(ਖਡੂਰ ਸਾਹਿਬ/ਪੰਜਾਬ ਪੋਸਟ)
ਖਡੂਰ ਸਾਹਿਬ ਤੋਂ ਐਮ.ਪੀ ਅੰਮ੍ਰਿਤਪਾਲ ਸਿੰਘ ਦੀ ਧਿਰ ਵਲੋਂ 13 ਨਵੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦੇ ਫ਼ੈਸਲੇ ਸਬੰਧੀ ਇਹ ਦੱਸਿਆ ਗਿਆ ਹੈ ਕਿ ਕਿਸੇ ਵਕਤੀ ਕਾਰਨ ਦੀ ਬਜਾਏ ਲੰਮੇ ਵਿਚਾਰ-ਮਸ਼ਵਰੇ ਬਾਅਦ ਇਹ ਫੈਸਲਾ ਲਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੇ ਟੀਮ ਮੈਂਬਰਾਂ ਤਰਲੋਕ ਸਿੰਘ ਜੱਲੂਪੁਰ, ਸਰਬਜੀਤ ਸਿੰਘ ਐਮ.ਪੀ ਫ਼ਰੀਦਕੋਟ, ਸੁਖਵਿੰਦਰ ਸਿੰਘ ਅਗਵਾਨ ਅਤੇ ਸਮੂਹ ਟੀਮ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਮੀਡੀਏ ਵਿਚ ਕੀਤੀਆਂ ਜਾ ਰਹੀਆਂ ਕਿਆਸੀ-ਅਰਾਈਆਂ ਬਾਰੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਨਾ ਲੜਨ ਦਾ ਫ਼ੈਸਲਾ, ਗੰਭੀਰ ਵਿਚਾਰ ਚਰਚਾ ਤੋਂ ਬਾਅਦ ਲਿਆ ਗਿਆ ਹੈ ਜਿਸ ਵਿਚ ਇਹ ਸਿੱਟਾ ਨਿਕਲ ਕੇ ਆਇਆ ਕਿ ਜ਼ਿਮਨੀ ਚੋਣਾਂ ਨੂੰ ਹਰ ਹਲਕੇ ਵਿਚ ਕੇਵਲ ਇਕ ਸਾਂਝੇ ਪੰਥਕ ਉਮੀਦਵਾਰ ਵਾਲੀ ਸਥਿਤੀ ਵਿਚ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਜਾ ਸਕਦਾ ਸੀ, ਪਰ ਮੌਜੂਦਾ ਸਮੇਂ ਵੱਖ-ਵੱਖ ਪੰਥਕ ਧਿਰਾਂ ਦੇ ਸਬੰਧਾਂ ਵਿਚਲੀ ਆਪਸੀ ਕੁੜੱਤਣ ਨੂੰ ਵੇਖਦਿਆਂ ਅਜਿਹਾ ਕਰ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ। ਇਸ ਧਿਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸਾਂਝੀ ਪੰਥਕ ਸ਼ਕਤੀ ਉੱਤੇ ਧਿਆਨ ਕੇਂਦ੍ਰਿਤ ਕਰਨਾ ਜ਼ਿਆਦਾ ਜ਼ਰੂਰੀ ਹੋਵੇਗਾ।