ਬਲੋਚਿਸਤਾਨ/ਪੰਜਾਬ ਪੋਸਟ
ਪਾਕਿਸਤਾਨ ਦੇ ਅਸ਼ਾਂਤ ਮੰਨੇ ਜਾਂਦੇ ਬਲੋਚਿਸਤਾਨ ਸੂਬੇ ਵਿਖੇ ਇਕ ਸੁਰੰਗ ਵਿਚ ਬਲੋਚ ਅੱਤਵਾਦੀਆਂ ਵਲੋਂ ਇਕ ਯਾਤਰੀ ਰੇਲਗੱਡੀ ’ਤੇ ਹਮਲਾ ਕਰਨ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਘੱਟੋ-ਘੱਟ 28 ਹਮਲਾਵਰ ਵੀ ਮਾਰੇ ਗਏ ਹਨ ਅਤੇ 155 ਯਾਤਰੀਆਂ ਨੂੰ ਬਚਾਇਆ ਗਿਆ ਹੈ। ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਬਚਾਅ ਕਾਰਜ ਦੌਰਾਨ 37 ਯਾਤਰੀ ਵੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਜਾਫ਼ਰ ਐਕਸਪ੍ਰੈਸ ਰੇਲਗੱਡੀ, ਜਿਸ ਵਿਚ ਨੌ ਡੱਬਿਆਂ ਵਿਚ ਲਗਭਗ 500 ਯਾਤਰੀ ਸਵਾਰ ਸਨ, ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ, ਜਦੋਂ ਮੰਗਲਵਾਰ ਦੁਪਹਿਰ ਨੂੰ ਬੋਲਾਨ ਖੇਤਰ ਦੇ ਪੀਰੂ ਕੁਨਰੀ ਅਤੇ ਗੁਡਲਰ ਦੇ ਪਹਾੜੀ ਇਲਾਕਿਆਂ ਦੇ ਨੇੜੇ ਇੱਕ ਸੁਰੰਗ ਵਿਚ ਹਥਿਆਰਬੰਦ ਹਮਲਾਵਰਾਂ ਨੇ ਇਸ ਨੂੰ ਰੋਕ ਕੇ ਅਗਵਾ ਕਰ ਲਿਆ ਸੀ। ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਨੇ ਬਾਅਦ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ।