ਜਲੰਧਰ/ਪੰਜਾਬ ਪੋਸਟ
ਦੀਵਾਲੀ ਦੇ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਉੱਤੇ ਦੇਸ਼ ਭਰ ਵਿੱਚ ਲਾਈਆਂ ਗਈਆਂ ਪਾਬੰਦੀਆਂ ਦੇ ਧੂੰਆਂ ਬਣ ਕੇ ਉੱਡ ਜਾਣ ਦੇ ਸਿੱਟੇ ਵਜੋਂ ਦੀਵਾਲੀ ਦੀ ਰਾਤ ਅਤੇ ਅੱਜ ਸਵੇਰੇ ਦੇਸ਼ ਦੇ ਬਹੁਤੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਤੇ ‘ਸਿਟੀ ਬਿਊੁਟੀਫੁਲ’ ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ਦੇ ਬਹੁਤੇ ਸ਼ਹਿਰਾਂ, ਕੌਮੀ ਰਾਜਧਾਨੀ ਦਿੱਲੀ, ਕੋਲਕਾਤਾ, ਦੇਸ਼ ਦਾ ਸਭ ਤੋਂ ਸਾਫ਼ ਮੰਨੇ ਜਾਂਦੇ ਸ਼ਹਿਰ ਇੰਦੌਰ ਸਮੇਤ ਦੇਸ਼ ਦੇ ਲਗਪਗ ਹਰ ਖੇਤਰ ਤੋਂ ਹਵਾ ਦੇ ਮਿਆਰ ਵਿੱਚ ਭਾਰੀ ਗਿਰਾਵਟ ਦੀਆਂ ਰਿਪੋਰਟਾਂ ਮਿਲੀਆਂ ਹਨ। ਰਾਤ ਤੋਂ ਹੀ ਧੁੰਦ ਦੀ ਮੋਟੀ ਪਰਤ ਛਾਈ ਹੋਈ ਏ ਅਤੇ ਹਵਾ ਗੁਣਵੱਤਾ ਸੂਚਕਅੰਕ ਕਾਫੀ ਹੇਠਾਂ ਡਿੱਗ ਗਿਆ, ਕਿਉਂਕਿ ਲੋਕਾਂ ਨੇ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕਿਆਂ ‘ਤੇ ਲਾਈ ਗਈ ਪਾਬੰਦੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਕੌਮੀ ਰਾਜਧਾਨੀ ਦਿੱਲੀ ਵਿੱਚ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਧ ਪ੍ਰਦੂਸ਼ਿਤ ਦੀਵਾਲੀ ਵੀ ਦਰਜ ਕੀਤੀ ਗਈ। ਇਸ ਦੌਰਾਨ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਮੰਨੇ ਜਾਂਦੇ ਇੰਦੌਰ ਦਾ ਏਕਿਊਆਈ 400 ਦੇ ਅੰਕੜੇ ਨੂੰ ਵੀ ਪਾਰ ਕਰ ਗਿਆ। ਪੰਜਾਬ ਵਾਸੀਆਂ ਲਈ ਵੀ ਬੇਹੱਦ ਚਿੰਤਾ ਭਰੀ ਖ਼ਬਰ ਹੈ ਕਿਉਂਕਿ ਦੀਵਾਲੀ ਦੀ ਰਾਤ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਅਤੇ ਜ਼ਿਆਦਾਤਰ ਸ਼ਹਿਰਾਂ ‘ਚ ਹੁਣ ਪ੍ਰਦੂਸ਼ਣ ਆਰੇਂਜ ਅਲਰਟ ‘ਤੇ ਹੈ।