- ਜੇਕਰ ਸਰਕਾਰ ਨੇ 15 ਅਕਤੂਬਰ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕਿਆ ਤਾਂ ਵਿੱਢਿਆ ਜਾਵੇਗਾ ਵੱਡਾ ਸੰਘਰਸ਼
ਬਾਬਾ ਬਕਾਲਾ ਸਾਹਿਬ/ਪੰਜਾਬ ਪੋਸਟ
ਰੱਖੜ ਪੁੰਨਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਗਰਮੀ ਅਤੇ ਹੁੰਮਸ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਸੱਦੀ ਪੰਥਕ ਕਾਨਫ਼ਰੰਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ। ਪੰਥਕ ਕਾਨਫ਼ਰੰਸ ਦੀ ਅਗਵਾਈ ਲੋਕ ਸਭਾ ਚੋਣਾਂ ਵਿੱਚ ਸਰਗਰਮ ਰਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਬਾਪੂ ਤਰਸੇਮ ਸਿੰਘ, ਭਾਈ ਸਰਬਜੀਤ ਸਿੰਘ ਮਲੋਆ ਐਮ ਪੀ ਫਰੀਦਕੋਟ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਚਮਕੌਰ ਸਿੰਘ ਧੁੰਨ, ਭਾਈ ਜੁਝਾਰ ਸਿੰਘ ਸੱਥ ਜਥੇਬੰਦੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਦਲਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ।ਇਸ ਪੰਥਕ ਇਕੱਤਰਤਾ ਵਿਚੋਂ ਪੁਰਾਣੇ ਪੰਥਕ ਕਹਾਉਂਦੇ ਲੀਡਰ ਗ਼ੈਰ-ਹਾਜ਼ਰ ਹੀ ਰਹੇ। ਕਿਉਂਕਿ ਉਨ੍ਹਾਂ ਨੂੰ ਟੀਮ ਅੰਮ੍ਰਿਤਪਾਲ ਸਿੰਘ ਵੱਲੋਂ ਸੱਦਾ ਹੀ ਨਹੀਂ ਦਿੱਤਾ ਗਿਆ ਸੀ। ਅਕਾਲੀਆਂ ਦੇ ਬਾਗ਼ੀ ਧੜੇ ਵੱਲੋਂ ਭਾਵੇਂ ਭਾਈ ਮਨਜੀਤ ਸਿੰਘ ਭੂਰਾ ਕੋਹਨਾਂ ਹਾਜ਼ਰ ਹੋਇਆ। ਪਰ ਉਸ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ । ਇਸ ਮੌਕੇ ਮੈਂਬਰ ਲੋਕ ਸਭਾ ਅਤੇ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਡਿਬਰੂਗੜ ਜੇਲ੍ਹ ਵਿੱਚੋਂ ਸਿੱਖ ਕੌਮ ਦੇ ਨਾਮ ਸੁਨੇਹਾ ਸਭ ਨੂੰ ਸੁਣਾਇਆ ਗਿਆ। ਭਾਰੀ ਇਕੱਠ ਦੌਰਾਨ ਕੁਝ ਮਤੇ ਪਾਸ ਕੀਤੇ ਗਏ। ਜਿੰਨ੍ਹਾਂ ਵਿਚ ਇੱਕ ਮਤੇ ’ਚ ਸਮੂਹ ਪੰਥ ਦੇ ਦਰਦਮੰਦਾਂ ਨੂੰ ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਾਉਣ ਲਈ ਨਵੀਂ ਰੂਪ ਰੇਖਾ ਉਲੀਕੀ ਗਈ।
ਐੱਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜੇਲ੍ਹ ’ਚ ਸਾਰੇ ਸਿੰਘ ਚੜ੍ਹਦੀਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਹਕੂਮਤ ਨੇ ਸਾਡੇ ’ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ।ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ।ਸਾਡਾ ਕੌਮੀ ਨਿਸ਼ਾਨਾ ਸਪੱਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਲ ਲਿਵ ਦੇ ਇਸ ਬਚਨ ਨੂੰ ਭੁਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਔਝੜ ਰਾਹਾਂ ਦੇ ਸ਼ਿਕਾਰ ਹੋ ਜਾਵਾਂਗੇ।ਮੁੱਖ ਧਾਰਾ ਦੀ ਗੱਲ ਕਰਨ ਵਾਲੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ। ਪੰਥਕ ਇਕੱਠ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਇਹ ਸਪੱਸ਼ਟ ਕਰਦਾ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੱਖ ਪੰਥ ਦੇ ਰਹਿਨੁਮਾ ਨਹੀਂ, ਸਗੋਂ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਤਰਜਮਾਨ ਹਨ। ਜੇਕਰ ਤਖ਼ਤਾਂ ਦੇ ਜਥੇਦਾਰ ਸਿੱਖ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਤੋਂ ਕੋਈ ਕੁਤਾਹੀ ਕਰਦੇ ਹਨ ਤਾਂ ਇਹ ਉਹਨਾਂ ਵੱਲੋਂ ਆਪਣੇ ਫ਼ਰਜ਼ਾਂ ਵਿੱਚ ਕੁਤਾਹੀ ਸਮਝੀ ਜਾਵੇਗੀ। ਪਿਛਲੇ ਕਈ ਦਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਕਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜ਼ਾਲਮ ਸਰਕਾਰਾਂ ਵੱਲੋਂ 550 ਸਾਲਾਂ ਸ਼ਤਾਬਦੀ ਮੌਕੇ ਵੀ ਸਿੱਖਾਂ ਨਾਲ ਇਹ ਵਾਅਦਾ ਕੀਤਾ ਗਿਆ, ਪਰ ਉਸ ਤੋਂ ਮੁੱਕਰ ਗਏ। ਪੰਥਕ ਇਕੱਠ ਨੇ ਸਰਕਾਰ ਨੂੰ ਸ਼ਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਬੰਦੀ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਹਕੂਮਤ ਖਿਲਾਫ ਇਸ ਮੁੱਦੇ ਤੇ 15 ਅਕਤੂਬਰ ਤੋਂ ਬਾਅਦ ਇੱਕ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।ਪੰਥਕ ਇਕੱਠ ਨੇ ਸਰਕਾਰ ਨੂੰ 15 ਅਕਤੂਬਰ ਤੱਕ ਅਲਟੀਮੇਟਮ ਦਿੱਤਾ ਹੈ।