(ਓਮਾਨ/ਪੰਜਾਬ ਪੋਸਟ)
ਓਮਾਨ ਦੇਸ਼ ਦੇ ਸਮੁੰਦਰੀ ਕੰਢੇ ਉੱਤੇ ‘ਕੋਮੋਰੋਸ’ ਦੇ ਝੰਡੇ ਵਾਲੇ ਤੇਲ ਟੈਂਕਰ ਦੇ ਡੁੱਬਣ ਦੀ ਘਟਨਾ ਵਾਪਰੀ ਹੈ ਜਿਸ ਕਰਕੇ ਚਾਲਕ ਦਲ ਦੇ 16 ਮੈਂਬਰ ਅਜੇ ਵੀ ਲਾਪਤਾ ਹਨ ਅਤੇ ਇਨ੍ਹਾਂ ਵਿੱਚ 13 ਭਾਰਤੀ ਵੀ ਸ਼ਾਮਲ ਹਨ ਜਦਕਿ ਬਾਕੀ ਤਿੰਨ ਸ੍ਰੀਲੰਕਾ ਦੇ ਵਸਨੀਕ ਸਨ। ਸਮੁੰਦਰੀ ਸੁਰੱਖਿਆ ਕੇਂਦਰ (ਐੱਮ. ਐੱਸ. ਸੀ.) ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇੱਕ ‘ਕੋਮੋਰੋਸ’ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ-ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ। ਡੂਕਮ ਬੰਦਰਗਾਹ ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਸਥਿਤ ਹੈ, ਜੋ ਵੱਡੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨੇੜੇ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ ਸ਼ਾਮਲ ਹੈ ਜੋ ਡੂਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਦਾ ਸਭ ਤੋਂ ਵੱਡਾ ਸਿੰਗਲ ਆਰਥਿਕ ਪ੍ਰੋਜੈਕਟ ਹੈ। ਇਹ ਜਹਾਜ਼ 117 ਮੀਟਰ ਲੰਮਾ ਤੇਲ ਉਤਪਾਦ ਟੈਂਕਰ ਹੈ, ਜੋ 2007 ਵਿੱਚ ਬਣਾਇਆ ਗਿਆ ਸੀ ਅਤੇ ਇਹ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ।