*ਤਿੰਨ ਮਹੀਨਿਆਂ ‘ਚ ਤੀਜੀ ਵਾਰ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਵੀ ਮੁਲਾਕਾਤ
ਨਵੀਂ ਦਿੱਲੀ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਫਲ ਅਮਰੀਕਾ ਫੇਰੀ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਹਨ। ਉੱਥੇ ਆਪਣੇ ਵਿਆਪਕ ਅਤੇ ਵਿਅਸਤ ਕਾਰਜਕ੍ਰਮ ਦੌਰਾਨ, ਉਨਾਂ ਨੇ ਵਿਲਮਿੰਗਟਨ, ਡੇਲਾਵੇਅਰ ਵਿੱਚ ਛੇਵੇਂ ਸਾਲਾਨਾ ‘ਕੁਆਡ ਲੀਡਰਜ਼’ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ‘ਭਵਿੱਖ ਲਈ ਸੰਮੇਲਨ’ ਨੂੰ ਸੰਬੋਧਨ ਕੀਤਾ। ਇਨ੍ਹਾਂ ਵੱਡੇ ਸਮਾਗਮਾਂ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੁਆਡ ਸਮੂਹ ਦੇ ਹੋਰ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਵੀ ਕੀਤੀਆਂ। ਇਸੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਊਯਾਰਕ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਅਮਰੀਕਾ ਸਥਿਤ ਤਕਨਾਲੋਜੀ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨਿਊਯਾਰਕ ਵਿਖੇ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਤਿੰਨ ਮਹੀਨਿਆਂ ‘ਚ ਤੀਜੀ ਵਾਰ ਮੁਲਾਕਾਤ ਕੀਤੀ ਜਿਸ ਨੂੰ ਜ਼ੇਲੇਂਸਕੀ ਨੇ ਇੱਕ ‘ਵਧੀਆ ਅਤੇ ਸਾਰਥਕ’ ਗੱਲਬਾਤ ਕਰਾਰ ਦਿੱਤਾ ਹੈ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਿਨਯਾਨ ਨਾਲ ਵੀ ਮੁਲਾਕਾਤ ਕੀਤੀ।