ਪੈਰਿਸ/ਪੰਜਾਬ ਪੋਸਟ
ਈਮਾਨ ਖਲੀਫ਼ ਦੇ ਵਿਰੋਧੀ ਮੁੱਕੇਬਾਜ਼ ਨੇ 40 ਸਕਿੰਟਾਂ ਦੇ ਅੰਦਰ ਹੀ ਇਹ ਕਹਿੰਦਿਆਂ ਪਿੜ ਛੱਡ ਦਿੱਤਾ ਕਿ “ਮੈਂ ਆਪਣੀ ਜਾਨ ਬਚਾਉਣੀ ਸੀ।”ਖਲੀਫ਼ ਅਲਜੀਰੀਅਨ ਮੁੱਕੇਬਾਜ਼ ਹਨ ਅਤੇ ਉਨ੍ਹਾਂ ਦਾ ਇਟਲੀ ਦੇ ਐਂਜਿਲਾ ਕਰੀਨੀ ਨਾਲ ਮੁਕਾਬਲਾ ਚੱਲ ਰਿਹਾ ਸੀ।
ਖਲੀਫ਼ ਉਨ੍ਹਾਂ ਦੋ ਮੁੱਕੇਬਾਜ਼ਾਂ ਵਿੱਚੋਂ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪਸ ਵਿੱਚੋਂ ਯੋਗਤਾ ਸ਼ਰਤਾਂ ਪੂਰੀਆਂ ਨਾ ਕਰ ਸਕਣ ਕਾਰਨ ਡਿਸਕੁਆਲੀਫਾਈ ਰਹਿਣ ਤੋਂ ਬਾਅਦ ਪੈਰਿਸ ਵਿੱਚ ਮਹਿਲਾ ਬਾਕਸਿੰਗ ਵਿੱਚ ਮੁਕਾਬਲਾ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ।ਹੁਣ ਇਟੈਲੀਅਨ ਮੁੱਕੇਬਾਜ਼ ਕਰੀਨੀ ਨੇ ਕਿਹਾ ਹੈ ਕਿ ਉਹ ਖਲੀਫ ਤੋਂ ਮੈਚ ਤੋਂ ਬਾਅਦ ਕੀਤੇ ਵਤੀਰੇ ਲਈ ਮਾਫੀ ਮੰਗਣਾ ਚਾਹੁੰਦੀ ਹਨ।ਉਨ੍ਹਾਂ ਨੇ ਇੱਕ ਇਟੈਲੀਅਨ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਸਾਰੇ ਵਿਵਾਦ ਨੇ ਉਨ੍ਹਾਂ ਨੂੰ ਮਾਯੂਸ ਕੀਤਾ ਹੈ।ਉਨ੍ਹਾਂ ਕਿਹਾ ਕਿ ਫਾਈਟ ਛੱਡਣਾ ਸਹੀ ਫੈਸਲਾ ਸੀ ਪਰ ਜੇ ਆਈਓਸੀ ਨੇ ਖਲੀਫ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਸੀ ਤਾਂ ਉਸ ਦਾ ਸਨਮਾਨ ਕਰਨਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਮੈਚ ਮਗਰੋਂ ਖਲੀਫ਼ ਨਾਲ ਹੱਥ ਨਹੀਂ ਮਿਲਾਇਆ।
ਕੌਮਾਂਤਰੀ ਓਲੰਪਿਕ ਕਮੇਟੀ ਹਾਲਾਂਕਿ ਵਿਸ਼ਵ ਮੁਕਾਬਲੇ ਨਹੀਂ ਕਰਵਾਉਂਦੀ ਪਰ ਪੈਰਿਸ ਵਿੱਚ ਹੋ ਰਹੀ ਮੁੱਕੇਬਾਜ਼ੀ ਕਰਵਾ ਰਹੀ ਹੈ। ਕਮੇਟੀ ਨੇ ਕਿਹਾ ਹੈ ਕਿ ਖਲੀਫ਼ ਨੂੰ ਟੈਸਟੇਸਟਰੋਨ ਦੇ ਵੱਧੇ ਹੋਏ ਪੱਧਰਾਂ ਕਾਰਨ ਭਾਰਤ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਸੀ।
ਪਹਿਲੇ ਰਾਊਂਡ ਵਿੱਚ ਹੀ ਵਿਰੋਧੀ ਦੇ ਚਲੇ ਜਾਣ ਤੋਂ ਬਾਅਦ 25 ਸਾਲਾ ਖਲੀਫ਼ ਜਦੋਂ ਪੈਰਿਸ ਨੌਰਡ ਦੇ ਬਾਕਸਿੰਗ ਰਿੰਗ ਵਿੱਚ ਪਹੁੰਚੇ ਤਾਂ ਦਰਸ਼ਕਾਂ ਵਿੱਚ ਬੈਠੇ ਬਹੁਤ ਸਾਰੇ ਅਲਜੀਰੀਅਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਖਲੀਫ਼ ਨੇ 2020 ਦੀਆਂ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ।