ਸੰਗਰੂਰ/ਪੰਜਾਬ ਪੋਸਟ
ਸੰਗਰੂਰ ਤੋਂ ਅਕਾਲੀ ਦਲ ਵੱਲੋਂ ਕਹਿ ਕੇ ਵੀ ਲੋਕ ਸਭਾ ਦੀ ਟਿਕਟ ਨਾ ਦੇਣ ਕਾਰਨ ਆਪਣੇ ਹਮਾਇਤੀਆਂ ਸਣੇ ਨਾਰਾਜ਼ ਹੋ ਕੇ ਘਰ ਬੈਠੇ ਦੱਸੇ ਜਾਂਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਚੁੱਪੀ ਤੋੜਦਿਆਂ, ਅਕਾਲੀ ਉਮੀਦਵਾਰ ਐੱਨ. ਕੇ. ਸ਼ਰਮਾ ਦੇ ਹੱਕ ’ਚ ਚੋਣ ਮੀਟਿੰਗ ਕੀਤੀ। ਉਨ੍ਹਾਂ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਸਮਰਥਕ ਵੀ ਅਕਾਲੀ ਦਲ ਦੇ ਚੋਣ ਪਿੜ ਤੋਂ ਲਾਂਭੇ ਹੀ ਚੱਲੇ ਆ ਰਹੇ ਸਨ, ਪਰ ਇਸ ਮੀਟਿੰਗ ’ਚ ਉਨ੍ਹਾਂ ਨੇ ਜਿੱਥੇ ਹਮਾਇਤੀਆਂ ਨੂੰ ਸ਼ਰਮਾ ਦੀ ਚੋਣ ਮੁਹਿੰਮ ’ਚ ਕੁੱਦਣ ਲਈ ਆਖਿਆ, ਉੱਥੇ ਹੀ ਸ਼ਰਮਾ ਨਾਲ ਵਿਚਾਰਾਂ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਵੀ ਲਾਈਆਂ। ਪਤਾ ਲੱਗਿਆ ਹੈ ਕਿ ਐੱਨ. ਕੇ. ਸ਼ਰਮਾ ਖੁਦ ਢੀਂਡਸਾ ਪਰਿਵਾਰ ਦੇ ਘਰ ਜਾ ਕੇ ਦੋਵੇਂ ਪਿਓ ਪੁੱਤਾਂ ਨੂੰ ਬੇਨਤੀ ਕਰਕੇ ਆਏ ਸਨ ਕਿ ਉਹ ਉਨਾਂ ਦੀ ਚੋਣ ਮੁਹਿੰਮ ’ਚ ਜ਼ਰੂਰ ਹਿੱਸਾ ਲੈਣ। ਇਸ ਕਾਰਨ ਪਰਮਿੰਦਰ ਸਿੰਘ ਢੀਡਸਾ ਨੇ ਪਹੁੰਚ ਕੇ ਇਹ ਚੋਣ ਮੀਟਿੰਗ ਕੀਤੀ।
ਇਸ ਮੌਕੇ ਐੱਨ. ਕੇ. ਸ਼ਰਮਾ ਦਾ ਕਹਿਣਾ ਸੀ ਕਿ ਢੀਂਡਸਾ ਉਨ੍ਹਾਂ ਦੇ ਵੱਡੇ ਭਰਾਵਾਂ ਬਰਾਬਰ ਨੇ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿਧਾਨ ਸਭਾ ਵਿਚ ਇਕੱਠਿਆਂ ਕੰਮ ਕੀਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਰਮਿੰਦਰ ਢੀਂਡਸਾ ਅਗਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ’ਚ ਵੀ ਪ੍ਰਚਾਰ ਕਰਨ ਜਾਣਗੇ, ਹਾਲਾਂਕਿ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ’ਚ ਪ੍ਰਚਾਰ ਕਰਨ ਸਬੰਧੀ ਸਵਾਲ ਦਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਅਕਾਲੀ ਦਲ ਵਿੱਚ ਸਰਗਰਮ ਹੋਣ ਲੱਗੇ ਪਰਮਿੰਦਰ ਸਿੰਘ ਢੀਂਡਸਾ
Published: