- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਸਬੰਧੀ ਬੇਨਤੀ ਪੱਤਰ ਸੌਂਪਿਆ
ਅੰਮ੍ਰਿਤਸਰ/ਪੰਜਾਬ ਪੋਸਟ
ਨਾਮਧਾਰੀ ਸਿੱਖਾਂ ਦੇ ਇੱਕ ਵਫਦ ਨੇ ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੀ ਸਹਿਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਪੱਤਰ ਸੌੰਪਦੇ ਹੋਏ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾਵੇ। ਨਾਮਧਾਰੀ ਵਫਦ ਦਾ ਕਹਿਣਾ ਹੈ ਕਿ ਡਾ. ਮਨਮੋਹਨ ਸਿੰਘ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਉੱਤੇ ਰਹੇ ਹੋਣ ਕਾਰਨ ਸਿੱਖ ਪੰਥ ਦੀ ਸ਼ਾਨ ਸੰਸਾਰ ਭਰ ਵਿੱਚ ਵਧੀ। ਉਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੂਨ 1984 ਦੇ ਘੱਲੂਘਾਰੇ ਤੋਂ ਪਿੱਛੋਂ ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਸਦਕਾ ਇੱਕੋ ਸਮੇਂ ਵਿੱਚ ਹੀ ਕਈ ‘ਕੇਸਾਧਾਰੀ ਸਿੱਖ’ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ ਅਤੇ ਇਸ ਤਰ੍ਹਾਂ ਇਹ ਸਮਾਂ ਸਿੱਖ ਪੰਥ ਦਾ ਇੱਕ ਸੁਨਹਿਰੀ ਸਮਾਂ ਬਣਿਆ ਸੀ। ਨਾਮਧਾਰੀ ਵਫਦ ਨੇ ਆਪਣੀ ਬੇਨਤੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਡਾ: ਮਨਮੋਹਨ ਸਿੰਘ ‘ਪੰਥ ਰਤਨ’ ਦੇ ਪੂਰੀ ਤਰਾਂ ਯੋਗ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨਾਂ ਨੂੰ ‘ਪੰਥ ਰਤਨ’ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।