ਪੈਰਿਸ/ਪੰਜਾਬ ਪੋਸਟ
ਪੈਰਿਸ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਸ਼ੁਰੂਆਤੀ ਮੁਕਾਬਲਿਆਂ ‘ਚ ਭਾਰਤ ਨੂੰ ਕਾਮਯਾਬੀ ਨਹੀਂ ਮਿਲ ਸਕੀ । ਖੇਡਾਂ ‘ਚ ਹਿੱਸਾ ਲੈ ਰਹੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਪੁਰਸ਼ ਸਿੰਗਲ ਸਕਲ ਈਵੈਂਟ ਦੀ ਸ਼ੁਰੂਆਤੀ ਦੌੜ ਵਿਚ ਚੌਥੇ ਸਥਾਨ ‘ਤੇ ਰਿਹਾ ਜਿਸ ਉਪਰੰਤ ਇਹ ਖਿਡਾਰੀ ਹੁਣ ਰੈਪੇਚੇਜ ਵਿਚ ਹਿੱਸਾ ਲਵੇਗਾ। 25 ਸਾਲਾ ਬਲਰਾਜ ਨੇ 7.11 ਮਿੰਟ ਦਾ ਸਮਾਂ ਲਿਆ। ਰੈਪੇਚੇਜ ਦੇ ਜ਼ਰੀਏ ਬਲਰਾਜ ਨੂੰ ਸੈਮੀਫਾਈਨਲ ਜਾਂ ਫਾਈਨਲ ‘ਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ। ਬਲਰਾਜ ਚੀਨ ਵਿੱਚ 2022 ਏਸ਼ੀਅਨ ਖੇਡਾਂ ਦੌਰਾਨ ਚੌਥੇ ਸਥਾਨ ‘ਤੇ ਰਿਹਾ ਸੀ ਅਤੇ ਅਤੇ ਕੋਰੀਆ ਵਿੱਚ ਏਸ਼ੀਅਨ ਅਤੇ ਓਸ਼ੀਆਨੀਆ ਓਲੰਪਿਕ ਕੁਆਲੀਫਿਕੇਸ਼ਨ ਰੈਗਟਾ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ। ਇਸ ਤੋਂ ਬਾਅਦ ਹੋਏ, ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਗੇੜ ’ਚ ਭਾਰਤੀ ਖਿਡਾਰੀ ਪਹਿਲੇ ਗੇੜ ਵਿੱਚ ਬਾਹਰ ਹੋ ਗਏ। ਭਾਰਤ ਦੀਆਂ ਦੋ ਜੋੜੀਆਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਸਨ। ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ 628.7 ਦੇ ਕੁੱਲ ਸਕੋਰ ਨਾਲ ਛੇਵੇਂ, ਜਦਕਿ ਇਲਾਵੇਨਿਲ ਵਲਾਰਿਵਨ ਅਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ’ਤੇ ਰਹੇ। ਨੇਮ ਮੁਤਾਬਕ, ਤਗ਼ਮਾ ਗੇੜ ’ਚ ਪਹੁੰਚਣ ਲਈ ਸਿਖਰਲੇ ਚਾਰ ’ਚ ਜਗ੍ਹਾ ਬਣਾਉਣਾ ਜ਼ਰੂਰੀ ਹੁੰਦਾ ਹੈ।