ਖੇਡਾਂ ਦੇ ਮਹਾਂਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦਾ 33ਵਾਂ ਆਯੋਜਨ ‘ਓਲੰਪਿਕ 2024’ ਦੇ ਸਿਰਲੇਖ ਯੂਰਪੀ ਦੇਸ਼ ਫਰਾਂਸ ਦੇ ਪੈਰਿਸ ਸ਼ਹਿਰ ਵਿਖੇ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਕੁੱਲ 206 ਦੇਸ਼ ਹਿੱਸਾ ਲੈ ਰਹੇ ਹਨ ਅਤੇ ਕੁੱਲ ਮਿਲਾ ਕੇ 10,714 ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ। ਇਨਾਂ ਖੇਡਾਂ ਨੂੰ ਅਧਿਕਾਰਤ ਤੌਰ ਉੱਤੇ ‘ਪੈਰਿਸ 2024’ ਦਾ ਨਾਂਅ ਵੀ ਦਿੱਤਾ ਗਿਆ ਹੈ। ਓਲੰਪਿਕ ਖੇਡਾਂ ਵਿੱਚ ਕੁੱਲ 32 ਵੱਖ-ਵੱਖ ਖੇਡਾਂ ਦੇ 329 ਈਵੈਂਟ ਭਾਵ ਵੰਨਗੀਆਂ ਤਹਿਤ ਮੁਕਾਬਲੇ ਹੋਣਗੇ ਅਤੇ 26 ਜੁਲਾਈ ਤੋਂ ਇੱਕ ਸ਼ਾਨਦਾਰ ਅੰਦਾਜ਼ ਵਿੱਚ ਸ਼ੁਰੂ ਹੋ ਕੇ ਇਸ ਵਾਰ ਦੀਆਂ ਓਲੰਪਿਕ ਖੇਡਾਂ 11 ਅਗਸਤ ਤੱਕ ਚੱਲਣੀਆਂ ਹਨ। ਇਨਾਂ ਖੇਡਾਂ ਲਈ ਜ਼ਿਆਦਾਤਰ ਮੁਕਾਬਲੇ ਪ੍ਰਮੁੱਖ ਮੇਜ਼ਬਾਨ ਸ਼ਹਿਰ ਪੈਰਿਸ ਵਿੱਚ ਖੇਡੇ ਜਾਣਗੇ ਜਦਕਿ ਇਸ ਤੋਂ ਇਲਾਵਾ ਫਰਾਂਸ ਦੇ 16 ਹੋਰ ਇਲਾਕਿਆਂ ਵਿੱਚ ਵੀ ਓਲੰਪਿਕ ਖੇਡਾਂ ਦੇ ਮੁਕਾਬਲੇ ਹੋਣਗੇ। ਐਤਕੀਂ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਔਰਤਾਂ ਅਤੇ ਪੁਰਸ਼ ਖਿਡਾਰੀਆਂ ਦੀ ਗਿਣਤੀ ਬਰਾਬਰ ਹੋਵੇਗੀ ਜਦਕਿ ਪਹਿਲਾਂ ਔਰਤਾਂ ਦੀ ਗਿਣਤੀ ਘੱਟ ਹੁੰਦੀ ਸੀ। ਇਹ ਖੇਡਾਂ ਚਾਰ ਸਾਲਾਂ ਬਾਅਦ ਸਾਲ ਹੁੰਦੀਆਂ ਨੇ ਜਿਨ੍ਹਾਂ ਦਾ ਬਜਟ ਅਰਬਾਂ ਤਕ ਚਲਾ ਜਾਂਦਾ ਹੈ ਅਤੇ ਪੈਰਿਸ ਦੀਆਂ ਇਸ ਵਾਰ ਦੀਆਂ ਓਲੰਪਿਕ ਖੇਡਾਂ ਦਾ ਬਜਟ 9 ਬਿਲੀਅਨ ਯੂਰੋ ਤੱਕ ਦਾ ਬਣਿਆ ਹੈ।
ਇਨਾਂ ਓਲੰਪਿਕ ਖੇਡਾਂ ਲਈ ਪੈਰਿਸ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਪੱਖੋਂ ਐਤਕੀ ਦਾ ਆਯੋਜਨ ਕਾਫੀ ਬਿਹਤਰੀਨ ਹੋਣ ਦੀ ਸੰਭਾਵਨਾ ਹੈ। ਤਕਰੀਬਨ 9 ਸਾਲ ਪਹਿਲਾਂ ਜਦੋਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਪੈਰਿਸ ਦਾ ਨਾਂਅ ਤੈਅ ਹੋਇਆ ਸੀ ਤਾਂ ਉਦੋਂ ਤੋਂ ਹੀ ਆਯੋਜਨ ਦੀ ਤਿਆਰੀ ਚੱਲ ਪਈ ਸੀ। 6 ਵੱਡੇ ਸ਼ਹਿਰਾਂ ਦਰਮਿਆਨ ਇਨਾਂ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਦਾਅਵੇਦਾਰੀ ਦੀ ਪ੍ਰਕਿਰਿਆ ਚੱਲੀ ਸੀ ਜਿਸ ਵਿੱਚ ਅਖੀਰ ਨੂੰ ਪੈਰਿਸ ਮੇਜ਼ਬਾਨੀ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ। ਓਲੰਪਿਕ ਖੇਡਾਂ 2024 ਲਈ ਪੈਰਿਸ ਸ਼ਹਿਰ ਵਿੱਚ 41 ਖੇਡ ਕੇਂਦਰ ਅਤੇ ਸਟੇਡੀਅਮ ਤਿਆਰ ਕੀਤੇ ਗਏ ਹਨ ਅਤੇ ਓਲੰਪਿਕ ਖੇਡਾਂ ਦੀ ਰਿਵਾਇਤ ਮੁਤਾਬਕ ਇਸ ਵਾਰ ਦਾ ਓਲੰਪਿਕ ਪਿੰਡ, 18 ਹਜ਼ਾਰ ਲੋਕਾਂ ਦੀ ਸਮਰੱਥਾ ਤਹਿਤ ਫਰਾਂਸ ਦੇ ਪ੍ਰਮੁੱਖ ਇਲਾਕੇ ਸੇਂਟ ਡੈਨਸ ਵਿੱਚ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੈਰਿਸ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਓਲੰਪਿਕ ਖੇਡਾਂ ਦੇ ਲਈ ਕਈ ਆਰਜ਼ੀ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਐਤਕੀਂ ਇੱਕ ਨਵਾਂ ਪਹਿਲੂ ਇਹ ਵੀ ਜੁੜਿਆ ਹੈ ਕਿ ਉਲੰਪਿਕ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਨਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਰਿਵਾਇਤੀ ਸਟੇਡੀਅਮ ਵਿੱਚ ਨਾ ਹੋ ਕੇ, ਨਵੇ ਢੰਗ ਨਾਲ ਦਰਿਆ ਪਾਣੀ ਵਿਚ 6 ਕਿਲੋਮੀਟਰ ਲੰਮੀਆਂ, ਕਿਸ਼ਤੀਆਂ ਰਾਹੀ ‘ਪਰੇਡ ਆਫ ਨੇਸ਼ਨਜ’ ਦੇ ਨਾਂਅ ਇਕ ‘ਮਿੰਨੀ ਸਟੇਡੀਅਮ’ ਵਿਚ ਕਰਵਾਇਆ ਗਿਆ ਜਿਸ ਦੀ ਸਾਰੀ ਦੁਨੀਆਂ ਵਿੱਚ ਕਾਫੀ ਚਰਚਾ ਹੋਈ ਹੈ।
ਓਲੰਪਿਕ ਖੇਡਾਂ ਦੇ ਇਤਿਹਾਸ ਉੱਪਰ ਇੱਕ ਝਾਤ ਪਾਈਏ ਤਾਂ ਆਧੁਨਿਕ ਰੂਪ ਵਿੱਚ ਓਲੰਪਿਕ ਖੇਡਾਂ ਸੰਨ 1896 ਤੋਂ ਯੂਨਾਨ ਦੇਸ਼ ਦੇ ਐਥਨਸ ਤੋਂ ਹੋਣੀਆਂ ਸ਼ੁਰੂ ਹੋਈਆਂ। ਐਤਕੀਂ ਦੀਆਂ ਓਲੰਪਿਕ ਖੇਡਾਂ ਸਬੰਧੀ ਖਾਸ ਗੱਲ ਇਹ ਵੀ ਹੈ ਕਿ ਠੀਕ 100 ਸਾਲ ਬਾਅਦ ਪੈਰਿਸ ਸ਼ਹਿਰ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਆਇਆ ਹੈ। ਇਸ ਤੋਂ ਪਹਿਲਾਂ ਸਾਲ 1924 ਵਿੱਚ ਪੈਰਿਸ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਪੈਰਿਸ ਸ਼ਹਿਰ ਦੇ ਨਾਲ ਇੱਕ ਰਿਕਾਰਡ ਇਹ ਵੀ ਜੁੜ ਗਿਆ ਹੈ ਕਿ ਉਹ ਦੁਨੀਆ ਦਾ ਦੂਜਾ ਅਜਿਹਾ ਸ਼ਹਿਰ ਬਣਿਆ ਹੈ ਜਿਸ ਨੇ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਪੈਰਿਸ ਸ਼ਹਿਰ ਤੋਂ ਪਹਿਲਾਂ, ਇੰਗਲੈਂਡ ਦਾ ਸ਼ਹਿਰ ਲੰਡਨ ਤਿੰਨ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਕੇ ਇਸ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਚੱਲ ਰਿਹਾ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ ਤਿੰਨ ਵਾਰ ਓਲੰਪਿਕ ਖੇਡਾਂ ਆਪਣੇ ਤੈਅ ਸਮੇਂ ਉੱਤੇ ਨਹੀਂ ਸੀ ਹੋਈਆਂ ਅਤੇ ਇਨਾਂ ਵਿੱਚ ਦੁਹਾਂ ਵਿਸ਼ਵ ਜੰਗਾਂ ਦੇ ਕਰਕੇ ਦੋ ਵਾਰ ਓਲੰਪਿਕ ਖੇਡਾਂ ਦੇ ਆਯੋਜਨ ਵਿੱਚ ਨਾਗਾ ਪਿਆ ਸੀ ਜਦਕਿ ਪਿਛਲੀਆਂ ਓਲੰਪਿਕ ਖੇਡਾਂ ਯਾਨੀ ਕਿ ਸਾਲ 2020 ਦੀਆਂ ਟੋਕਿਓ ਓਲੰਪਿਕ ਖੇਡਾਂ ਕਰੋਨਾ ਦੇ ਮਾਹੌਲ ਕਰਕੇ ਲੱਗੇ ਲਾਕਡਾਊਨ ਕਾਰਨ ਇੱਕ ਸਾਲ ਬਾਅਦ ਭਾਵ ਸਾਲ 2021 ਵਿੱਚ ਹੋਈਆਂ ਸਨ। ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਪੱਖੋਂ ਸਭ ਤੋਂ ਮੂਹਰੇ ਚੱਲ ਰਹੇ ਦੇਸ਼ ਦੀ ਗੱਲ ਹੋਵੇ ਤਾਂ ਅਮਰੀਕਾ ਇਸ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ, ਸਾਬਕਾ ਦੇਸ਼ ਸੋਵੀਅਤ ਯੂਨੀਅਨ ਦੂਜੇ ਅਤੇ ਜਰਮਨੀ ਤੀਜੇ ਸਥਾਨ ਉੱਤੇ ਨਜ਼ਰ ਆਉਂਦਾ ਹੈ।
ਇਸ ਵਾਰ ਓਲੰਪਿਕ ਖੇਡਾਂ ਵਿੱਚ ਇੱਕ ਨਵੀਂ ਖੇਡ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਦਾ ਨਾਂ ਹੈ ‘ਬਰੇਕਿੰਗ’। ਇਸ ਖੇਡ ਵਿੱਚ ਸੰਗੀਤ ਦੀ ਤਾਲ ‘ਤੇ ਖਿਡਾਰੀ ਬਰੇਕ ਡਾਂਸ ਵਰਗੀ ਪੇਸ਼ਕਾਰੀ ਦੇਣਗੇ ਅਤੇ ਜੱਜਾਂ ਵੱਲੋਂ ਉਨਾਂ ਨੂੰ ਅੰਕ ਦਿੱਤੇ ਜਾਣਗੇ। ਇਸ ਖੇਡ ਨੂੰ ਤੁਸੀਂ ਪਿਛਲੀਆਂ ਏਸ਼ੀਅਨ ਖੇਡਾਂ (ਹਾਂਗਜ਼ੂ 2023) ਵਿੱਚ ਜ਼ਰੂਰ ਵੇਖਿਆ ਹੋਵੇਗਾ। ਇਸ ਵਾਰ ਦੀਆਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਜਿੱਤੇ ਜਾਣ ਵਾਲੇ ਮੈਡਲ ਵਿਸ਼ਵ ਪ੍ਰਸਿੱਧ ‘ਆਈਫਲ ਟਾਵਰ’ ਦੇ ਪਹਿਲੇ ਨਿਰਮਾਣ ਵਿੱਚ ਵਰਤੇ ਗਏ ਧਾਤੂ ਦੇ ਅੰਸ਼ ਵਾਲੇ ਹੋਣਗੇ ਜੋ ਕਿ ਐਤਕੀ ਦੇ ਮੈਡਲਾਂ ਨੂੰ ਐਥਲੀਟਾਂ ਲਈ ਯਾਦਗਾਰ ਬਣਾਉਣਗੇ। ਕੁੱਝ ਤਕਨੀਕੀ ਕਾਰਨਾਂ ਕਰਕੇ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਹੀ ਕਈ ਖੇਡਾਂ ਦੇ ਮੁਕਾਬਲੇ ਸ਼ੁਰੂ ਹੋ ਗਏ ਸਨ ਜਿਨਾਂ ਵਿੱਚ ਫੁੱਟਬਾਲ, ਰਗਬੀ, ਤੀਰਅੰਦਾਜ਼ੀ ਅਤੇ ਹੈਂਡਬਾਲ ਸ਼ਾਮਲ ਹਨ। ਇਸ ਵਾਰ ਕਿੰਨੇ ਰਿਕਾਰਡ ਟੁੱਟਣਗੇ? ਇਸ ਉੱਪਰ ਵੀ ਸਭ ਦੀ ਨਿਗ੍ਹਾ ਰਹੇਗੀ। ਰੁਝਾਨ ਇਹ ਦੱਸਦੇ ਹਨ ਕਿ ਓਲੰਪਿਕ ਖੇਡਾਂ 2008 ਵਿੱਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ 2012 ਵਿੱਚ 30, ਰੀਓ 2016 ਵਿੱਚ 19 ਜਦੋਂਕਿ ਟੋਕੀਓ ਵਿੱਚ 17 ਵਿਸ਼ਵ ਰਿਕਾਰਡ ਟੁੱਟੇ ਸਨ। ਐਤਕੀਂ ਵੀ ਕਾਫੀ ਸਖਤ ਮੁਕਾਬਲਾ ਹੋਣ ਅਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਨਵੇਂ ਤੋਂ ਨਵੇਂ ਰਿਕਾਰਡ ਬਣਨ ਦੀ ਕਾਫੀ ਸੰਭਾਵਨਾ ਨਜ਼ਰ ਆਉਂਦੀ ਹੈ।
ਐਤਕੀ ਦੀਆਂ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਅਤੇ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਭਾਰਤੀ ਦਾਅਵੇਦਾਰੀ ਸਬੰਧੀ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਭਾਰਤ ਦੀਆਂ ਲਗਭਗ ਸਾਰੀਆਂ ਟੀਮਾਂ ਨੇ ਸਮੇਂ ਸਿਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਸੀ ਜਿਸ ਕਰਕੇ ਉਨਾਂ ਨੂੰ ਖੇਡਾਂ ਦੇ ਇਸ ਮਹਾਂਕੁੰਭ ਦੀ ਤਿਆਰੀ ਕਰਨ ਲਈ ਭਰਪੂਰ ਸਮਾਂ ਮਿਲਿਆ। ਸਿਰਫ ਭਾਰਤ ਦੀ ਟੇਬਲ ਟੈਨਿਸ ਟੀਮ ਨੂੰ ਓਲੰਪਿਕ ਕੋਟਾ ਨਿਸ਼ਚਿਤ ਕਰਨ ਲਈ ਇੰਤਜ਼ਾਰ ਕਰਨਾ ਪਿਆ ਜਦਕਿ ਬਾਕੀ ਸਾਰੀਆਂ ਟੀਮਾਂ ਨੇ ਸਮੇਂ ਸਿਰ ਕੁਆਲੀਫਾਈ ਕਰਕੇ ਤਿਆਰੀ ਆਰੰਭ ਦਿੱਤੀ ਸੀ ਜਿਸ ਦਾ ਲਾਹਾ ਉਨਾਂ ਨੂੰ ਖੇਡਾਂ ਦੌਰਾਨ ਮਿਲਣ ਦੀ ਭਰਪੂਰ ਸੰਭਾਵਨਾ ਹੈ। ਭਾਰਤੀ ਖਿਡਾਰੀਆਂ ਦੀ ਸੂਚੀ ’ਚ ਸਭ ਤੋਂ ਵੱਧ 29 ਖਿਡਾਰੀ (11 ਮਹਿਲਾ ਅਤੇ 18 ਪੁਰਸ਼) ਅਥਲੈਟਿਕਸ ਟੀਮ ਦੇ ਮੈਂਬਰ ਨੇ। ਉਨ੍ਹਾਂ ਤੋਂ ਬਾਅਦ ਸ਼ੂਟਿੰਗ ਯਾਨੀ ਨਿਸ਼ਾਨੇਬਾਜ਼ੀ ਦੇ 21 ਖਿਡਾਰੀ ਅਤੇ ਹਾਕੀ ਦੇ 16 ਖਿਡਾਰੀ ਆਉਂਦੇ ਨੇ। ਭਾਰਤ ਦੇ ਅੱਠ ਖਿਡਾਰੀ ਟੇਬਲ ਟੈਨਿਸ ਵਿੱਚ ਹਿੱਸਾ ਲੈਣਗੇ ਜਦਕਿ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਸਮੇਤ ਸੱਤ ਖਿਡਾਰੀ ਬੈਡਮਿੰਟਨ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਕੁਸ਼ਤੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ ਛੇ-ਛੇ ਖਿਡਾਰੀ ਓਲੰਪਿਕ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਇਸ ਤੋਂ ਬਾਅਦ ਗੋਲਫ (4), ਟੈਨਿਸ (3) ਅਤੇ ਤੈਰਾਕੀ (2) ਖਿਡਾਰੀਆਂ ਦੀ ਵਾਰੀ ਆਉਂਦੀ ਹੈ। ਘੋੜ ਸਵਾਰੀ, ਜੂਡੋ, ਰੋਇੰਗ ਅਤੇ ਵੇਟ ਲਿਫਟਿੰਗ ਵਿੱਚ ਇੱਕ-ਇੱਕ ਖਿਡਾਰੀ ਹਿੱਸਾ ਲਵੇਗਾ। ਖਾਸ ਜ਼ਿਕਰ ਕਰਨਾ ਬਣਦਾ ਹੈ ਭਾਰਤ ਦੀ ਨਿਸ਼ਾਨੇਬਾਜ਼ੀ ਟੀਮ ਦਾ ਜਿਸ ਵਿੱਚ 11 ਮਹਿਲਾ ਅਤੇ 10 ਪੁਰਸ਼ ਖਿਡਾਰੀ ਸ਼ਾਮਲ ਨੇ ਭਾਵ ਇਥੇ ਔਰਤਾਂ ਦੀ ਸਭ ਤੋਂ ਵੱਡੀ ਹਾਜ਼ਰੀ ਲੱਗੀ ਹੈ। ਟੇਬਲ ਟੈਨਿਸ ਵਿੱਚ, ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਚਾਰ-ਚਾਰ ਖਿਡਾਰੀ ਸ਼ਾਮਲ ਨੇ। ਟੋਕੀਓ ਓਲੰਪਿਕ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਚਾਨੂ ਟੀਮ ਵਿੱਚ ਸ਼ਾਮਲ ਇਕਲੌਤੀ ਵੇਟਲਿਫਟਰ ਹੈ। ਪਿਛਲੀ ਵਾਰ ਦੀਆਂ ਖੇਡਾਂ ਵਿੱਚ ਭਾਰਤ ਨੇ ਇੱਕ ਸੋਨੇ ਦਾ, ਦੋ ਚਾਂਦੀ ਦੇ ਅਤੇ ਚਾਰ ਕਾਂਸੀ ਦੇ ਮੈਡਲ ਸਣੇ ਕੁੱਲ ਸੱਤ ਮੈਡਲ ਜਿੱਤੇ ਸਨ ਜਦਕਿ ਇਸ ਵਾਰ ਕੁੱਲ ਮੈਡਲਾਂ ਦੀ ਆਸ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਨਜ਼ਰ ਆ ਰਹੀ ਏ।
–ਸੁਦੀਪ ਸਿੰਘ ਢਿੱਲੋਂ