ਰੋਪੜ/ਪੰਜਾਬ ਪੋਸਟ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਕਵੀ ਦਰਬਾਰ ਸਮਾਜ ਸੇਵਾ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਅਹਿਮ ਕਾਰਜ ਕਰ ਰਹੀ ਸੰਸਥਾ ‘ਵੰਨ ਬੀਟ ਮੈਡੀਕਲ ਗਰੁੱਪ’ ਵੱਲੋਂ ਮਿਤੀ 17 ਅਕਤੂਬਰ 25 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਰੋਪੜ ਵਿਖੇ ਕਰਵਾਇਆ ਜਾ ਰਿਹਾ ਹੈ। ਇਸੇ ਸਮਾਗਮ ਤਹਿਤ ਭਾਈ ਅੱਲਾ ਯਾਰ ਖਾਂ ਜੋਗੀ ਦੀ ਯਾਦ ਨੂੰ ਸਮਰਪਿਤ ਇੱਕ ਸਰਬ ਧਰਮ ਸੰਮੇਲਨ ਵੀ ਉਚੇਚੇ ਤੌਰ ‘ਤੇ ਹੋਵੇਗਾ। ਮਹਾਨ ਗੁਰਮਤਿ ਸਮਾਗਮ ਅਤੇ ਕਵੀ ਦਰਬਾਰ ਸਮਾਗਮ ਦੇ ਪ੍ਰੋਗ੍ਰਾਮ ਤਹਿਤ ਕੀਰਤਨ, ਕਥਾ ਅਤੇ ਕਵੀ ਦਰਬਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇਸ ਦੇ ਨਾਲ ਹੀ ਗਤਕਾ, ਦਸਤਾਰਬੰਦੀ, ਦੁਮਾਲਾ ਸਾਹਿਬ, ਗੁਰਬਾਣੀ ਕੰਠ ਅਤੇ ਪੈਂਤੀ ਸੁਣਾਓ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ 1,11,111 ਰੁਪਏ ਦੇ ਕੁੱਲ ਇਨਾਮ ਦਿੱਤੇ ਜਾਣਗੇ। ਇਸੇ ਦਿਨ ਸਮਾਜ ਭਲਾਈ ਦੇ ਅਹਿਮ ਕਾਰਜ ਤਹਿਤ ‘ਵੰਨ ਬੀਟ ਸਮੂਹ’ ਵੱਲੋਂ ਇੱਕ ਵਿਸ਼ੇਸ਼ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਵੀ ਆਯੋਜਨ ਹੋਵੇਗਾ ਜਿਸ ਤਹਿਤ ਦੰਦਾਂ ਅਤੇ ਅੱਖਾਂ ਦੀਆਂ ਦਵਾਈਆਂ ਦਾ ਲੰਗਰ ਵਿਸ਼ੇਸ਼ ਤੌਰ ‘ਤੇ ਲਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਇਸ ਸਮਾਗਮ ਵਿੱਚ ਵੰਨ ਬੀਟ ਮੈਡੀਕਲ ਗਰੁੱਪ ਵੱਲੋਂ ਹੁਣ ਤੱਕ ਜਿੰਨੇ ਵੀ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਹਨ, ਉਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਸਨਮੁਖ ਅਰਦਾਸ ਵੀ ਕੀਤੀ ਜਾਵੇਗੀ। ਇਸ ਮੌਕੇ ਰਿਵਾਇਤ ਅਨੁਸਾਰ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੁੱਚੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਚੜਦੀ ਕਲਾ ਟਾਈਮ ਟੀਵੀ ਅਤੇ ਕਰਤਾਰ ਟੀਵੀ ਜ਼ਰੀਏ ਹੋਵੇਗਾ।






