ਨਵੀਂ ਦਿੱਲੀ/ਪੰਜਾਬ ਪੋਸਟ
ਮੌਜੂਦਾ ਸਮੇਂ ਚੱਲ ਰਹੀਆਂ ਲੋਕ ਸਭਾ ਚੋਣਾਂ ਤਹਿਤ ਅੱਜ ਦਾ ਦਿਨ ਕਾਫੀ ਅਹਿਮ ਦਿਨ ਹੈ ਕਿਉਂਕਿ ਅੱਜ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਵੋਟਾਂ ਪੈਣਗੀਆਂ। ਹੁਣ ਤੱਕ ਹੋਏ ਪਹਿਲੇ ਤਿੰਨ ਗੇੜਾਂ ਦੌਰਾਨ 283 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਪਹਿਲੇ ਗੇੜ ’ਚ 66.14, ਦੂਜੇ ’ਚ 66.71 ਅਤੇ ਤੀਜੇ ਗੇੜ ’ਚ 65.68 ਫ਼ੀਸਦ ਵੋਟਿੰਗ ਹੋਈ ਸੀ। ਖਾਸ ਗੱਲ ਇਹ ਵੀ ਹੈ ਕਿ ਅੱਜ ਵੋਟਿੰਗ ਵਾਲੀਆਂ ਇਨ੍ਹਾਂ 96 ਸੀਟਾਂ ’ਚੋਂ ਭਾਜਪਾ ਦੀ ਅਗਵਾਈ ਹੇਠਲੇ ਐੱਨ. ਡੀ. ਏ. ਕੋਲ 40 ਤੋਂ ਵੱਧ ਸੀਟਾਂ ਹਨ। ਇਸ ਗੇੜ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੈ ਮਿਸ਼ਰਾ ਟੈਨੀ, ਟੀ. ਐੱਮ. ਸੀ. ਦੀ ਤੇਜ਼-ਤਰਾਰ ਆਗੂ ਮਹੂਆ ਮੋਇਤਰਾ ਅਤੇ ਏ ਆਈ ਐੱਮ ਆਈ ਐੱਮ ਦੇ ਅਸਦੂਦੀਨ ਓਵਾਇਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। ਤਿਲੰਗਾਨਾ ਦੀਆਂ ਸਾਰੀਆਂ 17 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਉੜੀਸਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਅਤੇ ਜੰਮੂ ਕਸ਼ਮੀਰ ਦੀ ਇੱਕ ਸੀਟ ’ਤੇ ਵੋਟਾਂ ਪੈਣਗੀਆਂ। ਲੋਕ ਸਭਾ ਚੋਣਾਂ ਦੇ ਇਸ ਪੜਾਅ ’ਚ ਕੁੱਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਜ਼ਿਆਦਾ ਚੋਣ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਇਸੇ ਗੇੜ ਤਹਿਤ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ 175 ਸੀਟਾਂ ’ਤੇ ਵੀ ਵੋਟਿੰਗ ਹੋਵੇਗੀ, ਜਿੱਥੇ ਹੁਕਮਰਾਨ ਵਾਈ ਐੱਸ ਆਰ ਸੀ, ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਅਤੇ ਐੱਨ ਡੀ ਏ ਵਿਚਕਾਰ ਤਿਕੋਣਾ ਮੁਕਾਬਲਾ ਹੈ। ਚੌਥੇ ਗੇੜ ’ਚ ਉੜੀਸਾ ਵਿਧਾਨ ਸਭਾ ਦੀਆਂ 28 ਸੀਟਾਂ ’ਤੇ ਵੀ ਵੋਟਾਂ ਪੈਣਗੀਆਂ।
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ 96 ਸੀਟਾਂ ਉੱਤੇ ਪੋਲਿੰਗ ਅੱਜ
Published: