ਮੁੰਬਈ/ਪੰਜਾਬ ਪੋਸਟ
ਭਾਰਤ ਦੇ ਸਭ ਤੋਂ ਵੱਧ ਕਾਮਯਾਬ ਖਿਡਾਰੀ ਪੰਕਜ ਅਡਵਾਨੀ ਨੇ ਯਸ਼ਵੰਤ ਕਲੱਬ ਵਿਖੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤਣ ਲਈ ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਜੋ ਕਿ ਉਨ੍ਹਾਂ ਦਾ ਕੁੱਲ 36ਵਾਂ ਰਾਸ਼ਟਰੀ ਖਿਤਾਬ ਅਤੇ ਉਨ੍ਹਾਂ ਦੇ ਕਰੀਅਰ ਦਾ 10ਵਾਂ ਪੁਰਸ਼ ਸਨੂਕਰ ਖਿਤਾਬ ਹੈ। ਓਐਨਜੀਸੀ ਲਈ ਖੇਡ ਰਹੇ ਅਡਵਾਨੀ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਫਾਈਨਲ ਵਿੱਚ ਬ੍ਰਿਜੇਸ਼ ਦਮਾਨੀ ਨੂੰ ਹਰਾਇਆ। ਦਮਾਨੀ ਨੇ ਪਹਿਲਾ ਫਰੇਮ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਸੀ ਲੇਕਿਨ ਇਸ ਤੋਂ ਬਾਅਦ ਅਡਵਾਨੀ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਾ ਚੱਲੀ। ਇਸ ਮੁਕਾਬਲੇ ਵਿੱਚ ਪ੍ਰਦਰਸ਼ਨ ਦੇ ਆਧਾਰ ‘ਤੇ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ। ਅਡਵਾਨੀ ਨੇ ਆਪਣੇ ਪ੍ਰਦਰਸ਼ਨ ਵਿੱਚ ਇਕਸਾਰਤਾ ਅਤੇ ਸ਼ੁੱਧਤਾ ਬਣਾਈ ਰੱਖੀ। ਇੱਕ ਫਰੇਮ ਪਿੱਛੇ ਰਹਿਣ ਦੇ ਬਾਵਜੂਦ, ਉਸ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਕੋਈ ਗ਼ਲਤੀ ਨਹੀਂ ਕੀਤੀ। ਅਡਵਾਨੀ ਨੇ ਆਖ਼ਰੀ ਫਰੇਮ ਵਿੱਚ 84 ਦਾ ਪ੍ਰਭਾਵਸ਼ਾਲੀ ਬ੍ਰੇਕ ਲਗਾ ਕੇ ਫਰੇਮ, ਮੈਚ ਅਤੇ ਚੈਂਪੀਅਨਸ਼ਿਪ ਜਿੱਤ ਲਈ।