ਪੰਜਾਬ ਪੋਸਟ/ਬਿਓਰੋ
ਹਾਲ ਹੀ ਵਿੱਚ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ’ਤੇ ਹਮਲਿਆਂ ਦੀਆਂ ਕਈ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵੀ ਕਨੂੰਨ ਵਿਵਸਥਾ ਦਾ ਬੇਹੱਦ ਬੁਰਾ ਹਾਲ ਹੈ। ਦਿਨ ਦਿਹਾੜੇ ਕਤਲ, ਚੋਰੀਆਂ, ਕਾਰਾਂ ਖੋਹਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੀ ਹੁਣ ਇੱਕ 41 ਸਾਲਾਂ ਭਾਰਤੀ ਮੂਲ ਦੇ ਵਿਵੇਕ ਤਨੇਜਾ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਹੈ। ਵਾਸ਼ਿੰਗਟਨ ਡੀ.ਸੀ. ਪੁਲੀਸ ਤੋਂ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ 2 ਫਰਵਰੀ ਨੂੰ ਤੜਕੇ 2 ਵਜੇ ਦੇ ਕਰੀਬ 15 ਸਟਰੀਟ ਨਾਰਥ ਵੈਸਟ ਦੇ 1100 ਬਲਾਕ ’ਤੇ ਸੋਟੋ ਰੈਸਟੋਰੈਂਟ ਦੇ ਬਾਹਰ ਇਸ ਘਟਨਾ ਦੀ ਸੂਚਨਾ ਪ੍ਰਾਪਤ ਹੋਣ ਮਗਰੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਵਿਵੇਕ ਤਨੇਜਾ ਨਾਂ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਫੁੱਟਪਾਥ ’ਤੇ ਗੰਭੀਰ ਜਖਮੀ ਹਾਲਤ ’ਚ ਪਾਇਆ ਗਿਆ। ਜਿਸ ਨੂੰ ਫੌਰੀ ਤੌਰ ਤੇ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਗੰਭੀਰ ਜਖਮੀ ਤਨੇਜਾ ਦੀ ਇਸ ਬੀਤੇ ਬੁੱਧਵਾਰ ਨੂੰ ਮੌਤ ਹੋ ਗਈ। ਵਿਵੇਕ ਤਨੇਜਾ ‘ਡਾਇਨਾਮੋ ਟੈਕਨਾਲੋਜੀਜ’ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ।
ਵਾਸ਼ਿੰਗਟਨ ਡੀਸੀ ਦੇ ਸਥਾਨਕ ਟੀਵੀ ਡਬਲਯੂ. ਯੂ. ਐੱਸ. ਏ. ਅਨੁਸਾਰ, “ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਨੇਜਾ ਅਤੇ ਇੱਕ ਅਣਪਛਾਤੇ ਵਿਅਕਤੀ ਵਿਚਕਾਰ ਹੋਈ ਬਹਿਸ ਝਗੜੇ ਵਿੱਚ ਬਦਲ ਗਈ ਅਤੇ ਦੋਸ਼ੀ ਨੇ ਤਨੇਜਾ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਫੁੱਟਪਾਥ ’ਤੇ ਉਸਦਾ ਸਿਰ ਮਾਰਿਆ। ਜੋ ਤਨੇਜਾ ਦੀ ਮੌਤ ਦਾ ਕਾਰਨ ਹੋ ਸਕਦਾ ਹੈ।’’ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਅਤੇ ਮੁਲਜਮ ਦੀ ਭਾਲ ਕਰ ਰਹੀ ਹੈ। ਮੁਲਜਮ ਦੀ ਫੁਟੇਜ ਸੀ.ਸੀ.ਟੀ.ਵੀ. ਤੋਂ ਹਾਸਲ ਕਰ ਲਈ ਗਈ ਹੈ।
ਹਾਲ ਹੀ ’ਚ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ’ਤੇ ਹਮਲਿਆਂ ਦੀਆਂ ਕਈ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਸ਼ਿਕਾਗੋ ਵਿੱਚ ਭਾਰਤੀ ਵਿਦਿਆਰਥੀ ਸਈਦ ਮਜਾਹਿਰ ਅਲੀ ’ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਜਾਰਜੀਆ ਦੇ ਲਿਥੋਨੀਆ ਸ਼ਹਿਰ ਵਿੱਚ ਇੱਕ ਨਸ਼ੇੜੀ ਵਿਅਕਤੀ ਨੇ 25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੀ ਹਥੌੜੇ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਸੀ। ਇਸ ਸਾਲ ਅਮਰੀਕਾ ਵਿੱਚ ਭਾਰਤੀ ਮੂਲ ਦੇ 4 ਹੋਰ ਵਿਦਿਆਰਥੀਆਂ ਦੀ ਵੀ ਮੌਤ ਹੋਈ ਹੈ।