- ਕਿਸਾਨ ਆਗੂਆਂ ਵੱਲੋਂ ਦਿੱਲੀ ਕੂਚ ਦੇ ਪ੍ਰੋਗ੍ਰਾਮ ਸਬੰਧੀ ਵੀ ਤਿਆਰੀਆਂ ਜਾਰੀ
ਚੰਡੀਗੜ੍ਹ/ਪੰਜਾਬ ਪੋਸਟ
ਕਿਸਾਨੀ ਅੰਦੋਲਨ ਭਾਗ ਦੂਜਾ ਤਹਿਤ ਗੁਆਂਢੀ ਸੂਬੇ ਹਰਿਆਣੇ ਦੇ ਅੰਬਾਲਾ ਵਿੱਚ ਕਿਸਾਨਾਂ ਵੱਲੋਂ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਐਨ ਪਹਿਲਾਂ ਹੁਣ ‘ਵਾਟਰ ਕੈਨਨ ਬੁਆਏ’ ਦੇ ਨਾਂਅ ਤੋਂ ਚਰਚਿਤ ਹੋਏ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕਿਸਾਨਾਂ ਨੇ ਨਵਦੀਪ ਸਿੰਘ ਜਲਬੇੜਾ ਦੇ ਮਾਮਲੇ ਉੱਤੇ ਭਲਕੇ ਅੰਬਾਲਾ ਦੀ ਨਵੀਂ ਅਨਾਜ ਮੰਡੀ ਵਿੱਚ ਜ਼ਮਾਨਤ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸੀ ਅਤੇ ਐਸਪੀ ਦਫਤਰ ਨੂੰ ਘੇਰਨ ਦੀ ਚੇਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਦੇ ਕਿਸਾਨੀ ਅੰਦੋਲਨ ਮੌਕੇ ਸ਼ੰਭੂ ਸਰਹੱਦ ‘ਤੇ ਪ੍ਰਦਰਸ਼ਨ ਦੌਰਾਨ ਨਵਦੀਪ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦਰਮਿਆਨ ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਡਟੇ ਹੋਏ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਆਪਸੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਸਰਹੱਦ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਓਹ ਸਿਰਫ ਸਾਮਾਨ ਇਕੱਠਾ ਕਰਨ ਲਈ ਕੁੱਝ ਸਮਾਂ ਲਾਉਣਗੇ ਜਦਕਿ ਉਸ ਤੋਂ ਬਾਅਦ ਓਹ ਦਿੱਲੀ ਲਈ ਰਵਾਨਾ ਹੋਣਗੇ।