ਨਿਊਯਾਰਕ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਇੱਕ ‘ਸਾਰਥਕ’ ਗੋਲਮੇਜ਼ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਭਾਰਤ ਵਿੱਚ ਵਿਕਾਸ ਦੀ ਸੰਭਾਵਨਾ ’ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਪਹਿਲਕਦਮੀਆਂ ਬਾਰੇ ਚਰਚਾ ਕੀਤੀ। ਇਹ ਮੁਲਾਕਾਤ ਮੋਦੀ ਦੇ ਤਿੰਨ ਦਿਨਾਂ ਅਮਰੀਕਾ ਦੌਰੇ ਤਹਿਤ ‘ਲੋਟੇ ਨਿਊਯਾਰਕ ਪੈਲੇਸ ਹੋਟਲ’ ਵਿੱਚ ਹੋਈ। ਮੀਟਿੰਗ ਵਿੱਚ ਏ. ਆਈ., ‘ਕੁਆਂਟਮ ਕੰਪਿਊਟਿੰਗ’ ਅਤੇ ‘ਸੈਮੀ ਕੰਡਕਟਰ’ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ’ਤੇ ਕੰਮ ਕਰ ਰਹੀਆਂ 15 ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ। ਮੈਸਾਚਿਊਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਸਕੂਲ ਆਫ਼ ਇੰਜਨੀਅਰਿੰਗ ਵੱਲੋਂ ਕਰਵਾਈ ਇਸ ਕਾਨਫਰੰਸ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ, ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ, ਐਕਸੇਂਚਰ ਦੇ ਸੀਈਓ ਜੂਲੀ ਸਵੀਟ ਅਤੇ ਐੱਨ ਵੀ ਆਈਡੀਆ ਦੇ ਸੀਈਓ ਜੇਨਸਨ ਹੁਆਂਗ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਟੈਕਨਾਲੋਜੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ।