ਪਟਿਆਲਾ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ਉੱਤੇ ਆ ਰਹੇ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ਅੱਜ ਪਟਿਆਲੇ ਦੀ ਪੋਲੋ ਗਰਾਊਂਡ ਵਿੱਚ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੈਲੀ ਲਈ ਭਾਜਪਾ ਵੱਲੋਂ ਵਿਸ਼ਾਲ ਅਤੇ ਆਲੀਸ਼ਾਨ ਟੈਂਟ ਲਾਇਆ ਗਿਆ ਹੈ, ਜਿੱਥੇ ਵੱਡਾ ਇਕੱਠ ਜੁਟਾਉਣ ਲਈ ਪ੍ਰਨੀਤ ਕੌਰ ਸਣੇ ਸਾਰੇ ਹੀ ਭਾਜਪਾ ਆਗੂਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸੂਬਾਈ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਨੀਤ ਕੌਰ ਨੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਦੂਜੇ ਬੰਨ੍ਹੇ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਇੱਥੇ ਛੇ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੰਜਾਬ ਸਣੇ ਅੱਧੀ ਦਰਜਨ ਰਾਜਾਂ ਦੀ ਪੁਲੀਸ ਵੀ ਮੌਜੂਦ ਹੋਵੇਗੀ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਐਲਾਨ ਮਗਰੋਂ ਪੁਲੀਸ ਨੇ ਸ਼ਹਿਰ ਦੁਆਲੇ ਨਾਕੇ ਲਗਾ ਕੇ ਇੱਕ ਤਰ੍ਹਾਂ ਪਟਿਆਲਾ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਦੀ ਕੋਸ਼ਿਸ਼ ਹੈ ਕਿ ਰੈਲੀ ਦੇ ਅੰਦਰ ਕੋਈ ਵੀ ਕਿਸਾਨ ਨਾ ਪਹੁੰਚ ਸਕੇ, ਜਿਸ ਕਰ ਕੇ ਰੈਲੀ ’ਚ ਆਉਣ ਵਾਲੇ ਵਰਕਰਾਂ ’ਤੇ ਵੀ ਪੁਲੀਸ ਨਜ਼ਰ ਰੱਖੇਗੀ। ਖਾਸ ਕਰਕੇ ਕਾਲੇ ਕੱਪੜਿਆਂ ਵਾਲਿਆਂ ’ਤੇ ਖਾਸ ਨਜ਼ਰ ਰੱਖੀ ਜਾਵੇਗੀ। ਕਿਸਾਨ ਅੰਦੋਲਨ-2 ਦੇ 100 ਦਿਨ ਪੂਰੇ ਹੋਣ ਉੱਤੇ ਡੱਬਵਾਲੀ ਹੱਦ ’ਤੇ ਭਾਕਿਯੂ ਏਕਤਾ ਸਿੱਧੂਪੁਰ ਦੇ ਪੱਕੇ ਮੋਰਚੇ ਵਿੱਚ ਵਿਸ਼ਾਲ ਕਿਸਾਨ ਕਾਨਫ੍ਰੰਸ ਕੀਤੀ ਗਈ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਕਿਸਾਨਾਂ ਵੱਲੋਂ ਇੱਕ ਸੁਰ ਵਿੱਚ ਕਿਸਾਨ ਮਸਲਿਆਂ ’ਤੇ ਸਵਾਲ ਪੁੱਛਣ ਦਾ ਸੱਦਾ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਦਾ ਪਟਿਆਲਾ ਦੌਰਾ ਅੱਜ
Published:






