ਗੁਰਦਾਸਪੁਰ/ਪੰਜਾਬ ਪੋਸਟ
ਆਪਣੇ ਦੋ ਰੋਜ਼ਾ ਪੰਜਾਬ ਦੌਰੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਪਹੁੰਚੇ ਅਤੇ ਇਸ ਤਹਿਤ ਉਨ੍ਹਾਂ ਨੇ ਦੀਨਾਨਗਰ ਵਿਖੇ ਇੱਕ ਵੱਡੇ ਇਕੱਠ ਵਾਲੀ ਰੈਲੀ ਨੂੰ ਸੰਬੋਧਨ ਕੀਤਾ ਅਤੇ ਇਸ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਸਬੰਧੀ ਵੀ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ। ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਅਤੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਬਿਆਨ ਕੀਤਾ ਕਿ ਉਨ੍ਹਾਂ ਨੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਨਾਲ ਮਿਲ ਕੇ ਕੁੱਲ 10 ਸਾਲ ਤੱਕ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਵੀ ਦੱਸੀ ਕਿ ਇਸੇ ਸਮੇਂ ਦੌਰਾਨ ਸ. ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਬਤੌਰ ਭਾਰਤੀ ਰਾਜਦੂਤ, ਭਾਰਤ ਦੀ ਸਾਖ ਵਧਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ, ਜਿਸ ਸਦਕਾ ਅੰਤਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਹੋਰ ਬਿਹਤਰ ਮੁਕਾਮ ਹਾਸਲ ਹੋਇਆ।
ਪ੍ਰਧਾਨ ਮੰਤਰੀ ਮੋਦੀ ਨੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਪਰਿਵਾਰਿਕ ਵਿਰਾਸਤ ਦਾ ਵੀ ਉਚੇਚਾ ਜ਼ਿਕਰ ਕਰਦਿਆਂ ਦੱਸਿਆ ਕਿ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਆਪਣਾ ਸਮੁੱਚਾ ਜੀਵਨ ਸਿੱਖੀ ਦੇ ਲੇਖੇ ਲਾਇਆ ਅਤੇ ਇਹੋ ਜਿਹੀ ਮਾਣਮੱਤੀ ਸ਼ਖਸੀਅਤ ਦੇ ਵਿਰਸੇ ਨੂੰ ਹੁਣ ਸ. ਤਰਨਜੀਤ ਸਿੰਘ ਸੰਧੂ ਬਾਖੂਬੀ ਅੱਗੇ ਤੋਰ ਰਹੇ ਹਨ। ਸ. ਤਰਨਜੀਤ ਸਿੰਘ ਸੰਧੂ ਦੀ ਮੰਚ ਤੋਂ ਭਰਵੀਂ ਤਾਰੀਫ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਨੇ ਹਾਜ਼ਰ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਸ. ਤਰਨਜੀਤ ਸਿੰਘ ਸੰਧੂ ਵਰਗੇ ਬਿਹਤਰੀਨ ਨੁਮਾਇੰਦੇ ਲੋਕ ਸਭਾ ਵਿੱਚ ਪਹੁੰਚ ਕੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਕੀਤੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਦੇਣ ਅਤੇ ਵਿਰਾਸਤ
Published: