*ਪੰਜਾਬ ਦੀ ਟੀਮ ਨੇ ਵੀ ਰਿਕਾਰਡ ਬੋਲੀ ਲਾ ਕੇ ਖਰੀਦੇ ਕਈ ਨਾਮੀ ਖਿਡਾਰੀ
ਜੇਦਾਹ/ਪੰਜਾਬ ਪੋਸਟ
ਭਾਰਤ ਦੀ ਚਰਚਿਤ ਕਿ੍ਰਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਖਿਡਾਰੀਆਂ ਦੀ ਨੀਲਾਮੀ ਤਹਿਤ ਭਾਰਤੀ ਕਿ੍ਰਕਟ ਟੀਮ ਦਾ ਵਿਕਟਕੀਪਰ ਰਿਸ਼ਭ ਪੱਤ ਇਸ ਟੂਰਨਾਮੈਂਟ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਮੈਗਾ ਨਿਲਾਮੀ ਵਿੱਚ ਉਸ ’ਤੇ 27 ਕਰੋੜ ਰੁਪਏ ਦੀ ਬੋਲੀ ਲਾਈ, ਜਦਕਿ ਪੰਜਾਬ ਕਿੰਗਜ਼ ਨੇ ਕੋਲਕਾਤਾ ਨੂੰ ਇਸ ਸਾਲ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਸ਼ਰੇਅਸ ਅਈਅਰ ਨੂੰ 26.7 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੀ ਟੀਮ ’ਚ ਸ਼ਾਮਲ ਕੀਤਾ। ਅਈਅਰ ਲਈ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦਰਮਿਆਨ ਕਾਫੀ ਸਮੇਂ ਤੱਕ ਮੁਕਾਬਲਾ ਚੱਲਿਆ। ਪੰਜਾਬ ਕਿੰਗਜ਼ ਦੀ ਟੀਮ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ‘ਰਾਈਟ-ਟੂ ਮੈਚ ਕਾਰਡ’ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ਵਿੱਚ ਖ਼ਰੀਦਿਆ ਅਤੇ ਏਨੀ ਹੀ ਰਕਮ ਵਿੱਚ ਯੁਜ਼ਵਿੰਦਰ ਚਾਹਲ ਨੂੰ ਵੀ ਖਰੀਦਿਆ। ਪੰਜਾਬ ਦੀ ਟੀਮ ਵਿੱਚ ਗਲੇਨ ਮੈਕਸਵੈਲ ਦੀ ਵਾਪਸੀ ਹੋਈ ਹੈ ਜਦਕਿ ਪੰਜਾਬ ਟੀਮ ਨੇ ਹਰਪ੍ਰੀਤ ਸਿੰਘ ਬਰਾੜ ਨੂੰ ਵੀ ਬਰਕਰਾਰ ਰੱਖਿਆ ਹੈ। ਬਿਹਾਰ ਦੇ 13 ਸਾਲ ਦੇ ਵੈਭਵ ਸੂਰਿਆਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ’ ਚ ਕਿਸੇ ਵੀ ਟੀਮ ਵਲੋਂ ਖਰੀਦੇ ਗਏ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਜਦਕਿ ਦੋ ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਰਹੇ ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਨਿਲਾਮੀ ਦੇ ਦੂਜੇ ਦਿਨ 10 ਕਰੋੜ ਰੁਪਏ ’ਚ ਖਰੀਦਿਆ। ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ 1.10 ਕਰੋੜ ਰੁਪਏ ’ਚ ਖਰੀਦਿਆ। ਬੀਤੇ ਸਨਿਚਰਵਾਰ ਨੂੰ ਰਾਜਸਥਾਨ ਵਿਰੁਧ ਸਈਦ ਮੁਸ਼ਤਾਕ ਅਲੀ ਟਰਾਫੀ ’ਚ ਬਿਹਾਰ ਲਈ ਟੀ-20 ’ਚ ਡੈਬਿਊ ਕਰਨ ਵਾਲੇ ਸੂਰਿਆਵੰਸ਼ੀ ਨੇ 6 ਗੇਂਦਾਂ ’ਚ 13 ਦੌੜਾਂ ਬਣਾਈਆਂ ਸਨ। ਸੂਰਿਆਵੰਸ਼ੀ ਨੇ ਹਾਲ ਹੀ ’ਚ ਚੇਨਈ ’ਚ ਆਸਟਰੇਲੀਆ ਅੰਡਰ-19 ਟੀਮ ਵਿਰੁਧ ਭਾਰਤ ਦੀ ਲਈ ਯੂਥ ਟੈਸਟ ’ਚ ਸੈਂਕੜਾ ਬਣਾਇਆ ਸੀ ਅਤੇ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਗਿਆ ਸੀ। ਸੂਰਿਆਵੰਸ਼ੀ ਨੇ ਉਸ ਮੈਚ ’ਚ 62 ਗੇਂਦਾਂ ’ਚ 104 ਦੌੜਾਂ ਬਣਾਈਆਂ ਸਨ।