ਉਜੜੇ ਬਾਗ਼ਾਂ ਵਿੱਚੋਂ ਰਹੇ ਖਹੇ ਅਮਰੂਦ ਲੱਭ ਕੇ ਖਾਂਦਾ ਖੁਆਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਢੇ ਲੁਕਾਠਾਂ ਦੇ ਬਾਗ਼ ਲਾਗੋਂ ਲੰਘਿਆ, ਤਾਂ ਬਾਗ਼ ਦਾ ਮਾਲਕ ਲੁਕਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ੱਕੀਆਂ ਗਾਲਾਂ ਕੱਢ ਰਿਹਾ ਸੀ –ਐਨੀਆਂ ਗੰਦੀਆਂ ਕਿ ਇੱਕ ਵਾਸਤਵ-ਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋ ਸ਼ਰਮਾ ਜਾਵੇ। ਮੈਲੀ, ਗੰਦੀ ਬਨੈਨ ਤੇ ਲਾਂਗੜ ਲਮਕਦੀ ਲੰਗੋਟੀ ਵਾਲਾ ਪੰਦਰਾਂ ਸੋਲਾਂ ਵਰ੍ਹਿਆਂ ਦਾ ਰਾਖਾ ਕੰਬੀ ਜਾ ਰਿਹਾ ਸੀ; ਪਤਾ ਨਹੀਂ ਡਰ ਨਾਲ, ਗ਼ੁੱਸੇ ਨਾਲ ਕਿ ਬੁਖ਼ਾਰ ਨਾਲ । ਉਸ ਦੀਆਂ ਅੱਖਾਂ ਭਖ ਰਹੀਆਂ ਸਨ ।
ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕੇਵਲ ਇੱਕੋ ਪਤਲੇ ਸੁੱਕੇ ਅਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜੱਥੇ ਨਾਲ ਚਾਲ ਵਧਾਂਦਾ ਮਿਲ ਪਿਆ। ਰਾਖੇ ਨੇ ਕੰਬਦੇ ਕੰਬਦੇ ਆਖਿਆ, ‘‘ਏ ਸ਼ਾਹ ਜੀ, ਮੈਂ ਕੋਈ ਜਾਣ ਬੁਝ ਕੇ ਥੋੜ੍ਹਾ ਲੰਮਾ ਪਿਆ ਹੋਇਆ ਸਾਂ, ਮੈਨੂੰ ਤੇ ਤਾਪ ਚੜ੍ਹਿਆ ਹੋਇਆ ਹੈ।’’
‘‘ਓਇ ਤਾਪ ਦਿਆ ਬੱਚਿਆ, ਤਾਪ ਚੜ੍ਹਿਆ ਕਿਉਂ?’’
‘‘ਜੀ ਇਹ ਤੇ ਮੈਨੂੰ ਪਤਾ ਨਹੀਂ। ਪਰ ਇਹ ਜਦੋਂ ਚੜ੍ਹਨ ਤੇ ਆਵੇ ਤਾਂ ਸਾਰਿਆਂ ਨੂੰ ਚੜ੍ਹ ਜਾਂਦਾ ਹੈ। ਤੁਹਾਨੂੰ ਵੀ ਤੇ ਚੜ੍ਹ ਈ ਗਿਆ ਸੀ ਕਿ।’’
ਲਾਲੂ ਸ਼ਾਹ ਆਪ ਵੀ ਪੰਜ ਸੱਤ ਪੁਰਾਣੀਆਂ ਜਮਾਤਾਂ ਪੜ੍ਹਿਆ ਹੋਇਆ ਸੀ ਤੇ ਉਸ ਦੇ ਪੜ੍ਹੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿ ਸਿਲ੍ਹਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ; ਕਿਸੇ ਮੱਛਰ ਦੇ ਵੱਢਿਆਂ ਮੌਸਮੀ ਬੁਖ਼ਾਰ ਹੋ ਜਾਂਦਾ ਹੈ। ਉਸ ਨੂੰ ਪਤਾ ਸੀ ਕਿ ਬਾਗ਼ਾਂ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰ-ਦਾਨੀਆਂ ਖ਼ਰੀਦਣ ਦੀ ਸ਼ਕਤੀ ਨਹੀਂ ਹੁੰਦੀ। ਪਰ ਗ਼ੁੱਸਾ ਤਾਂ ਗ਼ੁੱਸਾ ਹੀ ਹੁੰਦਾ ਹੈ ਤੇ ਫੇਰ ਅਮੀਰ ਦਾ!
‘‘ਓਇ, ਤੂੰ ਸਾਨੂੰ ਮਿਹਣੇ ਦਿੰਨਾ, ਓਇ? ਚੁੱਕ ਬਿਸਤਰਾ ਬੋਰੀਆ ਹੁਣੇ। ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ…..।’’
ਇਹ ਗੱਲ ਸ਼ਾਹ ਹੋਰਾਂ ਇਸ ਖ਼ਿਆਲ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸਨ। ਮੁਸਲਮਾਨਾਂ ਦੇ ਜਾਣ ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲਭਦੇ। ਪਰ ਫਿਰ ਵੀ ਉਨ੍ਹਾਂ ਕਹਿ ਦਿੱਤਾ, ਜੋ ਕਹਿਣਾ ਸੀ।
ਰਾਖੇ ਨੂੰ ਕੁਝ ਰੋਹ ਆ ਗਿਆ। ਉਹ ਕੋਈ ਅਧਖੜ ਕਲਰਕ ਥੋੜ੍ਹਾ ਸੀ। ਭਾਵੇਂ ਜੁਆਨੀ ਦੇ ਲਹੂ ਨੂੰ ਬੁਖ਼ਾਰ ਸੁਕਾ ਰਿਹਾ ਸੀ ਪਰ ਜੋ ਕੁਝ ਹੈ ਸੀ, ਹੈ ਤਾਂ ਸੀ ਨਾ ਜੁਆਨ ਲਹੂ। ਉਸ ਆਪਣਾ ਸ੍ਵੈਮਾਣ ਜਾਗਦਾ ਪੜ੍ਹਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਵਲ੍ਹੇਟ ਲਿਆਇਆ ਅਤੇ ਮਾਲਕ ਨੂੰ ਬਿਨਾਂ ਕੁਝ ਕਿਹਾਂ ਉਸ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ।
ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ। ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ। ਨਾਲੇ ਓਹਨਾਂ ਦਾ ਖ਼ਿਆਲ ਸੀ ਕਿ ਮੁੰਡਾ ਐਥੋਂ ਕੁ ਜਾ ਕੇ ਮੁੜ ਆਵੇਗਾ। ਸੋ ਉਨ੍ਹਾਂ ਵਾਜ ਨਾ ਮਾਰੀ। ਪਰ ਰਾਖਾ ਵਧਦਾ ਗਿਆ, ਵਧਦਾ ਗਿਆ, ਆਪਣੇ ਰਸਤੇ……। ਸ਼ਾਹ ਹੁਰਾਂ ਨੂੰ ਬਾਗ਼ ਦਾ ਖ਼ਿਆਲ ਆਇਆ; ਰਾਤ ਦਾ ਖ਼ਿਆਲ ਆਇਆ; ਚਮਗਿੱਦੜਾਂ ਦਾ ਖ਼ਿਆਲ ਆਇਆ ਜਿਹੜੇ ਉਸ ਸੁਣਿਆ ਹੋਇਆ ਸੀ ਰਾਤੋ ਰਾਤ ਬਾਗ਼ਾਂ ਦੇ ਬਾਗ਼ ਉਜਾੜ ਜਾਂਦੇ ਹਨ। ਜੇ ਮੁੰਡਾ ਨਾ ਮੁੜਿਆ ਤਾਂ…..? ਰਾਤੋ ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ। ਕੀ ਉਹ ਰਾਤੀਂ ਆਪ ਰਾਖੀ ਕਰ ਸਕੇਗਾ? ੱਛਰਾਂ ਤੋ ਉਹ ਡਰ ਗਿਆ। ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਵਿੱਚ ਪਾੜ-ਖਾਣੇ ਜਾਨਵਰਾਂ ਦਾ ਕੋਈ ਖ਼ਤਰਾ ਨਹੀਂ ਸੀ, ਪਰ ਉਸ ਨੂੰ ਆਪਣੇ ਬਾਗ਼ ਵਿੱਚ ਉਹ ਗੱਜਦੇ, ਚੰਘਾੜਦੇ ਸੁਣਾਈ ਦਿੱਤੇ। ਮੋਰ ਦੀ ਕੂਕ ਨੂੰ ਸ਼ਾਮੀਂ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ। ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ, ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ। ਜਾਨ ਨਾਲ ਜਹਾਨ ਹੈ, ਉਸ ਸੋਚਿਆ। ਆਪ ਮੋਏ ਜਗ ਪਰਲੋ। ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਭਾਵੇਂ ਛੱਡ ਜਾਏ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲਗਾ, ਭਾਵੇਂ ਉਸ ਦੀ ਅੰਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ। ਲਾਲੂ ਸ਼ਾਹ ਬੌਂਦਲਿਆ ਹੋਇਆ ਖੂਹ ਲਾਗਲੇ ਥੜ੍ਹੇ ਤੇ ਬੈਠ ਗਿਆ।
ਰਾਖਾ ਉਸ ਥਾਂ ਦੇ ਲਾਗੋਂ ਲੰਘਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਢੇ ਬੈਠੇ ਹੋਏ ਸਨ।
ਅਧਖੜ ਮਖ਼ੌਲੀਏ ਕਲਰਕ ਨੇ ਲਾਗੋਂ ਲੰਘੀ ਜਾਂਦੇ ਰਾਖੇ ਨੂੰ ਆਖਿਆ, ਕਿਉਂ ਬਈ, ਗਾਲਾਂ ਤੈਨੂੰ ਪੈਂਦੀਆਂ ਸਨ?’’
‘‘ਜੀ, ਬਾਊ ਜੀ।’’
‘‘ਫੇਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਨੈ?’’
‘‘ਮੈਨੂੰ ਸ਼ਾਹ ਹੁਰਾਂ ਕੱਢ ਦਿੱਤਾ।’’
‘‘ਕਿਉਂ?’’
‘‘ਮੈਨੂੰ ਤਾਪ ਚੜ੍ਹਿਆ ਹੋਇਆ ਸੀ।’’
‘‘ਫੇਰ ਲੁਕਾਠਾਂ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ!’’
‘‘ਹਾਂ ਜੀ?’’
ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖ਼ਬਰੇ ਕਿਉਂ ਖਿੜ ਖਿੜਾ ਕੇ ਹੱਸ ਪਏ। ਕਿਸੇ ਨੇ ਉਸ ਦੀ ਨੌਕਰੀ ਛੁੱਟਣ ਤੇ ਅਫ਼ਸੋਸ ਨਾ ਕੀਤਾ। ਕਿਸੇ ਉਸ ਦੀ ਬਾਂਹ ਫੜ ਕੇ ਤਾਪ ਨਾ ਜਾਂਚਿਆ। ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋ ਸੁਹਣਾ ਸੀ, ਪਰ ਉਸ ਦੇ ਹੱਥਾਂ ਗੋਡਿਆਂ ਤੇ ਮੈਲ ਜੰਮੀ ਹੋਈ ਸੀ। ਸ਼ਾਇਦ ਉਨ੍ਹਾਂ ਸਮਝਿਆ ਕਿ ਉਹ ਖ਼ੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ। ਪਰ ਕਾਰਨਾਂ ਦੀ ਡੂੰਘਾਈ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਨ੍ਹਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ।
ਰਾਖਾ ਡਿਗਦਾ-ਢਹਿੰਦਾ ਜਿਹਾ ਤੁਰੀ ਗਿਆ। ਸ਼ਾਮੀਂ ਓਹ ਘਰ ਪਹੁੰਚਿਆ। ਪਿੰਡੋਂ ਬਾਹਰਵਾਰ ਉਸ ਦੇ ਭਰਾ ਦਾ ਘਰ ਸੀ। ਉਸ ਦਾ ਪਿਉ ਮਰ ਚੱੁਕਾ ਸੀ। ਉਸ ਦੀ ਭਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ। ਨੋਂਹ-ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ-ਕੂੜਾ ਕਰਦੀਆਂ ਸਨ। ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ ਨਵਾਂ ਪਾਂਡੀ ਦਾ ਕੰਮ ਕਰਨ ਸਿੱਖਿਆ ਸੀ। ਉਹ ਗ਼ਜ਼ਬ ਦਾ ਹੱਲ-ਵਾਹਕ ਸੀ। ਪਾਕਿਸਤਾਨ ਵਿੱਚ ਉਸ ਦਾ ਆਪਣਾ ਹੱਲ ਸੀ ਅਤੇ ਉਹ ਠੇਕੇ ਤੇ ਵਾਹੀ ਕਰਦਾ ਸੀ। ਹੁਣ ਏਸ ਪੰਜਾਬ ਵਿੱਚ ਉਸ ਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ। ਇੱਕ ਖ਼ਾਨਦਾਨ ਦਾ ਖ਼ਾਨਦਾਨ ਭੁੱਖਾ ਮਰ ਰਿਹਾ ਸੀ। ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ। ਉਸ ਦੀ ਤੀਹਾਂ ਦਿਨਾਂ ਦੀ ਕਿਰਤ ਦਾ ਮੱੁਲ ਇਸ ਮਹਿੰਗਾਈ ਦੇ ਸਮੇਂ ਵਿੱਚ ਸਤਾਰਾਂ ਰੁਪਏ ਸੀ।
ਰਾਖਾ ਮੰਜੀ ਡਾਹ ਕੇ, ਵਲ੍ਹੇਟਿਆ ਬਿਸਤਰਾ ਸਰ੍ਹਾਣੇ ਰਖ ਕੇ ਲੇਟ ਗਿਆ। ਜਦੋਂ ਸੱਸ-ਨੋਂਹ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ ਮੰਜੀ ਤੇ ਲੇਟਿਆਂ ਦੇਖਿਆ।
‘‘ਵੇ ਬਾਰੂ! ਭਰਜਾਈ ਨੇ ਆਖਿਆ, ‘‘ਕਿਉਂ ਵੇ, ਤੂੰ ਕਿੱਦਾਂ?’’ ਬਾਰੂ ਜਾਗ ਜਿਹਾ ਪਿਆ, ਤਾਪ ਦੀ ਨੀਂਦਰੋਂ। ਉਸ ਦਾ ਅਸਲੀ ਨਾਂ ਬਹਾਦਰ ਸੀ, ਪਰ ਬਾਰ ਵਿੱਚ ਜੰਮਣ ਪਲਣ ਕਰਕੇ ਉਸ ਨੂੰ ਬਾਰੂ ਹੀ ਕਹਿੰਦੇ ਸਨ।
ਬਾਰੂ ਰੋਣਹਾਕਾ ਜਿਹਾ ਹੋ ਕੇ ਕਹਿਣ ਲੱਗਾ, ‘‘ਸ਼ਾਹ ਨੇ ਮੈਨੂੰ ਕੱਢ ਦਿੱਤਾ।’’
ਨੋਂਹ-ਸੱਸ ਤੇ ਜਿਵੇ ਬਿਜਲੀ ਪੈ ਗਈ! ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ, ਰੋਟੀਆਂ ਦਾ ਫ਼ਿਕਰ ਪੈ ਗਿਆ। ਬਾਰੂ ਦੇ ਸਤਾਰਾਂ ਰੁਪਏ ਤਾਂ ਪੱਕੇ ਸਨ। ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ। ਉਹ ਤੇ ‘ਮਜੂਰ’ ਸੀ।
‘‘ਤੇ ਵੇ ਹੋਇਆ ਕੀ ਸੀ?’’ ਫੇਰ ਭਰਜਾਈ ਨੇ ਹੀ ਪੁੱਛਿਆ।
‘‘ਭਾਬੀ, ਮੈਨੂੰ ਤਾਪ ਚੜ੍ਹ ਗਿਆ ਸੀ। ਮੈਂ ਲੰਮਾ ਪਿਆ ਸਾਂ ਤੇ ਉੱਤੋਂ ਆ ਗਿਆ ਛਾਹ। ਉਹ ਲੱਗਾ ਗੰਦੀਆਂ ਗਾਲਾਂ ਕੱਢਣ। ਮੈਂ ਕਿਹਾ ਗਾਲਾਂ ਨਾ ਕੱਢੇ ਤੇ ਉਹਨੇ ਮੈਨੂੰ ਕੱਢ ਦਿੱਤਾ।’’
‘‘ਐਉਂ ਮਰ ਖਾਂ, ਮਾਂ ਨੇ ਆਖਿਆ। ਤੇ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ? ਤੂੰ ਕਿਹੜੀ ਗੱਲੋਂ ਉਸ ਦੀਆਂ ਗਾਲਾਂ ਟੋਕਣੀਆਂ ਸਨ? ਕੱਢੀ ਜਾਣ ਦਿਨੋਂ!’’
‘‘ਬੇਬੇ, ਉਹ ਤੈਨੂੰ ਗਾਲਾਂ ਕੱਢਦਾ ਸੀ।’’
‘‘ਤੇ ਫੇਰ ਕੀ ਹੋਇਆ ਜੇ ਮੈਨੂੰ ਗਾਲ ਕੱਢੀ ਸੀ ਤੇ? ਮੈਨੂੰ ਕਿਤੇ ਲੱਗ ਗਈ ਏ?’’ ਮਾਂ ਨੇ ਆਖਿਆ।
‘‘ਬੇਬੇ, ਸੈਂਤੀ ਚੱਕ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾਂ ਕੇ ਨਾਹਰ ਸੁਹ ਦਾ ਸਿਰ ਪਾੜ ਆਇਆ ਸੀ!’’
‘‘ਵੇ ਮਰ ਗਿਆ, ਇਹ ਸੈਂਤੀ ਚੱਕ ਹੈ?’’
ਭਰਜਾਈ ਬੋਲੀ, ‘‘ਤੇ ਤੈਨੂੰ ਤਾਪ ਕਿੱਦਾਂ ਚੜ੍ਹਿਆ ਵੇ? ਲੁਕਾਠਾਂ ਖਾਧੀਆਂ ਹੋਣੀਆਂ ਨੇ ਰੱਜ ਕੇ!’’
‘‘ਤੇ ਤੂੰ ਭਾਬੀ, ਕਿਹੜੀ ਪਰਸੋਂ ਰੋਟੀ ਲੈ ਕੇ ਅਪੜੀ ਸੈਂ? ਤੇ ਫੇਰ ਅੱਜ ਵੀ, ਨਾ ਛਾਹ ਵੇਲਾ ਤੇ ਨਾ ਰੋਟੀ। ਦਸ ਫੇਰ ਕੀ ਕਰਦਾ?’’
ਭਾਬੀ ਚੁੱਪ ਹੋ ਗਈ। ਪਰ ਮਾਂ ਬੋਲੀ, ‘‘ਵੇ, ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ……’’
‘‘ਤੇ ਨਾ ਵਗਾਰ ਕਰਨ ਜਾਂਦੀ।’’ ਬਾਰੂ ਨੇ ਮੁੰਡਪੁਣੇ ਦੀ ਹੈਂਕੜ ਵਿੱਚ ਬੇਸੂਰਤੀ ਉਘਾੜਦਿਆਂ ਆਖਿਆ।
ਮਾਂ ਆਖ਼ਰ ਮੰਜੇ ਤੇ ਬੈਠ ਹੀ ਗਈ। ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ, ਤੁਰਨ ਨਾਲ ਪਸੀਨਾ ਖ਼ੂਬ ਆ ਗਿਆ ਸੀ, ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਲਈ ਪਿੰਡਾ ਕਾਫ਼ੀ ਤੱਤਾ ਸੀ। ‘‘ਜਾ ਨੀ ਮਹਿੰਗੀਏ, ਕਿਤੋਂ ਦੁੱਧ ਲਿਆ।’’ ਉਸ ਨੋਂਹ ਨੂੰ ਆਖਿਆ।
ਜਦੋਂ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ ਕੁਝ ਓਪਰਾ ਓਪਰਾ ਜਾਣਨ ਲੱਗ ਪਈ ਸੀ; ਭਾਵੇਂ ਬਾਰੂ ਦੀ ਮਿਹਨਤ ਨਾਲ ਉਸ ਦੇ ਆਪਣੇ ਬੱਚੇ ਪਲਦੇ ਸਨ। ਆਖਣ ਲੱਗੀ, ‘‘ਕਿੱਥੋਂ ਦੁੱਧ ਲਿਆਵਾਂ, ਸਾੜਾਂ? ਪੈਸੇ ਬਿਨਾਂ ਕੁਝ ਏਸ ਦੇਸ਼ ਮਿਲਦਾ ਏ?’’
‘‘ਜਾ, ਨੀ, ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ।’’
ਏਨੇ ਨੂੰ ਬਾਰੂ ਦਾ ਭਰਾ ਆ ਗਿਆ। ਬਾਰੂ ਨੂੰ ਦੇਖਿਆ। ‘‘ਚੰਗਾ ਹੋਇਆ ਆ ਗਿਆ ਏ।’’ ਉਸ ਆਖਿਆ, ‘‘ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ?’’
‘‘ਆਹ ਲੈ, ਦੱੁਧ ਲੈ ਆ,’’ ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆਂ ਕਿਹਾ। ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵਾਂਦੀ ਬੈਠ ਗਿਆ ਤੇ ਮਾਂ ਨੂੰ ਕਹਿਣ ਲੱਗਾ, ‘‘ਕੁਲ ਪੰਦਰਾਂ ਆਨੇ ਬਣੇ ਨੇ ਅੱਜ।’’
ਬਾਰੂ ਦਾ ਬੁਖ਼ਾਰ ਹੁਣ ਉਤਰ ਰਿਹਾਂ ਸੀ।
‘‘ਮੈਂ, ਭਰਾ, ਹੁਣੇ ਬਾਗ਼ ਨੂੰ ਚਲਾ ਜਾਂ ਗਾ, ਮੈਥੋਂ ਭੁੱਲ ਹੋ ਗਈ ਏ।’’
ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ। ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਾ ਗਿਆ। ਦਾਲ ਜੋਗਾ ਕੋਈ ਪੈਸਾ ਨਾ ਬਚਿਆ। ਮਿੱਸੀਆਂ ਰੋਟੀਆਂ ਪਾਣੀ ਨਾਲ ਸੰਘੋਂ ਥਲੇ ਲੰਘਾਈਆਂ ਗਈਆਂ। ਹਾਂ, ਬਾਰੂ ਨੂੰ ਬਦੋ-ਬਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ। ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤੀਂ ਜਦ ਉਹ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸ ਨੂੰ ਭੁਆਂਟਣੀ ਆ ਗਈ। ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਵੱਲ ਵੇਖਦਾ ਰਿਹਾ, ਜੋ ਖ਼ਬਰੇ ਆਪਣੀ ਚੁੱਪ ਬੋਲੀ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ। ਆਰੀਆ ਸੱਭਿਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤ-ਵੰਡ ਤੇ ਜਾਤ-ਵੰਡ ਵਿੱਚ ਵਿਚਾਰੇ ਸ਼ੂਦਰ ਇੱਕ ਅਤਿਅੰਤ ਦੁਖ-ਭਰੀ ਕਹਾਣੀ ਸਨ। ਇਸ ਨੂੰ ਉਹ ਸਦਾ ਤੋਂ ਹਿੰਦ ਵਿੱਚ ਵੇਖਦੇ ਆਏ ਸਨ। ਹੋਰਨਾਂ ਦੇਸ਼ਾਂ ਵਿੱਚ ਅਮੀਰ ਤੇ ਗ਼ਰੀਬ ਦੀਆਂ ਦੋ ਜਮਾਤਾਂ ਸਨ, ਪਰ ਹਿੰਦ ਵਿੱਚ ਹਜ਼ਾਰਾਂ ਜਮਾਤ-ਬੰਦੀਆਂ ਸਨ ਅਤੇ ਚੂੜ੍ਹੇ ਤੇ ਚਮਾਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ। ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ, ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ-ਕਥਾ। ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ। ਮੂਰਖ! ਦੇਵ ਬਾਣੀ ਸੁਣਨ ਦਾ ਹੀਆ ਕਰਦੇ ਸਨ। ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ ਪਰ ਵਿਚਾਰੇ ਅਛੂਤ, ਜਿਨ੍ਹਾਂ ਨੂੰ ਉਸ ਚੁੱਕਣ ਦਾ ਅਵਾਜ਼ਾ ਲਾਇਆ, ਉਹ ਹੋਰ ਡੂੰਘੇ ਟੋਏ ਵਿੱਚ ਘਤੇ ਗਏ। ਰਵਿਦਾਸ ਚੁਮਾਰ ਜਿਸ ਦੇ ਬਜ਼ੁਰਗ ਢੋਰ ਢੋਇਆ ਕਰਦੇ ਸਨ ‘ਰਾਮ ਨਾਮ’ ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸ ਦੇ ਭਰਾ-ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਦੇ ਵਹਿਣਾਂ ਵਿੱਚ ਡੁੱਬ ਮੋਏ। ਕਬੀਰ ਜੀ ਦੇ ‘ਤੁਮ ਕਤ ਬਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ’ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟਵੀਂ ਦਲੀਲ ਨਾ ਦਿਸੀ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਨੇ ਛੂਤ-ਅਛੂਤ ਸਾਰਿਆਂ ਨੂੰ ਇੱਕੋ ਅੰਮਿ੍ਰਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜੀਊਂਦੀ ਰਹੀ। ਗਾਂਧੀ ਨੇ ਅਛੂਤਾਂ ਤੇ ਮੁਸਲਮਾਣਾਂ ਦੇ ਜੋੜ ਨਾਲ ਹਿੰਦ ਜਾਂਦਾ ਦੇਖਿਆ ਤਾਂ ‘ਅਛੂਤ ਹਿੰਦੂ ਹੈਂ’ ਦਾ ਨਾਅਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂਹੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ। ਮੰਦਰਾਂ ਦੇ ਬੂਹੇ ਖੱੁਲ੍ਹ ਗਏ। ਕੀ ਅੱਗੇ ਕਈ ਵਾਰੀ ਬੂਹੇ ਖੁਲ੍ਹ ਕੇ ਬੰਦ ਨਹੀਂ ਹੋਏ ਸਨ? ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜ੍ਹਾ ਜਾਂ ਚਮਾਰ ਨਹੀਂ? ਜੇ ਉਹ ਸਿੱਖ ਬਣੇ ਤਾਂ ‘ਚੌਥੇ ਪੌੜੇ’ ਦੇ ਹੋ ਗਏ, ਜੇ ਉਹ ਆਰੀਆ ਸਮਾਜੀ ਬਣੇ ਤਾਂ ‘ਮਹਾਸ਼ੇ’ ਹੈ ਗਏ, ਜੇ ਕਿ੍ਰਸਤਾਨੀ ਬਣੇ ਤਾਂ ‘ਹਸਾਈ’ ਹੋ ਗਏ। ਬਣਿਆ ਕੀ ਉਨ੍ਹਾਂ ਦਾ? ਚੌਥੇ ਪੌੜੇ, ਮਹਾਸ਼ੇ, ਹਸਾਈ ਤੇ ਹਰੀਜਨ ਕਹਿਣ ਨਾਲ ਉਨ੍ਹਾਂ ਦਾ ਜੀਵਨ-ਪੱਧਰ ਤੇ ਉੱਚਾ ਨਹੀਂ ਹੋਇਆ। ਗਾਲਾਂ ਦੀ ਈਜਾਦ ਹਰੀਜਨਾਂ ਲਈ ਹੀ ਤਾਂ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀਆਂ ਤਿੰਨ ਚੁਥਾਈ ਗਾਲਾਂ ਦਾ ਉਹ ਹੱਕਦਾਰ ਹੈ। ਉਸ ਦੀ ਧੀ ਕਿਸੇ ਦੀ ਧੀ ਨਹੀਂ, ਉਸ ਦੀ ਭੈਣ ਕਿਸੇ ਦੀ ਭੈਣ ਨਹੀਂ। ਵਗਾਰ ਉਸ ਦਾ ਜਮਾਂਦਰੂ ਹੱਕ ਹੈ। ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਵਿੱਚ ਕੁਲੀ ਪਾਉਣ ਦਾ ਵੀ ਹੱਕ ਨਹੀਂ! ਹਰੀਜਨ! ਹਾ….ਹਾ….. ਹਾ।’ ਜਿਵੇਂ ਤਾਰੇ ਖਿੜ ਖਿੜਾ ਕੇ ਹੱਸ ਪਏ! ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ? ਉਨ੍ਹਾਂ ਦੇ ਹਰੀਜਨਾਂ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤ੍ਰੇਲ ਕਿਹਾ, ਕਵੀਆਂ ਨੇ ਉਨ੍ਹਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ। ਕਿੰਨੀ ਦੁਖ-ਰੂਪ ਸੀ ਇਹ ਕਹਾਣੀ! ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ, ਸੱੁਤੀ ਭਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀ ਸੂਖਮ ਅਵਾਜ਼ ਨੂੰ ਸੁਣਦੇ, ਬਾਰੂ ਨੂੰ ਵੀ ਕੁਝ ਪਤਾ ਨਾ ਲੱਗਾ।
ਤੜਕਸਾਰ ਉਹ ਆਪਣਾ ਬਿਸਤਰਾ ਕਛੇ ਮਾਰ ਕੇ ਬਾਗ਼ ਵਿੱਚ ਆ ਗਿਆ। ਮਾਂ ਤੇ ਭਰਜਾਈ ਨੇ ਰਾਤੀਂ ਉਸ ਦਾ ਬੁਖ਼ਾਰ ਉਤਰਿਆ ਦੇਖਿਆ ਸੀ। ਸਮਝ ਲਿਆ, ਆਖਦਾ ਜੂ ਸੀ, ਬਾਗ਼ ਨੂੰ ਚਲਾ ਗਿਆ ਹੋਵੇਗਾ। ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲੋਂ ਪਿੰਡ ਆ ਗਿਆ। ਪਤਾ ਲੱਗਾ, ਮੁੰਡਾ ਚੰਗਾ ਭਲਾ ਹੈ ਤੇ ਬਾਗ਼ ਨੂੰ ਚਲਾ ਗਿਆ ਹੈ।
ਦਿਨ ਚੜ੍ਹੇ ਲਾਲੂ ਸ਼ਾਹ ਬਾਗ਼ ਦੀ ਕਿਸਮਤ ਦੇਖਣ ਆਇਆ ਤਾਂ ਉਸ ਬਾਰੂ ‘ਹੋਏ! ਹੋਏ! ਕਾਣਿਆ ਆਉਂਦਾ ਈ, ਆਉਂਦਾ ਈ!’’ ਕਰ ਕੇ ਤੋਤੇ ਉਡਾਂਉਦਾ ਦੇਖਿਆ। ਉਸ ਦੀ ਕਮਾਨ ਵਿੱਚੋਂ ਨਿਕਲੇ ਗੁਲੇਲੇ ਲੁਕਾਠਾਂ ਦੇ ਪੱਤਿਆਂ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ।
‘‘ਕਿਹੜਾ ਐ?’’ ਲਾਲੂ ਸ਼ਾਹ ਨੇ ਉੱਚਾ ਜਿਹਾ ਪੁੱਛਿਆ। ‘‘ਮੈਂ ਆਂ, ਬਾਰੂ।’’ ਬਾਰੂ ਨੇ ਉੱਤਰ ਦਿੱਤਾ।
ਲਾਲੇ ਨੇ ਲਾਗੇ ਜਾ ਕੇ ਪੁੱਛਿਆ, ‘‘ਆ ਗਈ ਅਕਲ ਟਿਕਾਣੇ?’’
ਪਰ ਉਂਜ ਉਹ ਬਾਗ਼ ਨੂੰ ਸਹੀ ਸਲਾਮਤ ਵੇਖ ਕੇ ਤੇ ਉਸ ਨੂੰ ਆਇਆ ਵੇਖ ਕੇ ਦਿਲੋਂ ਖ਼ੁਸ਼ ਸੀ।
‘‘ਜੀ ਹਾਂ।’’ ਬਾਰੂ ਨੇ ਕਿਹਾ, ‘‘ਕਲ ਮੈਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ।’’
‘‘ਤੇ ਹੁਣ ਉੱਤਰ ਗਿਆ ਬੁਖ਼ਾਰ?’’ ਲਾਲੇ ਨੇ ਲਾ ਕੇ ਆਖਿਆ।
ਸਿੱਧੇ ਜਹੇ ਹਰੀਜਨ ਨੇ ਉੱਤਰ ਦਿੱਤਾ ‘‘ਆਹੋ ਜੀ।’’
‘‘ਓਏ! ਤੁਹਾਡੇ ਚੂੜ੍ਹਿਆਂ ਦੀ ਮੱਤ ਈ ਟਿਕਾਣੇ ਨਹੀਂ ਹੁੰਦੀ।’’
‘‘ਆਹੋ ਜੀ, ਲਾਲਾ ਜੀ।’’ ਬਾਰੂ ਨੇ ਅਖਿਆ।
‘‘ਓਏ ਮਾਦਰ……! ਜੇ ਕਲ੍ਹ ਹੀ ਹੋਸ਼ ਕਰਦੋਂ ਤੇ……।’’
‘‘ਜੀ ਹੁਣ ਮੇਰੀ ਭਾਬੀ ਕਹਿਮਦੀ ਹੈ, ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ।’’
‘‘ਹਾ……..ਹਾ……,’’ ਲਾਲਾ ਖੁੱਲ ਕੇ ਹੱਸਿਆ। ਉਹ ਬੜੀ ਸਿਆਣੀ ਐ। ਕੱਲ੍ਹ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ?’’
‘‘ਹਾਂ, ਲਾਲਾ ਜੀ।’’
ਲਾਲਾ ਖ਼ੁਸ਼ੀ ਖ਼ੁਸ਼ੀ ਮੁੜ ਆਇਆ। ਬਾਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ। ਉਸ ਦੁਪਹਿਰਾਂ ਵੇਲੇ ਲੁਕਾਠਾਂ ਦਾ ਅੱਧਾ ਕੁ ਸੇਰ ਖਾ ਲਿਆ। ਤਿੰਨ ਵਜਦੇ ਨਾਲ ਉਸ ਨੂੰ ਬੁਖ਼ਾਰ ਚੜ੍ਹਨਾ ਸ਼ੁਰੂ ਹੋ ਗਿਆ। ਸ਼ਾਮੀਂ ਸ਼ਹਿਰੀ ਕਲਰਕਾਂ ਉਸ ਨੂੰ ਬੁਖ਼ਾਰ ਵਿੱਚ ਹੀ ਗੁਲੇਲੇ ਘੁਮਕਾਉਂਦਿਆਂ ਡਿੱਠਾ।
‘‘ਕਿਉਂ ਬਈ ਮੁੜ ਆਇਆ?’’ ਅਧਖੜ ਕਲਰਕ ਨੇ ਫਿਰ ਪੁੱਛਿਆ।
‘‘ਜੀ, ਬਾਊ ਜੀ।’’
‘‘ਬੁਖ਼ਾਰ ਦਾ ਕੀ ਹਾਲ ਈ?’’
‘‘ਜੀ, ਚੜ੍ਹਿਆ ਹੋਇਆ ਏ?’’
ਅਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੱੁਛਿਆ, ‘‘ਫੇਰ ਲੁਕਾਠਾਂ ਨੂੰ ਹੱਥ ਫੇਰਿਆ ਈ ਨਾ?’’
‘‘ਹਾਂ ਜੀ, ਸਰਦਾਰ ਜੀ, ਰੋਟੀ ਨਹੀ ਸੀ ਘਰੋਂ ਆਈ।’’
‘‘ਸਹੁਰਿਆ, ਲੁਕਾਠਾਂ ਗਰਮ ਹੁੰਦੀਆਂ ਨੇ, ਮਰਨਾ ਈ?’’ ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢਦਿਆਂ ਕਿਹਾ।
‘‘ਹੱਛਾ ਜੀ, ਨਹੀਂ ਖਾਂਦਾ।’’
ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ, ਜੋ ਚਾਰ ਦਿਨ ਹੋਏ ਉਸ ਦੇ ਸਮਝਾਣ ਤੇ ਵੀ ਬਹੁਤੇ ਕੰਮ ਦੇ ਦੁਖੋਂ ਦਫ਼ਤਰ ਵਿੱਚੋਂ ਅਸਤੀਫ਼ਾ ਦੇ ਕੇ ਚਲਾ ਗਿਆ ਸੀ। ‘‘ਬਹੁਤਾ ਪੜ੍ਹਿਆ ਹੋਇਆ ਸੀ ਨਾ,’’ ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ, ‘‘ਅਣਖ਼, ਅਣਖ਼ ਹੀ ਤਾਂ ਇਨ੍ਹਾਂ ਨੂੰ ਡੋਬਦੀ ਹੈ।’’
ਰਾਤੀਂ ਵੀ ਉਸ ਨੂੰ ਰੋਟੀ ਨਾਂ ਪਹੁੰਚੀ। ਬਾਰੂ ਦਾ ਭਰਾ ਸ਼ਹਿਰ ਚਿਰਕਾ ਗਿਆ ਸੀ ਤੇ ਖ਼ਾਲੀ ਹੀ ਮੁੜ ਆਇਆ ਸੀ। ਬਾਰੂ ਨੂੰ ਕੁਝ ਨਾ ਅਪੜਿਆ। ਰਾਤੀਂ ਉਸ ਦਾ ਬੁਖ਼ਾਰ ਤੇਜ਼ ਹੋ ਗਿਆ। ਉਹ ਜੀ ਭਿਆਣਾ ਲੇਟ ਗਿਆ। ਉਸ ਨੂੰ ਕੋਈ ਹੋਸ਼ ਨਾ ਰਹੀ। ਉਘੜਿਆ ਢਕਿਆ ਉਹ ਕੁਲੀਓਂ ਬਾਹਰ ਹੀ ਪਿਆ ਰਿਹਾ। ਰਾਤੀਂ ਚਮਗਿੱਦੜਾਂ ਦੀਆਂ ਡਾਰਾਂ ਨੇ ਬਾਗ਼ ਨੂੰ ਖ਼ੂਬ ਭੋਗ ਲਾਏ। ਬਾਰੂ ਬੇਸੁਰਤ ਸੀ, ਰਾਖੇ ਦੇ ਹੁੰਦਿਆਂ ਬਾਗ਼ ਉਜੜ ਰਿਹਾ ਸੀ।
ਬੁਖ਼ਾਰ ਬਾਰੂ ਦੇ ਸਿਰ ਨੂੰ ਚੜ੍ਹ ਰਿਹਾ ਸੀ। ਉਹ ਅਭੜਵਾਹਿਆ ਉੱਠ ਬੈਠਾ।
‘‘ਓਇ ਮੇਰਾ ਬਾਗ਼!’’ ਉਹ ਉੱਠ ਕੇ ਖੜੋ ਗਿਆ। ਕਮਾਨ ਤੇ ਥੈਲੀ ਲੱਭ ਕੇ ਉਸ ਅੰਨ੍ਹੇ ਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮਗਿੱਦੜ ਫਾੜ ਫਾੜ ਪਰ ਮਾਰਦੇ ਉੱਡ ਗਏ। ਉਹ ਕਮਜ਼ੋਰੀ ਨਾਲ ਇੱਕ ਲੁਕਾਠ ਦੇ ਮੁੱਢ ਲਾਗੇ ਬਹਿ ਗਿਆ। ਉਸ ਅੱਖਾਂ ਮੀਟ ਲਈਆਂ। ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ! ਅਚਾਨਕ ਉਹ ਚੀਕ ਉੱਠਿਆ, ‘‘ਗਾਲਾਂ ਨਾਲ ਕਿਹੜੀ ਲੱਤ ਭੱਜ ਜਾਂਦੀ ਐ? ਲਾਲਾ ਜੀ, ਹੋਰ ਗਾਲ੍ਹਾਂ ਕੱਢੋ ਮੇਰੀ ਮਾਂ ਨੂੰ, ਮੇਰੀ ਭਰ……।’’ ਤੇ ਫੇਰ ਉਹ ਗੁੰਮ ਹੋ ਗਿਆ।
‘‘ਮੈਂ ਮਾਰ ਸੁੱਟੂੰਗਾ, ਉਇ ਮੈਂ ਮਾਰ ਸੁੱਟੂੰਗਾ। ਮੇਰਾ ਨਾਂ ਬਾਰੂ ਹੈ, ਬਾਰੂ!’’ ਫੇਰ ਚੁੱਪ ਛਾ ਗਈ।
ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ ਤਾਂ ਬਾਗ਼ ਵਿੱਚ ਕਾਫ਼ੀ ਬੰਦੇ ਸਨ। ਕਿਸੇ ਨੇ ਕਿਹਾ, ‘‘ਪੁਲਿਸ ਨੂੰ ਖ਼ਬਰ ਕਰੋ। ਡਾਕੂਆਂ ਦਾ ਕੰਮ ਐ ਜੀ।’’
ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ। ਪਰ੍ਹੇ ਦੂਰ ਜਾ ਕੇ ਅਧਖੜ ਕਲਰਕ ਨੂੰ ਕਿਹਾ, ‘‘ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ।’’
ਬਾਰੂ ਦੀ ਭਰਜਾਈ ਛਾਹ ਵੇਲਾ ਲਈ ਆਉਂਦੀ ਸੀ। ਬਾਗ਼ ਉਜੜ ਚੁੱਕਾ ਸੀ। ਚਮਗਿੱਦੜ ਉੱਡ ਗਏ ਸਨ। ਡਾਕੂ ਦਾ ਕਿਸੇ ਨੂੰ ਪਤਾ ਨਹੀਂ ਜੋ ਅਰਾਮ ਨਾਲ ਘਰ ਸੁੱਤਾ ਹੋਇਆ ਸੀ।
-ਪਿ੍ਸੀਪਲ ਸੁਜਾਨ ਸਿੰਘ






