ਨਵੀਂ ਦਿੱਲੀ/ਪੰਜਾਬ ਪੋਸਟ
ਪਾਰਲੀਮੈਂਟ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਲੰਘੇ ਕੱਲ ਹੰਗਾਮਾ ਇਸ ਕਦਰ ਵਧ ਗਿਆ ਕਿ ਲੋਕ ਸਭਾ ਵਿੱਚ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਤੋਂ ਬਾਅਦ ਕਾਂਗਰਸ ਦੇ ਸੱਤ ਅਤੇ ਸੀ.ਪੀ.ਆਈ (ਐੱਮ) ਦੇ ਇੱਕ ਸੰਸਦ ਮੈਂਬਰ ਨੂੰ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਸੰਸਦ ਮੈਂਬਰਾਂ ਵਿਚ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਹਿਬੀ ਐਡਨ, ਸੀ ਕਿਰਨ ਕੁਮਾਰ ਰੈੱਡੀ, ਮਨੀਕਮ ਟੈਗੋਰ, ਪ੍ਰਸ਼ਾਂਤ ਪੜੋਲੇ, ਡੀਨ ਕੁਰੀਆਕੋਸ (ਸਾਰੇ ਕਾਂਗਰਸੀ) ਤੇ ਐੱਸ ਵੈਂਕਟੇਸ਼ਨ (ਸੀ.ਪੀ.ਆਈ-ਐੱਮ) ਸ਼ਾਮਲ ਹਨ। ਮੁਅੱਤਲ ਕੀਤੇ ਇਨਾਂ ਸਾਰੇ ਸੰਸਦ ਮੈਂਬਰਾਂ ’ਤੇ ਸਪੀਕਰ ਦੀ ਚੇਅਰ ਕੋਲ ਜਾ ਕੇ ਕਾਗਜ਼ ਪਾੜਨ ਅਤੇ ਚੇਅਰ ਵੱਲ ਸੁੱਟਣ ਦਾ ਦੋਸ਼ ਲੱਗਾ ਹੈ। ਮੈਂਬਰਾਂ ਨੂੰ ਮੁਅੱਤਲ ਕਰਨ ਸਬੰਧੀ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰੱਖਿਆ, ਜੋ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਨਾਲ 2 ਅਪਰੈਲ ਨੂੰ ਖ਼ਤਮ ਹੋਣ ਵਾਲੇ ਬਜਟ ਇਜਲਾਸ ਦੌਰਾਨ ਸੱਤਾਧਿਰ ਤੇ ਵਿਰੋਧੀ ਧਿਰ ਵਿਚਾਲੇ ਤਲਖੀ ਵਧਣ ਦੇ ਆਸਾਰ ਹਨ।
ਪਾਰਲੀਮੈਂਟ ‘ਚ ਭਾਰੀ ਹੰਗਾਮੇ ਮਗਰੋਂ ਵਿਰੋਧੀ ਧਿਰ ਦੇ 8 ਮੈਂਬਰ ਸਮੁੱਚੇ ਸੈਸ਼ਨ ਲਈ ਮੁਅੱਤਲ
Published:






