-1.6 C
New York

ਮਾਂ ਦਾ ਬਾਗ

Published:

Rate this post

ਧਰਤੀ ਦੀ ਬੋਲੀ, ਧਰਤੀ ਦੀ ਲਿੱਪੀ, ਧਰਤੀ ਦਾ ਪਹਿਰਾਵਾ, ਧਰਤੀ ਦੇ ਨਾਚ ਜਾਂ ਫਿਰ ਇਉਂ ਕਹਿ ਲਓ ਕਿ ਧਰਤੀ ਦਾ ਪੂਰਾ ਸੱਭਿਆਚਾਰ ਬਾਗਾਂ ’ਚੋਂ ਦੇਖਿਆ ਜਾ ਸਕਦਾ। ਜੰਗਲਾਂ ’ਚੋਂ ਦੇਖਿਆ ਜਾ ਸਕਦਾ। ਤਪਦੇ ਪੱਥਰਾਂ ’ਤੇ ਕੋਈ ਤਿੱਤਲੀ ਨਹੀਂ ਆ ਕੇ ਬਹਿੰਦੀ। ਕੰਕਰੀਟ ਦੇ ਢੇਰਾਂ ’ਤੇ ਕੋਈ ਚਿੜੀ ਵੀ ਖੰਭ ਝਾੜ ਕੇ ਰਾਜ਼ੀ ਨਹੀਂ ਹੁੰਦੀ। ਸਰਸਰੀ ਜਿਹੀ ਨਜ਼ਰ ਤੁਹਾਨੂੰ ਬਾਗਾਂ ਦੇ ਹਾਣ ਦਾ ਨਹੀਂ ਕਰਦੀ। ਬਾਗਾਂ ਦੇ ਕਰਤੱਬ ਦੇਖਣ ਲਈ ਤੁਹਾਨੂੰ ਟਾਹਣੀਆਂ ਬਣ ਕੇ ਲਿਫਣਾ ਪੈਂਦਾ ਹੈ।
ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ
ਉਹ ਹੀ ਸਾਡੀ ਅਕਲ ਦਾ ਆਧਾਰ ਹੈ
ਜੋ ਜੰਗਲਾਂ ਤੇ ਪਰਬਤਾਂ ਦਾ ਪਿਆਰ ਹੈ
ਓਸੇ ਦੀ ਤੀਖਣਤਾ ’ਚ ਹੁੰਦਾ ਭਾਰ ਹੈ।
ਹਰੇ ਰੰਗ ਦੀ ਅਸੀਮ ਸੱਤਾ ਮੈਨੂੰ ਨਿੱਕੇ ਹੁੰਦੇ ਤੋਂ ਹੀ ਆਪਣੇ ਘਰ ਵਿੱਚ ਦੇਖਣ ਨੂੰ ਮਿਲੀ। ਮੈਨੂੰ ਮੇਰੀ ਮਾਂ ਨੇ ਹੀ ਸਿਖਾ ਦਿੱਤਾ ਕਿ ਪਰਿੰਦੇ ਰੱਬ ਦੇ ਡਾਕੀਏ ਹੁੰਦੇ ਨੇ। ਜਦ ਵੀ ਘਰ ਉੱਗੇ ਵੇਲਾਂ-ਬੂਟੀਆਂ ਵੱਲ ਨਜ਼ਰ ਜਾਂਦੀ ਤਾਂ ਮਾਂ ਕਦੇ ਝੁਮਕਾ ਵੇਲ ਨੂੰ ਹੱਥਾਂ ਦਾ ਸਹਾਰਾ ਦੇ ਕੇ ਕੰਧਾਂ ’ਤੇ ਨੱਚਣਾ ਸਿਖਾ ਰਹੀ ਹੁੰਦੀ। ਕਦੇ ਪਪੀਤਿਆਂ ਦੀ ਛਤਰੀ ਹੇਠਾਂ ਬੈਠੀ ਘਾਹ ਦੀਆਂ ਤਿੜਾਂ ਨੂੰ ਗੀਤ ਸੁਣਾ ਰਹੀ ਹੁੰਦੀ। ਕਦੇ ਮੁਸੰਮੀਆਂ ਨੂੰ ਫਲ਼ਾਂ ਦੇ ਆਉਣ ਦੀ ਤਾਰੀਖ਼ ਪੁੱਛਦੀ ਤੇ ਕਦੇ ਤਾਜ਼ੇ ਤੋੜੇ ਪੇਠਿਆਂ ਨੂੰ ਹੱਥਾਂ ਵਿੱਚ ਇਉ ਚੱੁਕੀ ਫਿਰਦੀ ਜਿਵੇਂ ਜਿਊਂਦਾ-ਜਾਗਦਾ ਨਵ-ਜੰਮਿਆ ਜੁਆਕ ਹੋਵੇ।
ਉਹ ਪੰਜ-ਪਤੀਏ ਦੇ ਨਿੱਕੇ ਬੂਟਿਆਂ ਨੂੰ ਮੱਤਾਂ ਦਿੰਦੀ ਨਾ ਥੱਕਦੀ।
ਤੇ ਬੁੱਢੇ ਰੱੁਖਾਂ ਕੋਲ਼ੋ ਲੰਘਦੀ ਸਿਰ ਢਕ ਲੈਂਦੀ।
ਹੁਣ ਵੀ ਜਦੋਂ ਅਸ਼ੋਕਾ-ਟ੍ਰੀ ’ਤੇ ਰਹਿੰਦੀਆਂ ਚਾਮ-ਚੜਿੱਕਾਂ ਸ਼ਾਮ ਦੇ ਘੁਸਮੁਸੇ ’ਚ ਬਾਹਰ ਨੂੰ ਉੱਡਦੀਆਂ ਤਾਂ ਮਾਂ ਕੱਦੂਆਂ, ਤੋਰੀਆਂ ਤੇ ਖੀਰਿਆਂ ਦੀਆਂ ਵੇਲਾਂ ਨੂੰ ਧੂੰਆਂ ਕਰ ਰਹੀ ਹੁੰਦੀ ਹੈ। ਪਹਿਲੇ ਤਾਰੇ ਦੀ ਓਟ ਵਿੱਚ ਕਾਹਲ਼ੀ-ਕਾਹਲ਼ੀ ਤੁਰਦੀ ਜਾਂਦੀ ਹੈ।
ਜਾਮਣ ਕੋਲ਼ੋ ਖੜ੍ਹੀ ਮਾਂ ਜਾਮਣ ਵਰਗੀ ਹੀ   ਲਗਦੀ ਹੈ।
ਮਾਂ ਦੇ ਬਾਗ ਦੀਆਂ ਅੰਗੂਰੀਆਂ ਸਿਲਵਰ ਓਕ ਦੇ ਟਾਹਣਾਂ ਨੂੰ ਲਿਪਟ ਕੇ ਗੁਲਾਚੀਨ ਦੇ ਬੂਟੇ ਤੋਂ ਉੱਚੀਆਂ ਉੱਠ ਜਾਂਦੀਆਂ ਤੇ ਕੋਠੇ ਨੂੰ ਹੱਥ ਪਾ ਕੇ ਸਾਰੇ ਪਿੰਡ ਨੂੰ ਦੇਖਦੀਆਂ ਨੇ। ਮੋਟੇ ਤੇ ਖੁਰਦਰੇ ਮੁੱਢ ਵਾਲ਼ੇ ਰੁੱਖਾਂ ’ਤੇ ਜਦੋਂ ਨਿੱਕੇ-ਨਿੱਕੇ ਬਲੂੰਘੜੇ ਚੜ੍ਹਨਾ ਸਿੱਖਣ ਖੇਡਦੇ ਨੇ ਤਾਂ ਮਾਂ ਦੀ ਖੁਸ਼ੀ ਦੇਖਣ ਵਾਲ਼ੀ ਹੁੰਦੀ ਹੈ। ਔਲਿਆਂ ਤੇ ਨਿੰਬੂਆਂ ਦੀ ਰਲਵੀਂ ਛਾਂ ’ਚ ਚਿੜੀਆਂ, ਤਲੋਰ ਤੇ ਤੋਤੇ ਵੀ ਨੇਮ ਨਾਲ਼ ਉੱਤਰਦੇ ਨੇ।
ਮਿਰਚਾਂ ਦੇ ਅਧਖਿੜ੍ਹੇ ਫੁੱਲ ਬਾਣੀ ਦੇ ਸਲੋਕਾਂ ਵਰਗੇ ਲੱਗਦੇ ਨੇ।
ਕਦੇ ਹਵਾ ’ਚੋਂ ਪਤੰਗੇ ਖਾਂਦੀ ਕਿਸੇ ਚਿੜੀ ਨੂੰ ਕੋਈ ਬਾਜ਼ ਪੰਜੇ ’ਚ ਭਰ ਕੇ ਲੈ ਜਾਂਦਾ। ਕਦੇ ਚਿੜੀਆਂ ’ਕੱਠੀਆਂ ਹੋ ਕੇ ਉਹਨੂੰ ਭਜਾ ਵੀ ਦਿੰਦੀਆਂ। ਅਨੋਖੇ ਦਿ੍ਰਸ਼ਾਂ ਦੀ ਲੜੀ ਕਿਸੇ ਵਕਤ ਨਹੀਂ ਟੁੱਟਦੀ। ਮਾਂ ’ਕੱਲਾ ਸਾਡਾ ਖਿਆਲ ਹੀ ਨਹੀਂ ਰੱਖਦੀ, ਸਗੋਂ ਭਾਂਤ-ਭਾਂਤ ਦੀਆਂ ਮੱਕੀਆਂ ਤੇ ਤਿੱਤਲੀਆਂ ਨੂੰ ਵੀ ਪਾਲ਼ਦੀ ਹੈ।
ਲਾਹਾ-ਟੋਟਾ ਪਰਖਦੀਆਂ ਉਂਗਲ਼ਾਂ ਪੰਛੀਆਂ ਨੂੰ ਦਾਣੇ ਨਹੀਂ ਪਾਉਂਦੀਆਂ ਤੇ ਨਾ ਹੀ ਪੱਤਿਆਂ ਨੂੰ ਛੂਹ ਕੇ ਹਰੀਆਂ ਹੁੰਦੀਆਂ। ਦਰਿਆਦਿਲੀ ਤੇ ਮੁਹੱਬਤ ਦੇ ਕਿਸੇ ਅਸਮਾਨਾਂ ’ਚ  ਕਿੱਕਲੀ ਪਾਉਂਦੇ ਨੇ। ਤਾਰਿਆਂ ਨਾਲ਼ ਦਈਆਂ-ਦੁੱਕੜੇ ਖੇਡਦੇ ਨੇ।
ਸਾਨੂੰ ਸਾਰਿਆਂ ਨੂੰ ਕੁਆਰ-ਗੰਦਲ ਦੇ ਫਾਇਦੇ ਦਸਦੀ, ਫੋੜਿਆਂ-ਫਿੰਸੀਆਂ ’ਤੇ ਪੱਥਰ-ਚੱਟ ਦੇ ਪੱਤੇ ਬੰਨ੍ਹਦੀ ਤੇ ਤੁਲਸੀ ਦਾ ਕਾੜ੍ਹਾ ਬਣਾ ਕੇ ਪਿਆਉਂਦੀ ਹੈ ਕਿਸੇ ਚੰਗੇ ਵੈਦ ਜਿਹੀ ਮਾਂ। ਕਿਆਰੀਆਂ ’ਚ ਡਿੱਗੇ ਗੁੜਹਲ ਦੇ ਫੁੱਲ ਚੁਗਦੀ ਦੇ ਬੁੱਲ੍ਹਾਂ ’ਤੇ ਖੱਖੜੀਆਂ ਦੇ ਰੰਗ ਵਰਗੀ ਮੁਸਕਾਨ ਹੁੰਦੀ ਹੈ, ਜਿਵੇਂ ਮਿੱਟੀ ਦੇ ਕਿਸੇ ਡੂੰਘੇ ਰਾਜ਼ ਦੀ ਭੇਤਣ ਹੋਵੇ।
ਮੈਂ ਤਾਂ ਇਸ ਬਾਗ ’ਚ ਰਾਜਕੁਮਾਰਾਂ ਵਾਗੂੰ ਬਹਿ ਕੇ ਬੱਸ ਕਵਿਤਾ ਲਿਖਣੀ ਹੀ ਜਾਣਦਾ ਹਾਂ, ਪਰ ਮਾਂ ਨੂੰ ਸਭ ਪਤਾ ਹੈ ਕਿ ਕਿਹੜੀ ਜੜ ਕਦੋਂ ਹਰੀ ਹੋਣੀ ਹੈ ਤੇ ਕਿਹੜੇ ਫੁੱਲ ਨੇ ਕਦੋਂ ਕਿਰਨਾ ਹੈ।
ਜੀ ਕਰਦੈ ਸਾਰੀ ਉਮਰ ਇਸੇ ਆਵਾਜ਼ ਦਾ ਚੋਲ਼ਾ ਪਾਈ ਰੱਖਾਂ ਜਿਹੜੀ ਇਸ ਬਾਗ ’ਚੋਂ ਲਗਾਤਾਰ ਆਉਂਦੀ ਰਹਿੰਦੀ ਹੈ।ਜੋ ਜੁੜਿਆ ਸੋ ਭੁਰਨਾ ਵੀ ਹੈ।

-ਹਰਮਨਜੀਤ ਸਿੰਘ   

Read News Paper

Related articles

spot_img

Recent articles

spot_img