ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਯਾਤਰਾ ਸਲਾਹ ਜਾਰੀ ਕੀਤੀ ਹੈ। ਅਮਰੀਕਾ ਵੱਲੋਂ ਜਾਰੀ ਯਾਤਰਾ ਸਲਾਹਕਾਰੀ ਵਿੱਚ, ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਲਾਹ ਵਿੱਚ ਕਿਹਾ ਗਿਆ ਹੈ, ‘ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅਤਿਵਾਦੀ ਹਮਲੇ ਅਤੇ ਹਿੰਸਕ ਅਸ਼ਾਂਤੀ ਸੰਭਵ ਹੈ। ਇਸ ਸੂਬੇ ਦੀ ਯਾਤਰਾ ਕਰਨ ਤੋਂ ਬਚੋ ਕਿਉਂਕਿ ਇਸ ਖੇਤਰ ਵਿੱਚ ਹਿੰਸਾ ਕਦੇ-ਕਦਾਈਂ ਹੁੰਦੀ ਰਹਿੰਦੀ ਹੈ। ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ‘ਤੇ ਆਮ ਗੱਲ ਹੈ। ਕਸ਼ਮੀਰ ਵਾਦੀ ਦੇ ਸੈਰ-ਸਪਾਟਾ ਸਥਾਨਾਂ: ਸ੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਵਿੱਚ ਵੀ ਹਿੰਸਾ ਹੁੰਦੀ ਹੈ’। ਯਾਤਰਾ ਸਬੰਧੀ ਮਸ਼ਵਰੇ ਵਿੱਚ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਜਾਣ ਤੋਂ ਬਚਣ ਲਈ ਵੀ ਕਿਹਾ ਹੈ, ਕਿਉਂਕਿ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਉੱਥੇ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਵਧ ਗਈ ਹੈ।