ਦਿੱਲੀ/ਪੰਜਾਬ ਪੋਸਟ
ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਸਰਕਾਰ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਸੁਰੱਖਿਆ ਸਬੰਧੀ ਕੈਬਨਿਟ ਕਮੇਟੀ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ ਪਾਕਿਸਤਾਨ ਦੇ ਨਾਲ ਹੋਈ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ, ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਸਣੇ ਕਈ ਵੱਡੇ ਫ਼ੈਸਲੇ ਲਏ। ਮੀਟਿੰਗ ਮਗਰੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪੱਤਰਕਾਰਾਂ ਨੂੰ ਫ਼ੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ 1960 ਦੀ ਸਿੰਧੂ ਜਲ ਸੰਧੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਗਈ ਹੈ, ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਅਟੱਲ ਤੌਰ ’ਤੇ ਸਰਹੱਦ ਪਾਰ ਦਹਿਸ਼ਤਵਾਦ ਨੂੰ ਆਪਣਾ ਸਮਰਥਨ ਬੰਦ ਨਹੀਂ ਕਰ ਦਿੰਦਾ। ਮਿਸਰੀ ਨੇ ਦੱਸਿਆ ਕਿ ਅਟਾਰੀ ਏਕੀਕ੍ਰਿਤ ਚੈੱਕ ਪੋਸਟ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਇਹ ਫ਼ੈਸਲਾ ਵੀ ਲਿਆ ਗਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ/ਸੈਨਿਕ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਓਧਰ, ਇਸ ਬਾਰੇ ਪ੍ਰਤਿਕ੍ਰਿਆ ਦਿੰਦੇ ਹੋਏ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ ਆਸਿਫ਼ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਕੂਟਨੀਤਕ ਸਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਦਾ ਢੁੱਕਵਾਂ ਜਵਾਬ ਤਿਆਰ ਕਰਨ ਲਈ ਸਿਖਰਲੇ ਸਿਵਲ ਅਤੇ ਫ਼ੌਜੀ ਅਧਿਕਾਰੀ ਅੱਜ ਭਾਵ ਵੀਰਵਾਰ ਨੂੰ ਮੀਟਿੰਗ ਕਰਨਗੇ।