- ਨਰਿੰਦਰ ਮੋਦੀ ਸਮੇਤ ਰਾਜਨਾਥ, ਸ਼ਾਹ, ਗਡਕਰੀ, ਨੱਢਾ, ਚੌਹਾਨ, ਸੀਤਾਰਮਨ, ਜੈਸ਼ੰਕਰ, ਖੱਟੜ ਅਤੇ ਕੁਮਾਰਸਵਾਮੀ ਨੇ ਚੁੱਕੀ ਸਹੁੰ
ਨਵੀਂ ਦਿੱਲੀ/ਪੰਜਾਬ ਪੋਸਟ
ਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ ਜ਼ਰੀਏ ਨਵਾਂ ਇਤਿਹਾਸ ਇਹ ਰਚਿਆ ਗਿਆ ਕਿ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਅਹੁਦੇ ਅਤੇ ਰਾਜ਼ਦਾਰੀ ਦਾ ਹਲਫ਼ ਲੈਂਦੇ ਹੋਏ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਸਿਆਸੀ ਆਗੂ ਬਣ ਗਏ ਹਨ।
ਇਸ ਵਿਚਾਲੇ, ਨਵੀਂ ਸਰਕਾਰ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦੇ ਵੱਖ-ਵੱਖ ਭਾਈਵਾਲਾਂ ਵਾਸਤੇ ਮੰਤਰੀ ਮੰਡਲ ਵਿੱਚ ਹਿੱਸੇਦਾਰੀ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਡੂੰਘੀ ਚਰਚਾ ਚੱਲਣ ਉਪਰੰਤ ਮੰਤਰੀਆਂ ਦੇ ਨਾਂਅ ਵੀ ਸਾਹਮਣੇ ਆ ਗਏ ਹਨ ਅਤੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਕੈਬਨਿਟ ਦੇ ਬਾਕੀ ਮੰਤਰੀ ਵੀ ਸਹੁੰ ਚੁੱਕਦੇ ਹੋਏ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਸਹੁੰ ਚੁੱਕਣ ਵਾਲੇ ਹੋਰਨਾਂ ਸੀਨੀਅਰ ਆਗੂਆਂ ਵਿੱਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇ.ਪੀ. ਨੱਢਾ, ਸ਼ਿਵਰਾਜ ਸਿੰਘ ਚੌਹਾਨ, ਨਿਰਮਲਾ ਸੀਤਾਰਮਨ, ਐੱਸ. ਜੈਸ਼ੰਕਰ, ਮਨੋਹਰ ਲਾਲ ਖੱਟੜ ਅਤੇ ਜੇ. ਡੀ. ਐੱਸ. ਦੇ ਐੱਚ. ਡੀ. ਕੁਮਾਰਸਵਾਮੀ ਸ਼ਾਮਲ ਹਨ। ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰਨ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਮਿਲ ਗਈ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਉਹ ਨਵੀਂ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਪੰਜਾਬ ਅਤੇ ਦਿੱਲੀ ਵਿਚਾਲੇ ਇੱਕ ਸੇਤੂ ਵਜੋਂ ਕੰਮ ਕਰਨਗੇ।
ਇਸ ਤੋਂ ਇਲਾਵਾ ਅੱਜ ਦੇ ਏਸ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਓਡੀਸ਼ਾ ਦੇ ਰਾਜਪਾਲ ਰਘੁਵਰ ਦਾਸ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੀ ਪਹੁੰਚੇ। ਸੁਪਰੀਮ ਕੋਰਟ ਦੇ ਸੀ.ਜੇ.ਆਈ. ਜਸਟਿਸ ਚੰਦਰਚੂੜ ਤੋਂ ਇਲਾਵਾ ਭੂਟਾਨ ਦੇ ਪ੍ਰਧਾਨ ਮੰਤਰੀ ਤੋਬਗੇ ਵੀ ਰਾਸ਼ਟਰਪਤੀ ਭਵਨ ਵਿੱਚ ਹਾਜ਼ਰ ਸਨ। ਭਾਰਤ ਨਾਲ ਸਬੰਧਾਂ ਵਿੱਚ ਆਈ ਖਿੱਚੋਤਾਣ ਕਾਰਨ ਸੁਰਖੀਆਂ ਵਿੱਚ ਰਹੇ ਮਾਲਦੀਵ ਦੇ ਰਾਸ਼ਟਰਪਤੀ ਵੀ ਅੱਜ ਭਾਰਤ ਦੇ ਰਾਜ ਮਹਿਮਾਨ ਵਜੋਂ ਪਹੁੰਚੇ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਵੀ ਸਹੁੰ ਚੁੱਕ ਸਮਾਗਮ ਲਈ ਰਾਸ਼ਟਰਪਤੀ ਭਵਨ ਆਏ। ਵਿਦੇਸ਼ ਮੰਤਰਾਲੇ ਮੁਤਾਬਕ, ਸਹੁੰ ਚੁੱਕ ਸਮਾਰੋਹ ਦੇ ਮਹਿਮਾਨਾਂ ਦੀ ਸੂਚੀ ਵਿੱਚ ਬੰਗਲਾਦੇਸ਼ ਤੋਂ ਸ਼ੇਖ ਹਸੀਨਾ ਅਤੇ ਅਫ਼ੀਫ਼ ਤੋਂ ਇਲਾਵਾ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’, ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ, ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਾਥ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਵੀ ਸ਼ਾਮਲ ਸਨ।