ਮੈਨਹੈਟਨ/ਪੰਜਾਬ ਪੋਸਟ
ਮੱਧ ਪ੍ਰਦੇਸ਼ ਤੋਂ 1980 ਦੇ ਦਹਾਕੇ ’ਚ ਚੋਰੀ ਹੋਈ ਇਕ ਪੱਥਰ ਦੀ ਮੂਰਤੀ ਅਤੇ 1960 ਦੇ ਦਹਾਕੇ ’ਚ ਰਾਜਸਥਾਨ ਤੋਂ ਚੋਰੀ ਹੋਈ ਇਕ ਮੂਰਤੀ ਉਨ੍ਹਾਂ 1,400 ਤੋਂ ਜ਼ਿਆਦਾ ਪੁਰਾਤਨ ਵਸਤੂਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਨੇ ਭਾਰਤ ਵਾਪਸ ਲਿਆਂਦਾ ਹੈ। ਇਨ੍ਹਾਂ ਪੁਰਾਤਨ ਵਸਤੂਆਂ ਦੀ ਕੁਲ ਕੀਮਤ 10 ਲੱਖ ਅਮਰੀਕੀ ਡਾਲਰ ਹੈ। ਭਾਰਤ ਤੋਂ ਚੋਰੀ ਕੀਤੀਆਂ 600 ਤੋਂ ਵੱਧ ਪੁਰਾਤਨ ਵਸਤੂਆਂ ਅਗਲੇ ਕੁੱਝ ਮਹੀਨਿਆਂ ’ਚ ਵਾਪਸ ਕਰ ਦਿਤੀਆਂ ਜਾਣਗੀਆਂ। ਮੈਨਹੈਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਐਲ. ਬ੍ਰੈਗ ਜੂਨੀਅਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਚੀਜ਼ਾਂ ਇੱਥੇ ਭਾਰਤ ਦੇ ਕੌਂਸਲੇਟ ਜਨਰਲ ਦੇ ਮਨੀਸ਼ ਕੁਲਹਾਰੀ ਅਤੇ ਨਿਊਯਾਰਕ ਕਲਚਰਲ ਪ੍ਰਾਪਰਟੀ, ਆਰਟ ਐਂਡ ਐਂਟੀਕਿਊਟੀਜ਼ ਗਰੁੱਪ ਦੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਲਈ ਗਰੁੱਪ ਸੁਪਰਵਾਈਜ਼ਰ ਅਲੈਗਜ਼ੈਂਡਰਾ ਡੀ. ਅਰਮਾਸ ਦੀ ਹਾਜ਼ਰੀ ਵਿਚ ਇਕ ਸਮਾਰੋਹ ਵਿਚ ਵਾਪਸ ਕੀਤੀਆਂ ਗਈਆਂ। ਬ੍ਰੈਗ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮਾਰੋਹ ਵਿਚ ਘੱਟੋ-ਘੱਟ 1,440 ਪੁਰਾਤਨ ਵਸਤੂਆਂ ਭਾਰਤ ਵਾਪਸ ਕੀਤੀਆਂ ਗਈਆਂ, ਜਿਨ੍ਹਾਂ ਦੀ ਕੁੱਲ ਕੀਮਤ ਇਕ ਕਰੋੜ ਡਾਲਰ ਹੈ।