21.5 C
New York

ਨਿੱਕੀ ਹੇਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਸਬੰਧੀ ਡੋਨਲਡ ਟਰੰਪ ਦੇ ਹੱਕ ’ਚ ਭੁਗਤੇਗੀ

Published:

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਨਿੱਕੀ ਹੇਲੀ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਵੋਟ ਪਾਵੇਗੀ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਹੇਲੀ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਬਾਰੇ ਇੱਕ ਭਾਸ਼ਣ ਦੌਰਾਨ ਟਰੰਪ ਨੂੰ ਸਮਰਥਨ ਦੀ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਇੱਕ ਵੋਟਰ ਵਜੋਂ ਓਹ ਆਪਣੀ ਪਹਿਲ ਅਜਿਹੇ ਰਾਸ਼ਟਰਪਤੀ ਨੂੰ ਦੇਣਗੇ ਜੋ ਸਾਡੇ ਸਹਿਯੋਗੀਆਂ ਦਾ ਸਮਰਥਨ ਕਰੇਗਾ ਅਤੇ ਦੁਸ਼ਮਣਾਂ ਨੂੰ ਜਵਾਬਦੇਹ ਬਣਾਏਗਾ, ਜੋ ਸਰਹੱਦ ਨੂੰ ਸੁਰੱਖਿਅਤ ਬਣਾਏਗਾ ਅਤੇ ਕੋਈ ਬਹਾਨਾ ਨਹੀਂ ਬਣਾਵੇਗਾ। ਉਨਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਨੂੰ ਲੋੜ ਹੈ ਇੱਕ ਅਜਿਹੇ ਰਾਸ਼ਟਰਪਤੀ ਦੀ, ਜੋ ਕਿ ਪੂੰਜੀਵਾਦ ਅਤੇ ਆਜ਼ਾਦੀ ਦਾ ਸਮਰਥਨ ਕਰੇਗਾ, ਇੱਕ ਰਾਸ਼ਟਰਪਤੀ ਜੋ ਇਹ ਸਮਝੇ ਕਿ ਘੱਟ ਕਰਜ਼ੇ ਦੀ ਲੋੜ ਹੈ, ਵਧੇਰੇ ਦੀ ਨਹੀਂ। ਇਸ ਦੇ ਨਾਲ ਨਾਲ ਨਿੱਕੀ ਹੇਲੀ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਟਰੰਪ ਵੀ ਇਨ੍ਹਾਂ ਨੀਤੀਆਂ ’ਤੇ ਸਹੀ ਨਹੀਂ ਰਹੇ, ਪਰ ਜੋਅ ਬਾਇਡਨ ਦੀਆਂ ਨੀਤੀਆਂ ਦੇ ਮੁਕਾਬਲਤਨ ਉਨ੍ਹਾਂ ਫੇਰ ਵੀ ਟਰੰਪ ਨੂੰ ਬਿਹਤਰ ਦੱਸਦੇ ਹੋਏ ਵੋਟ ਦੇਣ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਨਿੱਕੀ ਹੇਲੀ ਵੀ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਸੀ, ਪਰ ਉਸ ਨੂੰ ਪ੍ਰਾਇਮਰੀ ਚੋਣਾਂ ਵਿੱਚ ਸਫਲਤਾ ਨਹੀਂ ਸੀ ਮਿਲੀ। ਹੇਲੀ ਨੇ ਚੋਣ ਮੁਹਿੰਮ ਦੌਰਾਨ ਆਪਣੇ ਵਿਰੋਧੀ ਰਹੇ ਟਰੰਪ ਦੀ ਮਹੀਨਿਆਂ ਤੱਕ ਸਖ਼ਤ ਆਲੋਚਨਾ ਕੀਤੀ ਸੀ, ਪਰ ਹੁਣ ਉਸ ਨੇ ਟਰੰਪ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਹੈ। ਹੇਲੀ ਦੱਖਣੀ ਕੈਰੋਲਾਈਨਾ ਦੇ ਬੈਮਬਰਗ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ ਸਿੱਖ ਪ੍ਰਵਾਸੀ ਸਨ ਜੋ ਕਿ ਪਿੱਛੋਂ ਅੰਮਿ੍ਰਤਸਰ (ਪੰਜਾਬ) ਤੋਂ ਸਨ। ਹੇਲੀ ਰਾਸ਼ਟਰਪਤੀ ਮੰਤਰੀ ਮੰਡਲ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੋਣ ਦਾ ਮਾਣ ਵੀ ਹਾਸਲ ਕਰ ਚੁੱਕੀ ਹੈ।

Related articles

spot_img

Recent articles

spot_img