ਬਰੇਟਾ/ਪੰਜਾਬ ਪੋਸਟ
ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਬਦਲਾਅ ਦੇ ਨਾਂ ’ਤੇ ਆਈ ਆਪ ਸਰਕਾਰ ਨੇ ਤਾਂ ਵਿਕਾਸ ਦਾ ਡੱਕਾ ਵੀ ਨਹੀਂ ਤੋੜਿਆ, ਸਗੋਂ ਹਰ ਰੋਜ਼ ਨਵੇਂ ਕਰਜ਼ੇ ਲੈ ਕੇ ਸਰਕਾਰ ਦਾ ਕੰਮ ਚਲਾਇਆ ਜਾ ਰਿਹਾ ਹੈ, ਜਿਸ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਸਿਹਤ ਸਹੂਲਤਾਂ ਬੁਰੀ ਤਰਾਂ ਲੜਖੜਾ ਗਈਆਂ ਹਨ ਅਤੇ ਸੂਬੇ ਦਾ ਅਸਲ ਵਿਕਾਸ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਹੀ ਹੋਇਆ ਹੈ, ਦੂਜੀਆਂ ਪਾਰਟੀਆਂ ਨੇ ਤਾਂ ਲੋਕਾਂ ਨੂੰ ਝੂਠੇ ਵਾਅਦਿਆਂ ਅਤੇ ਲਾਰਿਆਂ ਵਿੱਚ ਹੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਹਲਕਾ ਉਨ੍ਹਾਂ ਦੇ ਆਪਣੇ ਪਰਿਵਾਰ ਵਾਂਗ ਹੈ ਇਸ ਲਈ ਉਹ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੀ, ਉਹ ਸਿਆਸਤ ਛੱਡ ਸਕਦੀ ਹੈ, ਪਰ ਇਹ ਹਲਕਾ ਨਹੀਂ ਤੇ ਉਹ ਆਖਰੀ ਸਾਹਾਂ ਤੱਕ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ।