨ. ਡੀ. ਏ. ਸਰਕਾਰ ਵਿੱਚ ਭਾਜਪਾ ਨੇ ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮੰਤਰਾਲੇ ਅਤੇ ਰੇਲਵੇ ਸਣੇ ਕਈ ਅਹਿਮ ਮੰਤਰਾਲੇ ਆਪਣੇ ਕੋਲ ਹੀ ਰੱਖੇ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਖਰਲੇ ਚਾਰ ਆਗੂਆਂ- ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਅਤੇ ਐੱਸ. ਜੈਸ਼ੰਕਰ ਨੂੰ ਨਵੀਂ ਕੈਬਨਿਟ ਵਿੱਚ ਕ੍ਰਮਵਾਰ ਪੁਰਾਣੇ ਮੰਤਰਾਲਿਆਂ- ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮਾਮਲੇ ਨਾਲ ਮੁੜ ਨਿਵਾਜਿਆ ਹੈ। ਅਸ਼ਵਨੀ ਵੈਸ਼ਨਵ ਰੇਲ ਮੰਤਰੀ ਅਤੇ ਮਨਸੁਖ ਮਾਂਡਵੀਆ ਕਿਰਤ ਅਤੇ ਰੁਜ਼ਗਾਰ ਦੇ ਨਾਲ ਖੇਡ ਮੰਤਰੀ ਵੀ ਹੋਣਗੇ। ਕੇਂਦਰੀ ਕੈਬਨਿਟ ਵਿਚ ਨਵੇਂ ਚਿਹਰਿਆਂ ਵਜੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਾਮਲ ਕੀਤਾ ਗਿਆ ਹੈ। ਚੌਹਾਨ ਨੂੰ ਖੇਤੀ ਤੇ ਪੇਂਡੂ ਵਿਕਾਸ, ਨੱਢਾ ਨੂੰ ਸਿਹਤ ਜਦੋਂਕਿ ਖੱਟਰ ਨੂੰ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰਾਲੇ ਮਿਲੇ ਹਨ। ਜੇਪੀ ਨੱਢਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਸਿਹਤ ਮੰਤਰੀ ਰਹਿ ਚੁੱਕੇ ਹਨ। ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਫੂਡ ਪ੍ਰੋਸੈਸਿੰਗ ਅਤੇ ਰੇਲ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।
ਐੱਨ. ਡੀ. ਏ. ਸਰਕਾਰ ਦੇ ਮੰਤਰੀਆਂ ਨੂੰ ਮਿਲਣ ਵਾਲੇ ਵਿਭਾਗਾਂ ਦੀ ਸੂਚੀ ਸਾਹਮਣੇ ਆਈ

Published: