ਪੰਜਾਬ ਪੋਸਟ/ਬਿਓਰੋ
ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁਚ ਵਿਲਮੋਰ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਨਾਲ ਸਫਲਤਾਪੂਰਵਕ ਜੋੜ ਲਿਆ ਹੈ। ਰਾਹ ਵਿਚ ਆਈਆਂ ਕੁਝ ਨਵੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋਇਆ। 58 ਸਾਲਾ ਵਿਲੀਅਮਜ਼ ਨੇ ਬੁੱਧਵਾਰ ਨੂੰ ਵਿਲਮੋਰ ਨਾਲ ਤੀਜੀ ਵਾਰ ਪੁਲਾੜ ਦੀ ਯਾਤਰਾ ਸ਼ੁਰੂ ਕੀਤੀ ਸੀ। ਸੁਨੀਤਾ ਦਾ ISS ਪਹੁੰਚਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵਿਚ ਜਦੋਂ ਉਹ ਪੁਲਾੜ ਸਟੇਸ਼ਨ ‘ਤੇ ਪਹੁੰਚਦੇ ਹਨ ਤਾਂ ਘੰਟੀ ਵੱਜਦੀ ਹੈ। ਦਰਅਸਲ, ਆਈ ਐਸ ਐਸ ਦੀ ਇਹ ਪ੍ਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੁਲਾੜ ਯਾਤਰੀ ਉਥੇ ਪਹੁੰਚਦਾ ਹੈ ਤਾਂ ਦੂਜੇ ਪੁਲਾੜ ਯਾਤਰੀ ਘੰਟੀ ਵਜਾ ਕੇ ਉਸ ਦਾ ਸਵਾਗਤ ਕਰਦੇ ਹਨ। ਸੁਨੀਤ ਵਿਲੀਅਮਜ਼ ਨੇ ਆਈ ਐਸ ਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ ਹੈ।
ਉਸ ਨੇ ਕਿਹਾ ਕਿ ਆਈ ਐਸ ਐਸ ਮੇਰੇ ਲਈ ਦੂਜੇ ਘਰ ਵਾਂਗ ਹੈ। ਉਨ੍ਹਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੁਲਾੜ ਯਾਤਰੀਆਂ ਦਾ ਧੰਨਵਾਦ ਵੀ ਕੀਤਾ। ਜੇਕਰ ਇਹ ਮਿਸ਼ਨ ਸਫ਼ਲ ਹੁੰਦਾ ਹੈ ਤਾਂ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕਾ ਕੋਲ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਲਈ ਦੋ ਪੁਲਾੜ ਯਾਨ ਹੋਣਗੇ। ਫਿਲਹਾਲ ਅਮਰੀਕਾ ਕੋਲ ਸਿਰਫ਼ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦਾ ਡਰੈਗਨ ਪੁਲਾੜ ਯਾਨ ਹੈ। 2014 ਵਿੱਚ ਨਾਸਾ ਨੇ ਸਪੇਸਐਕਸ ਅਤੇ ਬੋਇੰਗ ਨੂੰ ਪੁਲਾੜ ਯਾਨ ਬਣਾਉਣ ਦਾ ਠੇਕਾ ਦਿੱਤਾ ਸੀ। ਸਪੇਸਐਕਸ ਇਸ ਨੂੰ 4 ਸਾਲ ਪਹਿਲਾਂ ਹੀ ਬਣਾ ਚੁੱਕਾ ਹੈ।
ਨਾਸਾ ਤੋਂ ਸੁਨੀਤਾ ਵਿਲੀਅਮਜ਼ ਦੇ ਤਾਜ਼ਾ ਸਫਰ ਬਾਰੇ ਆਈ ਉਤਸ਼ਾਹ ਭਰੀ ਖ਼ਬਰ

Published: