ਮੋਹਾਲੀ/ਪੰਜਾਬ ਪੋਸਟ
ਵਿਵਾਦਾਂ ਵਿੱਚ ਘਿਰੇ ਇਸਾਈ ਪਾਸਟਰ ਬਜਿੰਦਰ ਸਿੰਘ ਨੂੰ 2018 ਵਿਚ ਜ਼ੀਰਕਪੁਰ ਦੀ ਇਕ ਔਰਤ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਅਦਾਲਤ ਤੋਂ ਉਮਰ ਕੈਦ ਦੀ ਸਜ਼ਾ ਮਿਲੀ ਹੈ। ਪਾਦਰੀ ਬਜਿੰਦਰ ਸਿੰਘ ਨੂੰ 28 ਮਾਰਚ ਨੂੰ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ ਭੇਜ ਦਿਤਾ ਗਿਆ ਸੀ। ਪਾਦਰੀ ਬਜਿੰਦਰ ਸਿੰਘ ’ਤੇ 2018 ’ਚ ਇਕ 35 ਸਾਲਾ ਔਰਤ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਦਰੀ ਨੇ ਮੁਹਾਲੀ ਸਥਿਤ ਆਪਣੇ ਘਰ ਜਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਲੈਕਮੇਲ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤ ਮੁਤਾਬਕ ਅਪ੍ਰੈਲ 2018 ’ਚ ਪੀੜਤਾ ਨੇ ਹਿੰਮਤ ਜਤਾਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਬਜਿੰਦਰ ਫਰਾਰ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ ’ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਦਾ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਹਾਲ ਹੀ ਵਿਚ ਵਾਇਰਲ ਹੋਈ ਇਕ ਵੀਡੀਉ ਵਿਚ ਬਜਿੰਦਰ ਸਿੰਘ ਨੂੰ ਆਪਣੇ ਦਫ਼ਤਰ ਵਿਚ ਇਕ ਔਰਤ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਦੇ ਹੋਏ ਵੀ ਦੇਖਿਆ ਗਿਆ ਸੀ।






