ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਦੀ ਪਾਰਲੀਮੈਂਟ ਵਿੱਚ ਮਾਨਸੂਨ ਸੈਸ਼ਨ ਅੱਜ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿੱਚ ਭਲਕੇ 23 ਜੁਲਾਈ ਨੂੰ ਕੇਂਦਰੀ ਬਜਟ ਵੀ ਪੇਸ਼ ਕੀਤਾ ਜਾਵੇਗਾ। ਇਸ ਮਾਨਸੂਨ ਸੈਸ਼ਨ ‘ਚ ਕਾਫੀ ਹੰਗਾਮਾ ਹੋਣ ਦੇ ਵੀ ਆਸਾਰ ਹਨ। ਇਸ ਇਜਲਾਸ ਸਬੰਧੀ ਬੀਤੇ ਦਿਨ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਵੀ ਇਸ ਸਬੰਧੀ ਸੰਕੇਤ ਮਿਲੇ ਸਨ, ਜਿੱਥੇ ਵਿਰੋਧੀ ਧਿਰ ਨੀਟ-ਯੂਜੀ ਪ੍ਰੀਖਿਆ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਨਜ਼ਰ ਆਈ। ਇਸ ਦੇ ਨਾਲ ਹੀ ਸਰਕਾਰ ਨੂੰ ਆਪਣੇ ਸਹਿਯੋਗੀ ਪਾਰਟੀਆਂ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਵੇਗਾ, ਜੋ ਆਪੋ ਆਪਣੇ ਸੂਬਿਆਂ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਰਹੇ ਹਨ। ਇਸ ਵਿੱਚ ਬਿਹਾਰ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਾਰਲੀਮੈਂਟ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਸੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਦੁਆਰਾ ਸੋਸ਼ਲ ਮੀਡੀਆ ‘ਤੇ ਮੀਟਿੰਗ ਦੀ ਕਾਰਵਾਈ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਲਈ ਐੱਨ. ਡੀ. ਏ. ਨੇ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਇਹੀ ਆਲਮ ਪਾਰਲੀਮੈਂਟ ਦੀ ਕਾਰਵਾਈ ਦੌਰਾਨ ਵੀ ਵੇਖਿਆ ਜਾ ਸਕਦਾ ਹੈ।