ਗਾਜ਼ੀਆਬਾਦ/ਪੰਜਾਬ ਪੋਸਟ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਯੋਜਨਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਿ੍ਰਸ਼ਟਾਚਾਰ ਦੇ ਚੈਂਪੀਅਨ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਪੱਖ ’ਚ ਮਜ਼ਬੂਤ ਅਦਿ੍ਰਸ਼ ਹਨੇਰੀ ਚੱਲ ਰਹੀ ਹੈ ਅਤੇ ਭਾਜਪਾ ਸਿਰਫ਼ 150 ਸੀਟਾਂ ਤੱਕ ਸੀਮਤ ਰਹਿ ਜਾਵੇਗੀ। ਰਾਹੁਲ ਨੇ ਕਿਹਾ, ‘‘ਇਹ ਚੋਣਾਂ ਵਿਚਾਰਧਾਰਾ ਦੀ ਜੰਗ ਵੀ ਹੈ। ਇੱਕ ਪਾਸੇ ਆਰਐੱਸਐੱਸ ਅਤੇ ਭਾਜਪਾ ਹਨ ਜੋ ਸੰਵਿਧਾਨ ਤੇ ਲੋਕਤੰਤਰੀ ਪ੍ਰਣਾਲੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਇੰਡੀਆ ਬਲਾਕ ਉਸ ਦੀ ਰਾਖੀ ਅਤੇ ਬਚਾਅ ਲਈ ਜੂਝ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਕੁਝ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਹਨ ਪਰ ਭਾਜਪਾ ਇਨ੍ਹਾਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਪ੍ਰਧਾਨ ਮੰਤਰੀ ਕਦੇ ਸਮੁੰਦਰ ਦੇ ਪਾਣੀ ਹੇਠਾਂ ਚਲੇ ਜਾਂਦੇ ਹਨ ਅਤੇ ਕਦੇ ਉਹ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਜਾਂਦੇ ਹਨ ਪਰ ਉਹ ਮੁੱਦਿਆਂ ਬਾਰੇ ਕੁਝ ਨਹੀਂ ਬੋਲਦੇ ਹਨ।’