ਚੰਡੀਗੜ੍ਹ/ਪੰਜਾਬ ਪੋਸਟ
ਦੇਸ਼ ਵਿੱਚ ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਈ ਹੋਰ ਹਲਕਿਆਂ ਦੀਆਂ ਅਸੰਬਲੀ ਅਤੇ ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ ਦੇ ਨਤੀਜੇ ਅੱਜ ਐਲਾਨ ਜਾ ਰਹੇ ਹਨ। ਇਸ ਤਹਿਤ ਜੋ ਤਾਜ਼ਾ ਸਥਿਤੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਮਹਾਰਾਸ਼ਟਰ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਨੂੰ ਬਹੁਮਤ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਸ਼ੁਰੂਆਤੀ ਦੋ ਘੰਟਿਆਂ ਦੇ ਰੁਝਾਨ ਮੁਤਾਬਕ ਭਾਜਪਾ ਗੱਠਜੋੜ ਨੂੰ ਮਹਾਰਾਸ਼ਟਰ ਵਿੱਚ ਵੱਡੀ ਲੀਡ ਹਾਸਲ ਹੋ ਰਹੀ ਹੈ। ਦੂਜੇ ਬੰਨੇ, ਝਾਰਖੰਡ ਸੂਬੇ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੂੰ ਸ਼ੁਰੂਆਤੀ ਰੁਝਾਨ ਮੁਤਾਬਕ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਕੇਰਲਾ ਸੂਬੇ ਦੀ ਵਾਇਨਾਡ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਪ੍ਰਿਅੰਕਾ ਗਾਂਧੀ ਅੱਗੇ ਚੱਲ ਰਹੇ ਹਨ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਜੇਕਰ ਗੱਲ ਹੋਵੇ ਤਾਂ ਇੱਥੇ ਦੋ ਸੀਟਾਂ ਉੱਤੇ ਕਾਂਗਰਸ ਅਤੇ ਦੋ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਂਤ ਚੱਬੇਵਾਲ ਲੀਡ ਵਿੱਚ ਹਨ ਜਦਕਿ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਫਿਲਹਾਲ ਅੱਗੇ ਚੱਲ ਰਹੇ ਹਨ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਹੁਣ ਅੱਗੇ ਹੋ ਗਏ ਹਨ ਅਤੇ ਬਰਨਾਲੇ ਤੋਂ ਕਾਂਗਰਸ ਦੇ ਹੀ ਕੁਲਦੀਪ ਸਿੰਘ ਢਿੱਲੋ ਹੁਣ ਅੱਗੇ ਚੱਲ ਰਹੇ ਹਨ।