* ‘ਦੇਸ਼ ਦੇ ਸਭ ਤੋਂ ਮਜ਼ਬੂਤ ਬਰਾਂਡ ਅੰਬੈਸਡਰ’ ਵਜੋਂ ਕੀਤੀ ਪ੍ਰਵਾਸੀਆਂ ਦੀ ਸ਼ਲਾਘਾ
ਨਿਊਯਾਰਕ/ਪੰਜਾਬ ਪੋਸਟ
ਆਪਣੇ ਤਿੰਨ ਰੋਜ਼ਾ ਅਮਰੀਕਾ ਦੌਰੇ ਤਹਿਤ ਪਹਿਲਾਂ ਐਲਾਨੇ ਪ੍ਰੋਗ੍ਰਾਮ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਦੇ ਨਾਸਾਊ ਕੌਲਿਸੀਅਮ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਭਾਰਤੀ ਪਰਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀ ਹਮੇਸ਼ਾ ਦੇਸ਼ ਦੇ ਸਭ ਤੋਂ ਮਜ਼ਬੂਤ ਬਰਾਂਡ ਅੰਬੈਸਡਰ ਰਹੇ ਹਨ ਜਿਨਾਂ ਨੇ ਭਾਰਤ ਨੂੰ ਅਮਰੀਕਾ ਨਾਲ ਅਤੇ ਅਮਰੀਕਾ ਨੂੰ ਭਾਰਤ ਨਾਲ ਜੋੜਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਨੂੰ ਆਪਣੇ ਘਰ ਬੁਲਾਉਣਾ 140 ਕਰੋੜ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।’’ ਲਾਂਗ ਆਇਲੈਂਡ ਸਥਿਤ ਕੌਲਿਸੀਅਮ ਵਿੱਚ ਉਨ੍ਹਾਂ ਦੀ ਆਮਦ ਤੋਂ ਪਹਿਲਾਂ ਕਈ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਲਵਾਯੂ ਬਦਲਾਅ ਦੇ ਸਬੰਧ ਉਨ੍ਹਾਂ ਕਿਹਾ ਕਿ ਦੁਨੀਆ ਦੀ ਤਬਾਹੀ ਦਾ ਕਾਰਨ ਬਣਨ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ।