ਪੈਰਿਸ/ਪੰਜਾਬ ਪੋਸਟ
ਖੇਡਾਂ ਦੇ ਮਹਾਂਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦੇ ਸਾਲ 2024 ਦੇ ਆਯੋਜਨ ਦਾ ਆਗਾਜ਼ ਅੱਜ ਯੂਰਪੀ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸੀਨ ਨਦੀ ’ਤੇ ਨਿਵੇਕਲੇ ਉਦਘਾਟਨੀ ਸਮਾਗਮ ਨਾਲ ਹੋਵੇਗਾ। ਉਲੰਪਿਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਇਹਨਾਂ ਖੇਡਾਂ ਦਾ ਉਦਘਾਟਨੀ ਸਮਾਗਮ ਰਿਵਾਇਤੀ ਸਟੇਡੀਅਮ ਵਿੱਚ ਨਾ ਹੋ ਕੇ, ਨਵੇ ਢੰਗ ਨਾਲ ਦਰਿਆਈ ਪਾਣੀ ਵਿਚ 6 ਕਿਲੋਮੀਟਰ ਲੰਮੀਆਂ, ਕਿਸ਼ਤੀਆਂ ਰਾਹੀ ‘ਪਰੇਡ ਆਫ ਨੇਸ਼ਨਜ’ ਦੇ ਨਾਂਅ ਇਕ ‘ਮਿੰਨੀ ਸਟੇਡੀਅਮ’ ਵਿਚ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਇਨਾਂ ਖੇਡਾਂ ਵਿੱਚ ਕੁੱਲ 206 ਦੇਸ਼ ਹਿੱਸਾ ਲੈ ਰਹੇ ਹਨ ਅਤੇ ਕੁੱਲ ਮਿਲਾ ਕੇ 10 ਹਜ਼ਾਰ 714 ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ। ਇਨਾਂ ਖੇਡਾਂ ਨੂੰ ਅਧਿਕਾਰਤ ਤੌਰ ਉੱਤੇ ‘ਪੈਰਿਸ 2024’ ਦਾ ਨਾਂਅ ਵੀ ਦਿੱਤਾ ਗਿਆ ਹੈ। ਓਲੰਪਿਕ ਖੇਡਾਂ ਵਿੱਚ ਕੁੱਲ 32 ਵੱਖ-ਵੱਖ ਖੇਡਾਂ ਦੇ 329 ਈਵੈਂਟ ਭਾਵ ਵੰਨਗੀਆਂ ਤਹਿਤ ਮੁਕਾਬਲੇ ਹੋਣਗੇ ਅਤੇ 26 ਜੁਲਾਈ ਤੋਂ ਇੱਕ ਸ਼ਾਨਦਾਰ ਅੰਦਾਜ਼ ਵਿੱਚ ਸ਼ੁਰੂ ਹੋ ਕੇ ਇਸ ਵਾਰ ਦੀਆਂ ਓਲੰਪਿਕ ਖੇਡਾਂ 11 ਅਗਸਤ ਤੱਕ ਚੱਲਣਗੀਆਂ। ਦੁਨੀਆਂ ਦੇ ਬਾਕੀ ਅਥਲੀਟਾਂ ਵਾਂਗ ਭਾਰਤ ਦੇ 117 ਖਿਡਾਰੀ ਵੀ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਜਿੱਥੇ ਉਨ੍ਹਾਂ ਦਾ ਟੀਚਾ ਤਗ਼ਮਿਆਂ ਦੀ ਗਿਣਤੀ ਨੂੰ ਦਹਾਈ ਅੰਕ ਤੱਕ ਪਹੁੰਚਾਉਣਾ ਰਹੇਗਾ। ਭਾਰਤ ਨੇ ਟੋਕੀਓ ਓਲੰਪਿਕ ਖੇਡਾਂ 2020 ਵਿੱਚ ਸੱਤ ਤਗ਼ਮੇ ਜਿੱਤੇ ਸਨ। ਇਹ ਭਾਰਤ ਦਾ ਓਲੰਪਿਕ ਖੇਡਾਂ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਸੀ ਹਾਲਾਂਕਿ, ਇਸ ਵਾਰ ਭਾਰਤੀ ਅਥਲੀਟਾਂ ਲਈ ਟੋਕੀਓ ਦੇ ਤਗ਼ਮਿਆਂ ਦੀ ਬਰਾਬਰੀ ਕਰਨਾ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥਰੋਅ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਇਲਾਵਾ ਕੋਈ ਹੋਰ ਖਿਡਾਰੀ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ। ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਇਸ ਉਦਘਾਟਨੀ ਸਮਾਗਮ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਸ਼ਰਤ ਕਮਲ ਦੀਆਂ ਇਹ ਪੰਜਵੀਆਂ ਓਲੰਪਿਕ ਖੇਡਾਂ ਹਨ ਅਤੇ ਪਹਿਲੀ ਵਾਰ ਕਿਸੇ ਟੇਬਲ ਟੈਨਿਸ ਖਿਡਾਰੀ ਨੂੰ ਭਾਰਤੀ ਦਲ ਦਾ ਝੰਡਾਬਰਦਾਰ ਨਿਯੁਕਤ ਕੀਤਾ ਗਿਆ ਹੈ ਜਦਕਿ ਗਗਨ ਨਾਰੰਗ ਨੂੰ 117 ਮੈਂਬਰੀ ਭਾਰਤੀ ਦਲ ਦਾ ਮੁਖੀ ਬਣਾਇਆ ਗਿਆ ਹੈ।